ਲਗਾਤਾਰ ਵੱਧ ਰਿਹਾ ਹੈ ਕੋਠੀ ਮਾਲਕਾਂ ਵੱਲੋਂ ਜੰਗਲੇ ਲਾ ਕੇ ਕਬਜੇ ਕਰਨ ਦਾ ਰੁਝਾਨ

ਲਗਾਤਾਰ ਵੱਧ ਰਿਹਾ ਹੈ ਕੋਠੀ ਮਾਲਕਾਂ ਵੱਲੋਂ ਜੰਗਲੇ ਲਾ ਕੇ ਕਬਜੇ ਕਰਨ ਦਾ ਰੁਝਾਨ

ਜਨਤਕ ਪਾਰਕਾਂ ਅਤੇ ਫੁਟਪਾਥਾਂ ਤੱਕ ਤੇ ਹੋ ਰਹੇ ਹਨ ਕਬਜੇ
ਨਿਗਮ ਵੱਲੋਂ ਕਾਰਵਾਈ ਕਰਨ ਦੀ ਤਿਆਰੀ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 11 ਨਵੰਬਰ

ਪਿਛਲੇ ਕੁੱਝ ਸਮੇਂ ਦੌਰਾਨ ਸ਼ਹਿਰ ਵਿੱਚ ਕੋਠੀ ਮਾਲਕਾਂ (ਖਾਸ ਕਰਕੇ ਕੋਨੇ ਦੇ ਮਕਾਨਾਂ ਵਾਲਿਆਂ) ਵੱਲੋਂ ਆਪਣੇ ਘਰ ਦੇ ਨਾਲ ਲੱਗਦੇ ਜਨਤਕ ਪਾਰਕਾਂ ਜਾਂ ਕੋਨੇ ਵਾਲੀ ਥਾਂ ਤੋਂ ਬਾਅਦ ਸੜਕ ਕਿਨਾਰੇ ਬਣੇ ਫੁਟਪਾਥਾਂ ਦੇ ਬਾਹਰਵਾਰ ਜੰਗਲੇ, ਵਾੜ ਜਾਂ ਅਜਿਹੀ ਕੋਈ ਹੋਰ ਰੁਕਾਵਟ ਲਗਾ ਕੇ ਕਬਜੇ ਕਰਨ ਦਾ ਰੁਝਾਨ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ| ਕੋਨੇ ਦੇ ਮਕਾਨਾਂ ਦੇ ਇਹਨਾਂ ਮਾਲਕਾਂ ਵੱਲੋਂ ਆਪਣੇ ਘਰ ਦੇ ਨਾਲ ਲੱਗਦੀ ਇਸ ਥਾਂ ਨੂੰ ਆਪਣੀ ਨਿੱਜੀ ਵਰਤੋਂ ਲਈ ਲਿਆਇਆ ਹੀ ਜਾਂਦਾ ਹੈ| ਕਈ ਤਾਂ ਅਜਿਹੇ ਹਨ ਜਿਨ੍ਹਾਂ ਵੱਲੋਂ ਬਾਕਾਇਦਾ ਗੇਟ ਲਗਾ ਕੇ ਅਤੇ ਸ਼ੈਡ ਆਦਿ ਪਾ ਕੇ ਪੱਕੇ ਕਬਜੇ ਕਰ ਲਏ ਗਏ ਹਨ|
ਸ਼ਹਿਰ ਵਿੱਚ ਕੋਨੇ ਦੇ ਮਕਾਨ ਮਾਲਕਾਂ ਨੂੰ ਆਪਣੇ ਘਰ ਦੇ ਨਾਲ ਲੱਗਦੀ ਥਾਂ ਨਿਜੀ ਵਰਤੋਂ ਵਿੱਚ ਲਿਆਉਣ ਦੀ ਇਜਾਜਤ ਹੁੰਦੀ ਹੈ ਜਿੱਥੇ ਉਹ ਵਾੜ ਆਦਿ ਲਗਾ ਕੇ ਕਿਆਰੀਆਂ ਵੀ ਬਣਾ ਸਕਦੇ ਹਨ ਪਰੰਤੂ ਇਹ ਇਜਾਜਤ ਉੱਨੀ ਕੁ ਥਾਂ ਲਈ ਹੀ ਹੁੰਦੀ ਹੈ ਜਿਸ ਨੂੰ ਸਰਕਾਰੀ ਵਰਤੋਂ ਵਿੱਚ ਨਾ ਲਿਆਂਦਾ ਜਾ ਰਿਹਾ ਹੋਵੇ| ਜਿਵੇਂ  ਜੇਕਰ ਕਿਸੇ ਕੋਨੇ ਵਾਲੇ ਮਕਾਨ ਦੇ ਨਾਲ ਲੱਗਦੀ (ਕਾਰਨਰ ਦੀ ਥਾਂ ਛੱਡਣ ਤੋਂ ਬਾਅਦ ) ਥਾਂ ਤੇ ਪਾਰਕ ਹੋਵੇ ਜਾਂ ਸੜਕ ਕਿਨਾਰੇ ਫੁਟਪਾਥਾਂ ਦੀ ਉਸਾਰੀ ਕੀਤੀ ਗਈ ਹੋਵੇ ਤਾਂ ਉਸ ਥਾਂ ਤੇ ਮਕਾਨ ਮਾਲਕ ਵੱਲੋਂ ਜੰਗਲੇ ਆਦਿ ਲਗਾ ਕੇ ਕਬਜਾ ਨਹੀਂ ਕੀਤਾ ਜਾ ਸਕਦਾ| ਇਸੇ ਤਰ੍ਹਾਂ ਮਕਾਨ ਦੇ ਸਾਮ੍ਹਣੇ ਪੈਂਦੀ ਥਾਂ (ਸੜਕ ਦੇ ਕਿਨਾਰੇ ਲੱਗਦੀ) ਤੇ ਵੀ ਕੋਈ ਪੱਕਾ ਢਾਂਚਾ ਜਾਂ ਜੰਗਲਾ ਆਦਿ ਲਗਾ ਕੇ ਕਬਜਾ ਨਹੀਂ ਜਾ ਸਕਦਾ ਪਰੰਤੂ ਸ਼ਹਿਰ ਵਿੱਚ ਅਜਿਹੇ ਕਬਜੇ ਪੂਰੀ ਤਰ੍ਹਾਂ ਆਮ ਹੋ ਚੁੱਕੇ ਹਨ|
ਇਸੇ ਤਰ੍ਹਾਂ ਸ਼ਹਿਰ ਵਿੱਚ ਵੱਖ- ਵੱਖ ਫੇਜ਼ਾਂ ਵਿੱਚ ਪਾਰਕਾਂ ਦੀ ਖਾਲੀ ਥਾਂ ਜਾਂ ਸੜਕ ਕਿਨਾਰੇ ਪੈਂਦੀ ਖਾਲੀ ਥਾਂ ਤੇ ਝੁੱਗੀਆਂ ਪਾ ਕੇ ਕੀਤੇ ਗਏ ਧੋਬੀਆਂ ਦੇ ਕਬਜੇ ਵੀ ਆਮ ਹਨ| ਇਹ ਧੋਬੀ ਨਾਲ ਲੱਗਦੇ ਮਕਾਨ ਵਾਲੇ ਤੋਂ ਬਿਜਲੀ ਦੀ ਤਾਰ ਤੇ ਕਨੈਕਸ਼ਨ ਲੈ ਲੈਂਦੇ ਹਨ ਅਤੇ ਇਹਨਾਂ ਦੀ ਰਿਹਾਇਸ਼ ਵੀ ਇਸ ਝੁੱਗੀ ਵਿੱਚ ਹੀ ਹੁੰਦੀ ਹੈ|
ਸਥਾਨਕ ਫੇਜ਼-7 ਵਿੱਚ ਅਜਿਹੇ ਹੀ ਇਕ ਮਕਾਨ ਮਾਲਕ ਵਲੋਂ ਕੋਠੀ ਦੇ ਨਾਲ ਲੱਗਦੀ ਪਾਰਕ ਦੀ ਥਾਂ ਤੇ ਬਾਕਾਇਦਾ ਗੇਟ ਲਗਵਾ ਕੇ ਕੀਤੇ ਗਏ ਕਬਜੇ ਨੂੰ ਅੱਜ ਲੋਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੌਂਸਲਰ ਸੈਂਹਬੀ ਆਨੰਦ ਵਲੋਂ ਮਕਾਨ ਮਾਲਕ ਨਾਲ ਗੱਲ ਕਰਵਾ ਕੇ ਤੁੜਵਾਇਆ ਗਿਆ| ਸ੍ਰੀ ਸੈਂਹਬੀ ਨੇ ਦੱਸਿਆ ਕਿ ਇਸ ਥਾਂ ਤੇ ਪਾਰਕ ਦੀ ਥਾਂ ਨੂੰ ਉਕਤ ਮਕਾਨ ਮਾਲਿਕ ਵਲੋਂ ਬਾਕਾਇਦਾ ਗੇਟ ਲਗਾ ਕੇ ਕਬਜਾ ਕੀਤਾ ਹੋਇਆ ਸੀ ਅਤੇ ਉਸਦਾ ਕਹਿਣਾ ਸੀ ਕਿ ਮੁੱਖ ਸੜਕ ਦੇ ਨਾਲ ਪੈਂਦੀ ਇਸ ਥਾਂ ਨੂੰ ਆਮ ਲੋਕ ਰਸਤੇ ਵਜੋਂ ਵਰਤਦੇ ਸਨ ਅਤੇ ਇੱਥੇ ਕੂੜਾ ਵੀ ਸੁੱਟ ਦਿੰਦੇ ਸਨ| ਕਈ ਵਾਰ ਲੋਕ ਇੱਥੇ ਪਿਸ਼ਾਬ ਵੀ ਕਰ ਜਾਂਦੇ ਸਨ ਜਿਸ ਕਾਰਨ ਉਹਨਾਂ ਨੇ ਇਸ ਥਾਂ ਤੇ ਗੇਟ ਲਗਾ ਕੇ ਤਾਲਾ ਲਗਾ ਦਿੱਤਾ| ਉਹਨਾਂ ਦੱਸਿਆ ਕਿ ਉਹਨਾਂ ਵਲੋਂ ਮਕਾਨ ਮਾਲਕ ਨੂੰ ਇਹ ਭਰੋਸਾ  ਦੇਣ ਤੇ ਨਿਗਮ ਵਲੋਂ ਇਸ ਥਾਂ ਨੂੰ ਸਾਫ ਸੁਥਰਾ ਰੱਖਿਆ ਜਾਵੇਗਾ ਅਤੇ ਵਧੀਆ ਢੰਗ ਨਾਲ ਵਿਕਸਿਤ ਕਰਵਾਇਆ ਜਾਵੇਗਾ ਮਕਾਨ ਮਾਲਕ ਕਬਜਾ ਹਟਾਉਣ ਅਤੇ ਗੇਟ ਤੁੜਵਾਉਣ ਲਈ ਸਹਿਮਤ ਹੋ ਗਿਆ|
ਫੇਜ਼- 3 ਬੀ-1 ਵਿੱਚ ਵੀ ਇਕ ਮਕਾਨ ਮਾਲਕ ਵਲੋਂ ਆਪਣੇ ਘਰ ਦੇ ਕਿਨਾਰੇ ਤੇ ਪੈਂਦੀ ਸੜਕ ਦੇ ਕਰਵ ਚੈਨਲ ਤੋਂ ਹੀ ਜੰਗਲਾ ਲਗਾ ਕੇ ਕਬਜਾ ਕੀਤਾ ਗਿਆ ਹੈ| ਜੰਗਲਾ ਘੁੰਮ  ਕੇ ਮਕਾਨ ਦੇ ਸਾਹਮਣੇ ਤਕ ਜਾਂਦਾ ਹੈ ਅਤੇ ਇੱਥੇ ਸੜਕ ਕਿਨਾਰੇ ਪੈਂਦੇ ਫੁੱਟਪਾਥ ਦੀ ਥਾਂ ਵੀ ਇਸ ਜੰਗਲੇ ਦੇ ਅੰਦਰ ਹੀ ਲੈ ਲਈ ਗਈ ਹੈ| ਹੋਰ ਤਾਂ ਹੋਰ ਗਮਾਡਾ ਵਲੋਂ ਮਕਾਨਾਂ ਦੇ ਨੰਬਰਾਂ ਦੀ ਜਾਣਕਾਰੀ ਲਈ ਕੋਨੇ ਤੇ ਲਗਾਇਆ ਗਿਆ ਬੋਰਡ ਵੀ ਇਸ ਜੰਗਲੇ ਦੇ ਅੰਦਰ ਲੈ ਲਿਆ ਗਿਆ ਹੈ|
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਵਲੋਂ ਇਸ ਸਬੰਧੀ ਕਬਜਾ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਨਿਗਮ ਵਲੋਂ ਆਉਣ ਵਾਲੇ ਸਮੇਂ ਦੌਰਾਨ ਇਹਨਾਂ ਕਬਜਿਆਂ ਨੂੰ ਹਟਾਉਣ ਲਈ ਕਾਰਵਾਈ ਕਰਕੇ ਪਾਰਕਾਂ ਜਾਂ ਫੁਟਪਾਥਾਂ ਦੀ ਥਾਂ ਤੇ ਹੋਏ ਅਜਿਹੇ ਤਮਾਮ ਕਬਜੇ ਦੂਰ ਕਰਵਾਏ ਜਾਣਗੇ| ਉਹਨਾਂ ਮੰਨਿਆ ਕਿ ਪਿਛਲੇ ਸਮੇਂ ਦੌਰਾਨ ਇਸ ਸਬੰਧੀ ਸ਼ਿਕਾਇਤਾਂ ਵਿੱਚ ਵਾਧਾ ਹੋਇਆ ਹੈ ਅਤੇ ਇਸ ਸਬੰਧੀ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *