ਲਵ ਜੇਹਾਦ ਦੇ ਮਾਮਲਿਆਂ ਤੇ ਪੁਲੀਸ ਤੁਰੰਤ ਕਰੇ ਕਾਰਵਾਈ : ਯੋਗੀ

ਲਖਨਊ, 29 ਅਗਸਤ (ਸ.ਬ.) ਉੱਤਰ ਪ੍ਰਦੇਸ਼ ਵਿੱਚ ‘ਲਵ ਜੇਹਾਦ’ ਦੇ ਵੱਧਦੇ ਕੇਸਾਂ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਖਤ ਰਵੱਈਆ ਅਪਣਾਇਆ ਹੈ| ਯੋਗੀ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਯੋਜਨਾ ਬਣਾ ਕੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ| ਯੋਗੀ ਸਰਕਾਰ ਨੇ ਪੁਲੀਸ ਅਤੇ ਗ੍ਰਹਿ ਮਹਿਕਮੇ ਦੇ ਅਫ਼ਸਰਾਂ ਨੂੰ ਕਿਹਾ ਹੈ ਕਿ ਜਿੱਥੇ ਵੀ ਕੁੜੀਆਂ ਨੂੰ ਧੋਖੇ ਵਿੱਚ ਰੱਖ ਕੇ ਵਿਆਹ ਕਰਨ ਅਤੇ ਉਸ ਤੋਂ ਬਾਅਦ ਸ਼ੋਸ਼ਣ ਕਰਨ ਦੇ ਮਾਮਲੇ ਦੀ ਜਾਣਕਾਰੀ ਮਿਲੇ, ਤਾਂ ਪੁਲੀਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ| 
ਜਿਕਰਯੋਗ ਹੈ ਕਿ ਹਾਲ ਹੀ ਵਿੱਚ ਮੇਰਠ, ਕਾਨਪੁਰ ਅਤੇ ਲਖੀਮਪੁਰ ਖੀਰੀ ਵਿਚ ਕੁੜੀਆਂ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਧੋਖਾਧੜੀ ਦੇ ਕਈ ਕੇਸ ਸਾਹਮਣੇ ਆਏ ਸਨ| ਇਸ ਤੋਂ ਇਲਾਵਾ ਮੇਰਠ ਅਤੇ ਲਖੀਮਪੁਰ ਖੀਰੀ ਵਿੱਚ ਤਾਂ ਕੁੜੀਆਂ ਦਾ ਕਤਲ ਵੀ ਕਰ ਦਿੱਤਾ ਗਿਆ ਸੀ| ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਵਲੋਂ ਇਹ ਨਿਰਦੇਸ਼ ਕਾਨਪੁਰ, ਮੇਰਠ ਅਤੇ ਹਾਲ ਹੀ ਵਿੱਚ ਲਖੀਮਪੁਰ ਖੀਰੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਆਇਆ ਹੈ| ਲਖੀਮਪੁਰ ਖੀਰੀ ਦੇ ਮਾਮਲੇ ਵਿਚ ਪੁਲੀਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਕਿ ਜਨਾਨੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਨਿਕਾਹ ਕਰ ਦਿੱਤਾ ਗਿਆ| 
ਯੋਗੀ ਨੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਕੇਸਾਂ ਵਿਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ਧਰਮ ਦੀ ਆੜ ਵਿੱਚ ਔਰਤਾਂ ਤੇ ਅੱਤਿਆਚਾਰ ਨਾ ਹੋਵੇ| ਓਧਰ ਐਡੀਸ਼ਨਲ ਮੁੱਖ ਸਕੱਤਰ, ਗ੍ਰਹਿ, ਅਵਨੀਸ਼ ਅਵਸਥੀ ਨੇ ਕਿਹਾ ਕਿ ਇਹ ਇਕ ਸਮਾਜਿਕ ਮੁੱਦਾ ਹੈ| ਇਸ ਨੂੰ ਰੋਕਣ ਲਈ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ| ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ ਅਤੇ ਸਾਨੂੰ ਸਖਤ ਹੋਣਾ ਹੋਵੇਗਾ| ਅਵਸਥੀ ਨੇ ਕਿਹਾ ਕਿ ਲਵ ਜੇਹਾਦ ਨਾਲ ਜੁੜੇ ਮਾਮਲਿਆਂ ਦੀ ਫਾਸਟ ਟਰੈਕ ਕੋਰਟ ਵਿੱਚ ਸੁਣਵਾਈ ਸੰਭਵ ਹੈ, ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਮਾਮਲੇ ਅਦਾਲਤਾਂ ਵਿੱਚ ਪੈਂਡਿੰਗ ਹਨ| ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ| ਅਵਸਥੀ ਨੇ ਇਹ ਵੀ ਕਿਹਾ ਕਿ ਮੌਜੂਦਾ ਕਾਨੂੰਨ ਉੱਚਿਤ ਹੋਵੇਗਾ ਪਰ ਇਸ ਨੂੰ ਠੀਕ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ|

Leave a Reply

Your email address will not be published. Required fields are marked *