ਲਾਂਡਰਾਂ ਚੌਂਕ ਵਿੱਚ ਲੱਗਦੇ ਭਾਰੀ ਜਾਮ ਅਤੇ ਸੜਕ ਦੀ ਮਾੜੀ ਹਾਲਤ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 27 ਜੁਲਾਈ (ਸ.ਬ.) ਲਾਂਡਰਾ ਟੀ ਪੁਆਂਇੰਟ ਵਿੱਚ ਰੋਜਾਨਾ ਲੱਗਦੇ ਭਾਰੀ ਜਾਮ ਕਾਰਨ ਜਿਥੇ ਵਾਹਨ ਚਾਲਕ ਪ੍ਰੇਸ਼ਾਨ ਹੋ ਰਹੇ ਹਨ, ਉਥੇ ਹੀ ਮੁਹਾਲੀ ਲਾਂਡਰਾ ਰੋਡ ਦੀ ਟੁੱਟੀ ਹੋਈ ਹਾਲਤ ਕਾਰਨ ਅਤੇ ਇਸ ਸੜਕ ਉਪਰ ਖੜੇ ਬਰਸਾਤੀ ਗੰਦੇ ਪਾਣੀ ਅਤੇ ਹੋਏ ਚਿੱਕੜ ਕਾਰਨ ਵਾਹਨਾਂ ਦੀ ਵੀ ਕਾਫੀ ਟੁੱਟ ਭੱਜ ਹੋ ਜਾਂਦੀ ਹੈ| ਇਸ ਰਸਤੇ ਤੋਂ ਗੁਜਰਨ ਵਾਲੇ ਵੱਡੀ ਗਿਣਤੀ ਵਾਹਨ ਚਾਲਕ ਮੁੜ ਕੇ ਇਸੇ ਰਸਤੇ ਆਉਣ ਤੋਂ ਤੌਬਾ ਕਰ ਲੈਂਦੇ ਹਨ|
ਲਾਂਡਰਾ ਦੇ ਇਸ ਮੁੱਖ ਚਂੌਕ, ਜਿਸ ਨੂੰ ਟੀ ਪੁਆਂਇੰਟ ਵੀ ਕਿਹਾ ਜਾਂਦਾ ਹੈ, ਟ੍ਰੈਫਿਕ ਕੰਟਰੋਲ ਕਰਨ ਲਈ ਟ੍ਰੈਫਿਕ ਲਾਈਟਾਂ ਵੀ ਲੱਂਗੀਆਂ ਹੋਈਆਂ ਹਨ ਅਤੇ ਇਥੇ ਟ੍ਰੈਫਿਕ ਪੁਲੀਸ ਵੀ ਮੌਜੂਦ ਹੁੰਦੀ ਹੈ ਪਰ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਇਸ ਚੌਂਕ ਵਿੱਚ ਮੌਜੂਦ ਟ੍ਰੈਫਿਕ ਪੁਲੀਸ ਮੁਲਾਜਮਾਂ ਦਾ ਟ੍ਰੈਫਿਕ ਕੰਟਰੋਲ ਕਰਨ ਵੱਲ ਧਿਆਨ ਘੱਟ ਅਤੇ ਵਾਹਨਾਂ ਦੇ ਚਲਾਨ ਕਰਨ ਵੱਲ ਜਿਆਦਾ ਧਿਆਨ ਹੁੰਦਾ ਹੈ| ਇਸ ਚਂੌਕ ਵਿੱਚ ਹਰ ਰੋਜ ਸਾਰਾ ਦਿਨ ਵਾਹਨਾਂ ਦਾ ਘੜਮੱਸ ਜਿਹਾ ਪਿਆ ਰਹਿੰਦਾ ਹੈ ਅਤੇ ਚਂੌਕ ਨੂੰ ਮਿਲਦੀਆਂ ਸਾਰੀਆਂ ਸੜਕਾਂ ਉਪਰ ਦੂਰ ਦੂਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ|
ਜਦੋਂ ਤੋਂ ਬਨੂੰੜ ਨੇੜੇ ਟੋਲ ਟੈਕਸ ਬੈਰੀਅਰ ਚਾਲੂ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਮੁਹਾਲੀ ਲਾਂਡਰਾ ਬਨੂੰੜ ਜਾਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ| ਜਿਹੜੇ ਵਾਹਨ ਚਾਲਕ ਪਹਿਲਾਂ ਮੁਹਾਲੀ ਤੋਂ ਵਾਇਆ ਏਅਰਪੋਰਟ ਰੋਡ ਲੰਘ ਜਾਂਦੇ ਸਨ ਹੁਣ ਉਹ ਵਾਹਨ ਚਾਲਕ ਵੀ ਬਨੂੰੜ ਵਾਲਾ ਟੋਲ ਟੈਕਸ ਬਚਾਉਣ ਲਈ ਵਾਇਆ ਲਾਂਡਰਾ ਜਾਣ ਲੱਗ ਪਏ ਹਨ, ਜਿਸ ਕਾਰਨ ਇਸ ਸੜਕ ਉਪਰ ਵਾਹਨਾਂ ਦੀ ਹਰ ਸਮੇਂ ਹੀ ਭੀੜ ਵੇਖਣ ਨੂੰ ਮਿਲਦੀ ਹੈ|
ਲਾਂਡਰਾ ਦੇ ਮੁੱਖ ਚਂੌਕ ਅਤੇ ਮੁਹਾਲੀ -ਲਾਂਡਰਾਂ ਮੁੱਖ ਸੜਕ ਦੀ ਹਾਲਤ ਏਨੀ ਜਿਆਦਾ ਖਰਾਬ ਹੈ, ਕਿ ਵਾਹਨਾਂ ਵਿੱਚ ਬੈਠੇ ਲੋਕਾਂ ਦੇ ਹੱਥ ਮੂੰਹ ਫੁੱਟ ਜਾਂਦੇ ਹਨ| ਇਸ ਸੜਕ ਦੇ ਵਿੱਚ ਪਏ ਹੋਏ ਵੱਡੇ ਵੱਡੇ ਖਡਿਆਂ ਵਿੱਚ ਜਦੋਂ ਵਾਹਨਾਂ ਦੇ ਟਾਇਰ ਇੱਕ ਦਮ ਪੈਂਦੇ ਹਨ ਤਾਂ ਵਾਹਨਾਂ ਵਿੱਚ ਬੈਠੇ ਬੱਚੇ ਡਰ ਨਾਲ ਰੋਣ ਲੱਗ ਜਾਂਦੇ ਹਨ ਅਤੇ ਵੱਡੇ ਲੋਕਾਂ ਦੇ ਵੀ ਦਿਲ ਦਹਿਲ ਜਾਂਦੇ ਹਨ| ਇਸ ਸੜਕ ਉਪਰ ਪਿਛਲੇ ਕਈ ਦਿਨਾਂ ਤੋਂ ਬਰਸਾਤੀ ਗੰਦਾ ਪਾਣੀ ਖੜਾ ਹੈ, ਜਿਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ| ਇਸ ਸੜਕ ਉਪਰ ਅਤੇ ਇਸ ਸੜਕ ਦੇ ਕਿਨਾਰਿਆ ਉਪਰ ਹਰ ਪਾਸੇ ਚਿੱਕੜ ਹੀ ਚਿੱਕੜ ਹੋਇਆ ਪਿਆ ਹੈ, ਜਿਸ ਕਾਰਨ ਕਈ ਵਾਹਨ ਇਸ ਚਿੱਕੜ ਵਿਚ ਫਸ ਜਾਂਦੇ ਹਨ ਅਤੇ ਕਈ ਵਾਹਨ ਇਸ ਚਿਕੜ ਵਿੱਚ ਫਿਸਲਣ ਕਰਕੇ ਕਿਸੇ ਹਰ ਵਾਹਨ ਨਾਲ ਟਕਰਾਅ ਜਾਂਦੇ ਹਨ|
ਇਸ ਸੜਕ ਉਪਰ ਰੋਜਾਨਾ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੁਹਾਲੀ ਲਾਂਡਰਾ ਰੋਡ ਅਤੇ ਲਾਂਡਰਾ ਚਂੌਕ ਦਾ ਕੋਈ ਵਾਲੀ ਵਾਰਸ ਹੀ ਨਾ ਹੋਵੇ| ਪਤਾ ਨਹੀਂ ਕਿਉਂ ਇਲਾਕੇ ਦੇ ਮੰਤਰੀ ਸਾਹਿਬ ਦਾ ਧਿਆਨ ਵੀ ਇਸ ਸੜਕ ਅਤੇ ਜਾਮ ਵੱਲ ਨਹੀਂ ਜਾ ਰਿਹਾ| ਭਾਵੇਂ ਕਿ ਕਦੇ ਕਦੇ ਪ੍ਰਸ਼ਾਸਨ ਵਲੋਂ ਲਾਂਡਰਾ ਚੌਂਕ ਵਿੱਚ ਲੱਗਦੇ ਜਾਮ ਦੀ ਸਮੱਸਿਆ ਨੂੰ ਹਲ ਕਰਨ ਲਈ ਯਤਨ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਹਾਲਤ ਇਹ ਹੈ ਕਿ ਇਹ ਚਂੌਕ ਵਿੱਚ ਸਾਰਾ ਦਿਨ ਵਾਹਨਾਂ ਦਾ ਭਾਰੀ ਜਾਮ ਲਗਿਆ ਰਹਿੰਦਾ ਹੈ| ਸੜਕ ਵਿੱਚ ਵੱਡੇ ਵੱਡੇ ਟੋਏ ਪਏ ਹੋਣ ਕਰਕੇ ਬੱਸਾਂ ਅਤੇ ਟਰੱਕ ਤਾਂ ਇਸ ਸੜਕ ਤੋਂ ਟੇਡੇ ਜਿਹੇ ਹੋ ਕੇ ਹੀ ਲੰਘਦੇ ਹਨ, ਜਿਹਨਾਂ ਦੇ ਉਲਟਣ ਦਾ ਖਤਰਾ ਹਰ ਸਮੇਂ ਹੀ ਬਣਿਆ ਰਹਿੰਦਾ ਹੈ|
ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਮੁਹਾਲੀ ਲਾਂਡਰਾ ਸੜਕ ਅਤੇ ਲਾਂਡਰਾ ਚੌਂਕ ਵਿੱਚ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੋਵੇ| ਉਹਨਾਂ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਵਿੱਚ ਜਲਦੀ ਤੋਂ ਜਲਦੀ ਸੁਧਾਰ ਕੀਤਾ ਜਾਵੇ ਅਤੇ ਲਾਂਡਰਾ ਚੌਂਕ ਵਿੱਚ ਲਗਦੇ ਜਾਮ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ|

Leave a Reply

Your email address will not be published. Required fields are marked *