ਲਾਕਡਾਊਨ ਤੋਂ ਬਾਅਦ ਪੂਰਨ ਸੁਰੱਖਿਆ ਪ੍ਰਬੰਧਾਂ ਨਾਲ ਖੁਲ੍ਹਿਆ ਸੰਤ ਈਸ਼ਰ ਸਿੰਘ ਪਬਲਿਕ ਸਕੂਲ
ਐਸ. ਏ. ਐਸ. ਨਗਰ, 3 ਫਰਵਰੀ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ -7 ਮੁਹਾਲੀ ਵਿੱਚ ਅੱਜ ਵਿਦਿਆਰਥੀਆਂ ਦੇ ਸਕੂਲ ਆਉਣ ਤੇ ਫਿਰ ਤੋਂ ਚਹਿਲ-ਪਹਿਲ ਦਿਖਾਈ ਦਿੱਤੀ। ਕੋਰੋਨਾ ਕਾਲ ਤੋਂ ਬਾਅਦ ਅੱਜ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਸਕੂਲ ਖੋਲ੍ਹਿਆ ਗਿਆ ਹੈ। ਸਕੂਲ ਖੋਲ੍ਹਣ ਤੋਂ ਪਹਿਲਾਂ ਫਰਨੀਚਰ, ਲੈਬ, ਕਲਾਸ ਰੂਮ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਵਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਬੱਚੇ ਆਪਣੇ ਮਾਤਾ-ਪਿਤਾ ਦੀ ਮਨਜੂਰੀ ਨੂੰ ਧਿਆਨ ਵਿੱਚ ਰੱਖਕੇ ਸਕੂਲ ਆਉਣਗੇ। ਇਸ ਦੌਰਾਨ ਸ਼ੋਸ਼ਲ-ਡਿਸਟੈਨਸਿੰਗ ਦਾ ਧਿਆਨ ਰੱਖਦਿਆਂ ਬੱਚਿਆਂ ਨੂੰ ਜਮਾਤਾਂ ਵਿੱਚ ਹੀ ਪ੍ਰਾਰਥਨਾ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਅ ਕਰਨ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ ਅਤੇ ਦੋ ਵਿਦਿਆਰਥੀਆਂ ਵਿੱਚ 6 ਫੁੱਟ ਦੀ ਦੂਰੀ ਯਕੀਨੀ ਤੌਰ ਤੇ ਬਣਾਈ ਗਈ, ਵਿਦਿਆਰਥੀਆਂ ਨੂੰ ਯੂਨੀਫਾਰਮ ਵਿੱਚ ਪੂਰੀਆਂ ਬਾਹਾਂ ਦੀ ਸ਼ਰਟ, ਫੂਲ ਪੈਂਟ, ਬੂਟ ਪਾਉਣੇ ਜਰੂਰੀ ਕੀਤੇ ਗਏ। ਜਮਾਤ ਵਿੱਚ ਮਾਸਕ ਉਤਾਰਨ ਦੀ ਮੰਜੂਰੀ ਨਹੀਂ ਦਿੱਤੀ ਗਈ। ਬੱਸ ਵਿੱਚ ਵੀ ਆਉਂਦੇ-ਜਾਂਦੇ ਸਮੇਂ ਸ਼ੋਸ਼ਲ ਡਿਸਟੈਨਸਿੰਗ ਦਾ ਧਿਆਨ ਰੱਖਿਆ ਗਿਆ।
ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਪਹਿਲਾਂ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ।
ਸਕੂਲ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਰੱਖਣ ਅਤੇ ਪੜ੍ਹਾਈ ਵੱਲ ਧਿਆਨ ਲਗਾਉਣ ਲਈ ਪ੍ਰੇਰਿਤ ਕਰਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ।