ਲਾਕਡਾਊਨ ਦੌਰਾਨ ਵੀ ਜਾਰੀ ਰਿਹਾ ਬੱਚਿਆਂ ਦਾ ਸੈਕਸ ਸ਼ੋਸ਼ਣ
ਪਿਛਲੇ ਮਹੀਨੇ ਸੀਬੀਆਈ ਨੇ ਉੱਤਰ ਪ੍ਰਦੇਸ਼ ਦੇ ਬਾਂਦਾ ਜਿਲ੍ਹੇ ਤੋਂ ਸਿੰਚਾਈ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ ਰਾਮਭਵਨ ਨੂੰ ਬਾਲ ਸੈਕਸ ਸ਼ੋਸ਼ਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ| ਪਤਾ ਚੱਲਿਆ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਦਰਜਨਾਂ ਬੱਚਿਆਂ ਦਾ ਸੈਕਸ ਸ਼ੋਸ਼ਣ ਤਾਂ ਕਰਦਾ ਹੀ ਰਿਹਾ, ਨਾਲ ਹੀ ਉਨ੍ਹਾਂ ਦੇ ਇਤਰਾਜਯੋਗ ਵੀਡੀਓ ਅਤੇ ਫੋਟੋਆਂ ਡਾਰਕਵੈਬ ਰਾਹੀਂ ਦੁਨੀਆ ਭਰ ਵਿੱਚ ਵੇਚਦਾ ਵੀ ਰਿਹਾ| ਕੋਰੋਨਾ ਕਾਲ ਵਿੱਚ ਬੱਚਿਆਂ ਦੇ ਨਾਲ ਹੋਈ ਇਹ ਇਕਲੌਤੀ ਵਾਰਦਾਤ ਨਹੀਂ ਹੈ| ਇਸ ਵਕਫੇ ਵਿੱਚ ਇਸ ਤਰ੍ਹਾਂ ਦੇ 13244 ਮਾਮਲੇ ਦਰਜ ਹੋ ਚੁੱਕੇ ਹਨ|
ਬਾਂਦਾ ਤੋਂ ਗ੍ਰਿਫਤਾਰ ਇੰਜੀਨੀਅਰ ਨੇ ਬਾਂਦਾ ਦੇ ਨਾਲ-ਨਾਲ ਗੁਆਂਢੀ ਜਿਲ੍ਹਿਆਂ ਚਿਤਰਕੂਟ ਅਤੇ ਹਮੀਰਪੁਰ ਵਿੱਚ ਵੀ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ| ਇਸ ਦੌਰਾਨ ਉਸਨੇ 5 ਤੋਂ 16 ਸਾਲ ਦੀ ਉਮਰ ਦੇ ਲੱਗਭਗ 50 ਬੱਚਿਆਂ ਦਾ ਸੈਕਸ ਸ਼ੋਸ਼ਣ ਕੀਤਾ ਅਤੇ ਹੈਰਾਨੀ ਤਾਂ ਇਹ ਕਿ ਪੁਲੀਸ ਸੁੱਤੀ ਰਹੀ| ਦੋਸ਼ੀ ਇੰਜੀਨੀਅਰ ਸਿੰਚਾਈ ਵਿਭਾਗ ਵਿੱਚ ਸਰਕਾਰੀ ਮੁਲਾਜਮ ਹੋਣ ਦੇ ਨਾਤੇ ਨਿਸ਼ਚਿਤ ਤੌਰ ਤੇ ਠੀਕ-ਠਾਕ ਤਨਖਾਹ ਲੈ ਰਿਹਾ ਹੋਵੇਗਾ, ਪਰ ਹਵਸ ਨੇ ਉਸਨੂੰ ਇਹ ਘਿਨੌਣਾ ਕੰਮ ਕਰਨ ਲਈ ਮਜਬੂਰ ਕੀਤਾ| ਜਿਆਦਾਤਰ ਇਸੇ ਤਰ੍ਹਾਂ ਦੀ ਖਰਾਬ ਨੀਅਤ ਦੇ ਲੋਕ ਇਸ ਤਰ੍ਹਾਂ ਦੇ ਗੁਨਾਹਾਂ ਵਿੱਚ ਲੁਪਤ ਪਾਏ ਜਾਂਦੇ ਹਨ|
ਇਸ ਘਟਨਾ ਤੋਂ ਪਹਿਲਾਂ ਅਕਤੂਬਰ ਵਿੱਚ ਇਸ ਨਾਲ ਮਿਲਦਾ-ਜੁਲਦਾ ਇੱਕ ਮਾਮਲਾ ਮੁੰਬਈ ਵਿੱਚ ਸਾਹਮਣੇ ਆਇਆ, ਜਿੱਥੇ ਸੀਬੀਆਈ ਨੇ ਹਰਿਦੁਆਰ ਦੇ ਰਹਿਣ ਵਾਲੇ ਇੱਕ ਕਥਿਤ ਟੀਵੀ ਅਭਿਨੇਤਾ ਨੂੰ ਅਜਿਹਾ ਹੀ ਇੰਟਰਨੈਸ਼ਨਲ ਰੈਕੇਟ ਚਲਾਉਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ| ਉਸ ਉੱਤੇ ਇਲਜ਼ਾਮ ਹੈ ਕਿ ਉਸਨੇ 10 ਤੋਂ 16 ਸਾਲ ਦੀ ਉਮਰ ਦੇ ਲੱਗਭੱਗ ਇੱਕ ਹਜਾਰ ਬੱਚਿਆਂ ਨਾਲ ਸੰਪਰਕ ਕੀਤਾ| ਇਹਨਾਂ ਵਿੱਚ ਅਮਰੀਕਾ, ਯੂਰਪ ਅਤੇ ਦੱਖਣੀ ਏਸ਼ੀਆ ਦੇ ਬੱਚੇ ਵੀ ਸ਼ਾਮਿਲ ਸਨ| ਉਹ ਇੰਸਟਾਗ੍ਰਾਮ ਵਰਗੇ ਮਾਧਿਅਮਾਂ ਨਾਲ ਬੱਚਿਆਂ ਨਾਲ ਚੈਟ ਕਰਕੇ ਫਿਲਮਾਂ ਵਿੱਚ ਰੋਲ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਅਸ਼ਲੀਲ ਵੀਡੀਓ ਅਤੇ ਫੋਟੋਆਂ ਲੈ ਲੈਂਦਾ ਸੀ| ਇਸ ਤੋਂ ਸਿਰਫ ਕੁਝ ਘੰਟੇ ਪਹਿਲਾ ਹੀ ਸੀਬੀਆਈ ਨੇ ਦਿੱਲੀ ਤੋਂ ਵੀ ਚਾਇਲਡ ਪਾਰਨੋਗ੍ਰਾਫੀ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ| ਛਾਣ-ਬੀਣ ਵਿੱਚ ਉਸਦੇ ਟੈਲੀਗ੍ਰਾਮ ਦੇ ਕਈ ਅਕਾਉਂਟ ਅਤੇ ਗਰੁੱਪਾਂ ਦਾ ਪਤਾ ਲੱਗਿਆ, ਜਿਸਦੇ ਰਾਹੀਂ ਉਹ ਸਿਰਫ ਢਾਈ ਸੌ ਰੁਪਏ ਵਿੱਚ ਇਨ੍ਹਾਂ ਇਤਰਾਜਯੋਗ ਸਮੱਗਰੀਆਂ ਨੂੰ ਵੇਚ ਰਿਹਾ ਸੀ| ਇਸੇ ਤਰ੍ਹਾਂ ਹੀ ਕੇਰਲ ਪੁਲੀਸ ਨੇ ਲੱਗਭੱਗ ਇੱਕ ਮਹੀਨੇ ਤੱਕ ਚਲੇ ਆਪਣੇ ਆਪਰੇਸ਼ਨ ‘ਪੀ-ਹੰਟ : 20. 2’ ਰਾਹੀਂ ਅਕਤੂਬਰ ਵਿੱਚ ਸੂਬੇ ਭਰ ਤੋਂ 41 ਲੋਕਾਂ ਨੂੰ ਚਾਇਲਡ ਪਾਰਨੋਗ੍ਰਾਫੀ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਸੀ|
ਕਹਿੰਦੇ ਹਨ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ| ਸ਼ਾਇਦ ਇਹੀ ਕਾਰਨ ਹੈ ਕਿ ਲਾਕਡਾਉਨ ਦੇ ਦੌਰਾਨ ਚਾਇਲਡ ਪਾਰਨੋਗ੍ਰਾਫੀ ਦੀ ਮੰਗ ਕਾਫੀ ਵੱਧ ਗਈ| ਪਾਰਨਹਬ ਦੇ ਡੇਟਾ ਅਨੁਸਾਰ 24 ਮਾਰਚ ਤੋਂ 26 ਮਾਰਚ 2020 ਦੇ ਦੌਰਾਨ ਇਸ ਵਿੱਚ 95 ਫੀਸਦੀ ਦਾ ਉਛਾਲ ਆਇਆ| ਇੰਡੀਆ ਚਾਇਲਡ ਪ੍ਰੋਟੈਕਸ਼ਨ ਫੰਡ (ਆਈਸੀਪੀਐਫ) ਸੰਸਥਾ ਦੇ ਅਨੁਸਾਰ ਇਸ ਦੌਰਾਨ ‘ਚਾਇਲਡ ਪਾਰਨ’, ‘ਸੈਕਸੀ ਚਾਇਲਡ’ ਅਤੇ ‘ਟੀਨ ਸੈਕਸ ਵੀਡੀਓਜ’ ਖੂਬ ਸਰਚ ਕੀਤੇ ਗਏ| ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਈਰਾਨੀ ਨੇ ਬੀਤੇ ਸੰਸਦ ਸ਼ੈਸ਼ਨ ਦੌਰਾਨ ਦੱਸਿਆ ਕਿ 1 ਮਾਰਚ 2020 ਤੋਂ 18 ਸਤੰਬਰ 2020 ਤੱਕ ਚਾਇਲਡ ਪਾਰਨੋਗ੍ਰਾਫੀ ਅਤੇ ਸੈਕਸ ਸ਼ੋਸ਼ਣ ਦੇ 13244 ਮਾਮਲੇ ਦਰਜ ਕੀਤੇ ਗਏ|
ਇਸ ਪ੍ਰਕਾਰ ਐਨਸੀਆਰਬੀ ਵਲੋਂ ਜਨਵਰੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਾਕਸੋ ਐਕਟ ਦੇ ਤਹਿਤ 39827 ਮਾਮਲੇ ਦਰਜ ਕੀਤੇ ਗਏ ਮਤਲਬ ਕਿ ਹਰ ਰੋਜ ਲੱਗਭੱਗ 109 ਮਾਮਲੇ| ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 22 ਫੀਸਦੀ ਦਾ ਉਛਾਲ ਸੀ| ਚਾਇਲਡ ਪਾਰਨੋਗ੍ਰਾਫੀ ਦੇ ਮਾਮਲੇ ਵਿੱਚ ਓਡਿਸ਼ਾ 2019 ਵਿੱਚ ਲਗਾਤਾਰ ਦੇਸ਼ ਵਿੱਚ ਦੂਜੀ ਵਾਰ ਸਿਖਰ ਤੇ ਰਿਹਾ|
ਦਰਅਸਲ ਬਾਲ ਸੈਕਸ ਸ਼ੋਸ਼ਣ ਦੇ ਮਾਮਲਿਆਂ ਵਿੱਚ ਉਛਾਲ ਦੀ ਇੱਕ ਵੱਡੀ ਵਜ੍ਹਾ ਭਾਰਤ ਦਾ ਅਮਰੀਕੀ ਸੰਸਥਾ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਇਟੇਡ ਚਿਲਡਰਨ (ਐਨਸੀਐਮਈਸੀ) ਦੇ ਨਾਲ ਪਿਛਲੇ ਸਾਲ ਕੀਤਾ ਗਿਆ ਕਰਾਰ ਵੀ ਹੈ| ਐਨਸੀਐਮਈਸੀ ਦੇ ਕਾਰਨ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਸੂਚਨਾਵਾਂ ਨਾਲ ਅਜਿਹੇ ਮਾਮਲੇ ਜ਼ਿਆਦਾ ਪਕੜ ਵਿੱਚ ਆ ਰਹੇ ਹਨ| ਐਨਸੀਐਮਈਸੀ ਦੀ ਰਿਪੋਰਟ ਅਨੁਸਾਰ ਸੈਕਸ਼ੁਅਲ ਐਬਿਊਜ ਮਟੀਰਿਅਲ (ਸੀਐਸਏਐਮ) ਦੀ ਸੂਚੀ ਵਿੱਚ ਭਾਰਤ 11.7 ਫੀਸਦ ਦੇ ਨਾਲ ਦੁਨੀਆ ਵਿੱਚ ਸਿਖਰ ਤੇ ਹੈ|
ਅਜਿਹਾ ਨਹੀਂ ਕਿ ਭਾਰਤ ਵਿੱਚ ਬਾਲ ਸੈਕਸ ਸ਼ੋਸ਼ਣ ਅਤੇ ਚਾਇਲਡ ਪਾਰਨੋਗ੍ਰਾਫੀ ਦੇ ਵਿਰੁੱਧ ਸਖ਼ਤ ਕਾਨੂੰਨ ਨਹੀਂ ਹੈ| ਪਾਕਸੋ ਅਤੇ ਆਈਟੀ ਕਾਨੂੰਨਾਂ ਦੇ ਤਹਿਤ ਤਿੰਨ ਤੋਂ ਪੰਜ ਸਾਲ ਦੀ ਸਜਾ ਅਤੇ ਲੱਖਾਂ ਰੁਪਏ ਜੁਰਮਾਨੇ ਦਾ ਨਿਯਮ ਹੈ| ਸਮਾਜ ਵੀ ਬਾਲ ਸੈਕਸ ਸ਼ੋਸ਼ਣ ਨੂੰ ਘਿਨੌਣੀ ਨਜ਼ਰ ਨਾਲ ਦੇਖਦਾ ਹੈ| ਇਸਦੇ ਬਾਵਜੂਦ ਇਹ ਤਲਖ ਹਕੀਕਤ ਹੈ ਕਿ ਅਜਿਹਾ ਹੋ ਰਿਹਾ ਹੈ ਅਤੇ ਬਹੁਤ ਜਿਆਦਾ ਹੋ ਰਿਹਾ ਹੈ| ਕਾਨੂੰਨਾਂ ਦਾ ਸਹੀ ਢੰਗ ਨਾਲ ਅਮਲ ਨਾ ਹੋਣਾ ਇੱਕ ਵੱਡੀ ਵਜ੍ਹਾ ਤਾਂ ਹੈ ਹੀ, ਸਮਾਜ ਖੁਦ ਵੀ ਇਸਦੇ ਲਈ ਜ਼ਿੰਮੇਵਾਰ ਹੈ|
ਮੁੰਹਮਦ ਸ਼ਹਿਜਾਦ