ਲਾਕ ਡਾਊਨ ਖਿਲਾਫ ਬਗਾਵਤ ਕਰਕੇ ਦੁਕਾਨਦਾਰਾਂ ਨੇ ਖੋਲ੍ਹ ਲਈਆਂ ਦੁਕਾਨਾਂ

ਲਾਕ ਡਾਊਨ ਖਿਲਾਫ ਬਗਾਵਤ ਕਰਕੇ ਦੁਕਾਨਦਾਰਾਂ ਨੇ ਖੋਲ੍ਹ ਲਈਆਂ ਦੁਕਾਨਾਂ
ਸ਼ਹਿਰ ਦੇ ਸਾਰੇ ਫੇਜ਼ਾਂ ਦੀਆਂ ਮਾਰਕੀਟਾਂ ਦੀਆਂ ਜਿਆਦਾਤਰ ਦੁਕਾਨਾਂ ਖੁੱਲੀਆਂ
ਐਸ.ਏ.ਐਸ ਨਗਰ, 5 ਸਤੰਬਰ (ਜਸਵਿੰਦਰ ਸਿੰਘ) ਪੰਜਾਬ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਸੰਬੰਧੀ ਜਾਰੀ ਹੁਕਮਾਂ ਦੇ ਖਿਲਾਫ ਖੁੱਲੀ ਬਗਾਵਤ ਕਰਦਿਆਂ ਸ਼ਹਿਰ ਦੇ ਸਾਰੇ ਫੇਜ਼ਾਂ ਦੇ ਜਿਆਦਾਤਰ ਦੁਕਾਨਦਾਰਾਂ ਵਲੋਂ ਅੱਜ ਆਪਣੀਆਂ  ਦੁਕਾਨਾਂ ਰੋਜਾਨਾਂ ਵਾਂਗ ਹੀ ਖੋਲ੍ਹ ਲਈਆਂ ਗਈਆਂ ਅਤੇ ਕਿਹਾ ਕਿ ਉਹ ਪ੍ਰਸ਼ਾਸ਼ਨ ਵਲੋਂ ਦੁਕਾਨਾਂ ਰੱਖਣ ਸੰਬੰਧੀ ਹੁਕਮਾਂ ਨੂੰ ਨਹੀਂ ਮੰਨਣਗੇ| ਇਸ ਮੌਕੇ ਦੁਕਾਨਦਾਰਾਂ ਵਲੋਂ ਕਿਹਾ ਗਿਆ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਦੁਕਾਨਦਾਰਾਂ ਨੂੰ ਬਰਬਾਦੀ ਤੋਂ ਬਚਾਉਣ ਲਈ ਲਾਕ ਡਾਊਨ ਦੇ ਹੁਕਮ ਵਾਪਸ ਲਏ ਜਾਣ ਅਤੇ ਦੁਕਾਨਦਾਰਾਂ ਨੂੰ ਤੰਗ ਨਾ ਕੀਤਾ ਜਾਵੇ| 
ਇੱਥੇ ਜਿਕਰਯੋਗ ਹੈ ਕਿ ਮੁਹਾਲੀ ਵਪਾਰ ਮੰਡਲ ਵਲੋਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਦੁਕਾਨਦਾਰ ਪ੍ਰਸ਼ਾਸ਼ਨ ਵਲੋਂ ਲਾਗੂ ਕੀਤੇ ਗਏ ਲਾਕ ਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੀਆਂ ਦੁਕਾਨਾਂ ਖੋਲ੍ਹਣਗੇ| ਵਪਾਰ ਮੰਡਲ ਵਲੋਂ ਦੁਕਾਨਾਂ ਖੋਲਣ ਦੇ ਸੱਦੇ ਦਾ ਸਮਰਥਨ ਕਰਦਿਆ ਮੁਹਾਲੀ ਦੇ ਕਈ ਖੇਤਰਾਂ ਅਤੇ ਫੇਜ਼ਾਂ ਵਿੱਚ ਦੁਕਾਨਦਾਰਾਂ ਨੇ ਆਪੋ ਆਪਣੀਆਂ ਦੁਕਾਨਾਂ ਖੋਲ ਲਈਆਂ| ਇਸ ਦੌਰਾਨ ਵੱਖ ਵੱਖ ਮਾਰਕੀਟਾਂ ਵਿੱਚ ਪੁਲੀਸ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਲਈ ਵੀ ਕਿਹਾ ਗਿਆ ਪਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ|
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰ. ਵਿਨੀਤ ਵਰਮਾ ਨੇ ਕਿਹਾ ਕਿ ਵਪਾਰੀ ਪ੍ਰਸ਼ਾਸ਼ਨ ਨਾਲ ਟਕਰਾਓ ਨਹੀਂ ਚਾਹੁੰਦੇ ਬਲਕਿ ਇਹ ਚਾਹੁੰਦੇ ਹਨ ਕਿ ਸਰਕਾਰ ਉਹਨਾਂ ਦੀ ਮਜਬੂਰੀ ਸਮਝੇ ਅਤੇ ਵਪਾਰੀਆਂ ਨੂੰ ਕੰਮ ਕਰਨ ਦਿੱਤਾ ਜਾਵੇ| ਉਹਨਾਂ ਕਿਹਾ ਕਿ ਵਪਾਰੀਆਂ ਨੇ ਵੀ ਆਪਣੇ ਜਰੂਰੀ ਖਰਚੇ ਕੱਢਣੇ ਹਨ ਅਤੇ ਉਹਨਾਂ ਨੂੰ ਕੰਮ ਕਰਨ ਦੀ ਛੂਟ ਮਿਲਣੀ ਜਰੂਰੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ  ਮਨਮਰਜੀ ਦੇ ਫੈਸਲੇ ਕਰਕੇ ਵਪਾਰੀਆਂ ਨੂੰ ਬਰਬਾਦ ਕਰਨ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਇਸ ਲਈ ਅੱਜ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਸ਼ਹਿਰ ਦੇ ਤਮਾਮ ਦੁਕਾਨਦਾਰਾਂ ਨੇ ਵਪਾਰ ਮੰਡਲ ਦੇ ਇਸ ਫੈਸਲੇ ਤੇ ਮੋਹਰ ਲਗਾਈ ਹੈ| ਉਹਨਾਂ ਕਿਹਾ ਕਿ ਦੁਕਾਨਦਾਰ ਕੋਰੋਨਾ ਸੰਬੰਧੀ ਸਾਰੀਆਂ ਸਾਵਧਾਨੀਆਂ ਵਰਤਣ ਲਈ ਤਿਆਰ ਹਨ ਅਤੇ ਪ੍ਰਸ਼ਾਸ਼ਨ ਨੂੰ ਵੀ ਉਹਨਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ|  
ਵਪਾਰ ਮੰਡਲ ਦੇ ਜਨਰਲ ਸਕੱਤਰ ਅਤੇ ਫੇਜ਼ 7 ਮਾਰਕੀਟ ਦੇ ਪ੍ਰਧਾਨ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਲਾਕਡਾਊਨ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਅਤੇ ਦੁਕਾਨਾਂ ਰਾਤ ਦੇ 10 ਵਜੇ ਤੱਕ ਖੁੱਲੀਆਂ ਰਹਿੰਦੀਆਂ ਹਨ ਜਦੋਂਕਿ ਮੁਹਾਲੀ ਵਿੱਚ ਲਾਕਡਾਊਨ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਨੂੰ ਤੰਗ ਨਾ ਕਰੇ ਅਤੇ ਵਪਾਰ ਕਰਨ ਦੇਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਖਰਚਾ ਚਲਾ ਸਕਣ| ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀ ਵੱਲੋਂ ਵੀ ਉਨ੍ਹਾਂ ਨੂੰ ਸਮਰਥਨ ਦੇ ਫੋਨ ਆ ਰਹੇ ਹਨ| ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਉਨ੍ਹਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ| 
ਇਸ ਮੌਕੇ ਫੇਜ਼ 3ਬੀ2 ਦੇ ਦੁਕਾਨਦਾਰ ਸ੍ਰ. ਅਮਰੀਕ ਸਿੰਘ ਸਾਜਨ ਨੇ ਕਿਹਾ ਕਿ ਹਫਤਾਵਾਰੀ ਲਾਕਡਾਊਨ ਵਿੱਚ ਦੋ ਦਿਨ ਦੁਕਾਨਾਂ ਬੰਦ ਰਖਣ ਤੇ ਮਹੀਨੇ ਵਿੱਚ ਸਿਰਫ 20 ਦਿਨ ਹੀ ਦੁਕਾਨਾਂ ਖੁੱਲਦੀਆਂ ਹਨ| ਜਿਸ ਨਾਲ ਦੁਕਾਨਾਂ ਦਾ ਖਰਚਾ, ਬਿਜਲੀ ਬਿੱਲ, ਵਰਕਰਾਂ ਦੀ ਤਨਖਾਹ ਅਤੇ ਹੋਰ ਖਰਚੇ ਕੱਢਣੇ ਮੁਸ਼ਕਿਲ ਹੋ ਰਹੇ ਹਨ| ਉਨ੍ਹਾਂ ਕਿਹਾ ਕਿ ਇਸ ਸਬੰਧੀ  ਦੁਕਾਨਦਾਰਾਂ ਵੱਲੋਂ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਗਈ ਸੀ ਇਸ ਸਮੱਸਿਆਂ ਦਾ ਠੋਸ ਹੱਲ ਕੱਢਿਆ ਜਾਵੇ| ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸ਼ਰਾਬ ਦੇ ਠੇਕੇ ਤਾਂ ਰੋਜ਼ ਖੁੱਲਦੇ ਹਨ ਜਦੋਕਿ ਸ਼ਹਿਰ ਦੇ ਸਭ ਤੋਂ ਜ਼ਿਆਦਾ ਟੈਕਸ ਅਤੇ ਜੀ.ਐਸ.ਟੀ. ਭਰਨ ਵਾਲੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀ ਪੈ ਰਹੀਆਂ ਹਨ| 
ਇਸ ਮੌਕੇ ਫੇਜ਼ 3 ਬੀ 2 ਦੀ ਮਾਰਕੀਟ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਅਕਵਿੰਦਰ ਸਿੰਘ ਗੋਸਲ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਲਾਕਡਾਊਨ ਖਤਮ ਹੋ ਜਾਣ ਕਾਰਨ ਮੁਹਾਲੀ ਦੇ ਸਾਰੇ  ਗ੍ਰਾਹਕ ਚੰਡੀਗੜ੍ਹ ਤੋਂ ਖਰੀਦਦਾਰੀ ਕਰ ਲੈਂਦੇ ਹਨ, ਜਿਸ ਦਾ ਨੁਕਸਾਨ ਮੁਹਾਲੀ ਦੇ ਵਪਾਰੀਆਂ ਨੂੰ ਹੁੰਦਾ ਹੈ| ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲਾਕਡਾਊਨ ਲਗਾਉਣਾ ਹੈ ਤਾਂ ਵਪਾਰੀਆ ਦਾ ਟੈਕਸ, ਜੀ.ਐਸ.ਟੀ., ਬਿਜਲੀ ਦੇ ਬਿੱਲ ਮਾਫ ਕੀਤੇ ਜਾਣ ਅਤੇ ਇਸਦੇ ਨਾਲ ਹੀ ਗੈਰ ਜਰੂਰੀ ਕੰਮਾਂ ਲਈ ਨਿਕਲੇ ਲੋਕਾਂ ਦਾ ਸੜਕ ਤੇ ਨਿਕਲਣਾ ਬੰਦ ਕੀਤਾ ਜਾਵੇ ਤਾਂ ਕਿ ਲੋਕ ਖਰੀਦਦਾਰੀ ਕਰਨ ਲਈ ਚੰਡੀਗੜ੍ਹ ਨਾ ਜਾ ਸਕਣ|   
ਇਸ ਦੌਰਾਨ ਫੇਜ਼ 1, ਫੇਜ਼ 2,             ਫੇਜ਼ 5 ਵਿੱਚ ਵੀ ਜਿਆਦਾਤਰ ਦੁਕਾਨਾਂ ਖੁੱਲੀਆਂ ਰਹੀਆਂ ਅਤੇ ਦੁਕਾਨਾਂ ਖੁੱਲਣ ਨਾਲ ਮਾਰਕੀਟਾ ਵਿੱਚ ਲੋਕ ਖਰੀਦਦਾਰੀ ਵੀ ਕਰਦੇ ਨਜਰ ਆਏ| ਹਾਲਾਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰ ਦੇ ਵਪਾਰੀ ਪੂਰੀ ਤਰ੍ਹਾਂ ਇੱਕ ਹੋ ਕੇ ਪ੍ਰਸ਼ਾਸ਼ਨ ਦੇ ਖਿਲਾਫ ਡਟ ਗਏ ਹਨ ਜਿਸਦਾ ਸਿਹਰਾ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਉਹਨਾਂ ਦੀ ਟੀਮ ਦੇ ਸਿਰ ਜਾਂਦਾ ਹੈ|

ਪਿਛਲੇ ਦੋ ਦਿਨਾਂ ਤੋਂ ਚਲ ਰਿਹਾ ਸੀ ਮੀਟਿੰਗਾਂ ਦਾ ਦੌਰ
ਵਪਾਰ ਮੰਡਲ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਖੋਲ੍ਹਣ, ਦੇ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਕਾਫੀ ਮਿਹਨਤ ਕੀਤੀ ਗਈ ਹੈ| ਇਸ ਦੌਰਾਨ ਪਿਛਲੇ ਦੋ ਦਿਨਾਂ ਤੋਂ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਹੋਰਨਾਂ ਅਹੁਦੇਦਾਰਾਂ ਵਲੋਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੀਆਂ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਕੇ ਰਣਨੀਤੀ ਤਿਆਰ ਕੀਤੀ ਗਈ ਅਤੇ ਸਾਰਿਆਂ ਦੀ ਸਹਿਮਤੀ ਨਾਲ ਹੀ ਇਸ ਫੈਸਲੇ ਨੂੰ ਲਾਗੂ ਕੀਤਾ ਗਿਆ| ਇਸ ਦੌਰਾਨ ਮਾਰਕੀਟ ਵਿੱਚ ਪੁਲੀਸ ਜਾਂ ਪ੍ਰਸ਼ਾਸ਼ਨ ਦੀ ਟੀਮ ਪਹੁੰਚਣ ਤੇ ਦੁਕਾਨਦਾਰਾਂ ਦਾ ਪੱਖ ਰੱਖਣ ਲਈ ਦੁਕਾਨਾਦਾਰਾਂ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਅਤੇ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ|

Leave a Reply

Your email address will not be published. Required fields are marked *