ਲਾਕ ਡਾਊਨ ਦੇ ਖਤਮ ਹੋਣ ਨਾਲ ਹੋਈ ਵਪਾਰੀਆਂ ਦੀ ਜਿੱਤ : ਵਪਾਰ ਮੰਡਲ

ਐਸ ਏ ਐਸ ਨਗਰ,  8 ਸਤੰਬਰ  (ਸ.ਬ.) ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ  ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਿਹਾ ਹੈ ਕਿ ਵਪਾਰ ਮੰਡਲ ਮੁਹਾਲੀ ਵਲੋਂ ਪਿਛਲੇ ਸ਼ਨੀਵਾਰ ਨੂੰ ਪੰਜਾਬ ਸਰਕਾਰ ਦੇ ਲਾਕ ਡਾਊਨ ਦੇ ਹੁਕਮਾਂ ਦੇ ਖਿਲਾਫ ਬਗਾਵਤ ਕਰਕੇ ਆਪਣੀਆਂ ਦੁਕਾਨਾਂ ਖੋਲ੍ਹੇ ਜਾਣ ਤੋਂ ਬਾਅਦ ਬੀਤੀ ਸ਼ਾਮ ਪੰਜਾਬ ਸਰਕਾਰ ਵਲੋਂ ਸ਼ਨੀਵਾਰ ਦਾ ਲਾਕ ਡਾਊਨ ਖਤਮ ਕਰਕੇ ਰੋਜਾਨਾ ਰਾਤ ਨੂੰ 9 ਵਜੇ ਤਕ ਦੁਕਾਨਾਂ ਖੋਲ੍ਹੇ ਜਾਣ ਅਤੇ ਮੁਹਾਲੀ ਵਾਸਤੇ ਟ੍ਰਾਈਸਿਟੀ ਦੇ ਨਿਯਮ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਨਾਲ ਮੁਹਾਲੀ ਦੇ ਵਪਾਰੀਆਂ ਦੀ ਜਿੱਤ ਹੋਈ ਹੈ ਅਤੇ ਅਖੀਰਕਾਰ ਸਰਕਾਰ ਨੂੰ ਵਪਾਰੀਆਂ ਦੀ ਗੱਲ ਮੰਨਣ ਲਈ ਮਜਬੂਰ ਹੋਣਾ ਪਿਆ ਹੈ|
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਮਝਣਾ             ਪਵੇਗਾ ਕਿ ਦੁਕਾਨਦਾਰਾਂ ਦੀ ਵੀ ਮਜਬੂਰੀ ਹੈ ਕਿ ਉਹ ਆਪਣਾਂ ਕਾਰੋਬਾਰ ਬੰਦ ਕਰਕੇ ਨਹੀਂ ਰੱਖ ਸਕਦੇ ਅਤੇ ਸਰਕਾਰ ਵਲੋਂ ਕੋਰੋਨਾ ਦੀ ਮਹਾਮਾਰੀ ਦੇ ਨਾਮ ਤੇ ਜਨਤਾ ਤੇ ਮਨਮਰਜੀ ਦੇ ਫੈਸਲੇ ਲਾਗੂ ਨਹੀਂ ਕੀਤੇ ਜਾ ਸਕਦੇ| ਉਹਨਾਂ ਕਿਹਾ ਕਿ ਹੁਣ ਸਰਕਾਰ ਵਲੋਂ ਵਪਾਰੀਆਂ ਦੇ ਹੱਕ ਵਿੰਚ ਫੈਸਲਾ ਲੈਣ ਨਾਲ ਇਸ ਮੁੱਦੇ ਤੇ ਹੋਣ ਵਾਲਾ ਟਕਰਾਓ ਵੀ ਟਲ ਗਿਆ ਹੈ ਅਤੇ ਵਪਾਰੀ ਵੀ ਸਰਕਾਰ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਕੋਰੋਨਾ ਮਹਾਮਾਰੀ ਦੀ ਜੰਗ ਵਿੱਚ ਸਰਕਾਰ ਦਾ ਭਰਪੂਰ ਸਾਥ ਦੇਣਗੇ| 
ਇੱਥੇ ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਸ੍ਰ . ਸਰਬਜੀਤ ਸਿੰਘ ਪਾਰਸ ਦੀ ਅਗਵਾਈ ਵਿੱਚ ਫੇਜ਼ 7 ਦੀ ਫੈਸ਼ਨ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਪ੍ਰਸ਼ਾਸ਼ਨ ਦੇ ਆਡ ਈਵਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਆਪਣੀਆਂ ਦੁਕਾਨਾਂ ਹਰ ਰੋਜ ਖੋਲਣ ਦਾ ਐਲਾਨ ਕੀਤਾ ਗਿਆ ਸੀ ਅਤੇ ਦੁਕਾਨਾਂ ਬੰਦ ਕਰਵਾਉਣ ਗਈ ਪੁਲੀਸ ਟੀਮ ਨੂੰ ਵਾਪਸ ਮੋੜ ਦਿੱਤਾ ਸੀ| ਬਾਅਦ ਵਿੱਚ ਵਪਾਰ ਮੰਡਲ ਵਲੋ ਸ਼ਨੀਵਾਰ ਅਤੇ ਐਤਵਾਰ ਦੇ ਲਾਕਡਾਊਨ ਨੂੰ ਨਾ ਮੰਨਣ ਅਤੇ ਰਾਤ 9 ਵਜੇ ਤਕ ਦੁਕਾਨਾਂ ਖੋਲ੍ਹ ਕੇ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਸੀ|

Leave a Reply

Your email address will not be published. Required fields are marked *