ਲਾਕ ਡਾਊਨ : ਪੂਰੀ ਤਰ੍ਹਾਂ ਬੰਦ ਰਹੇ ਮੁਹਾਲੀ, ਖਰੜ ਅਤੇ ਜੀਰਕਪੁਰ ਦੇ ਬਾਜਾਰ

ਹਰ ਪਾਸੇ ਨਜਰ ਆਇਆ ਸਰਕਾਰੀ ਸਖਤੀ ਦਾ ਅਸਰ, ਜਿਆਦਾਤਰ ਮਾਰਕੀਟਾਂ ਵਿੱਚ ਬੰਦ ਰਹੀਆਂ ਦੁਕਾਨਾਂ
ਐਸ ਏ ਐਸ ਨਗਰ, 22 ਅਗਸਤ (ਸ.ਬ.)  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੋ ਦਿਨ ਪਹਿਲਾਂ ਐਲਾਨੇ ਗਏ ਸ਼ਨੀਵਾਰ ਅਤੇ ਐਤਵਾਰ ਦੇ ਮੁਕੰਮਲ ਲਾਕ ਡਾਊਨ ਅਤੇ ਸ਼ਾਮ ਦੇ 7 ਵਜੋ ਤੋਂ ਸਵੇਰ ਦੇ 9 ਵਜੇ ਤਕ ਦੇ ਕਰਫਿਊ ਸੰਬੰਧੀ ਵਰਤੀ ਗਈ ਸਰਕਾਰੀ ਸਖਤੀ ਦਾ ਅਸਰ ਖੁੱਲ ਕੇ ਨਜਰ ਆਇਆ ਅਤੇ ਅੱਜ ਸ਼ਹਿਰ ਦੇ ਲਗਭਗ ਸਾਰੇ ਬਾਜਾਰ ਬੰਦ ਰਹੇ| ਬੰਦ ਦਾ ਇਹ ਅਸਰ ਕੁੰਭੜਾ, ਸੋਹਾਣਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰ  ਅਤੇ ਪਿੰਡ ਮੁਹਾਲੀ ਵਿੱਚ ਵੀ ਦਿਖਿਆ ਜਿੱਥੇ ਜਿਆਦਾਤਰ ਦੁਕਾਨਾਂ ਬੰਦ ਪਈਆਂ ਸਨ| 
ਇਸ ਦੌਰਾਨ ਹਲਵਾਈ, ਢਾਬੇ, ਕਰਿਆਨਾ, ਦਵਾਈਆਂ ਅਤੇ ਹੋਰ ਜਰੂਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਖੁੱਲੀਆਂ ਰਹੀਆਂ ਅਤੇ ਇੱਕਾ ਦੁੱਕਾ ਮਾਰਕੀਟਾਂ ਵਿੱਚ ਹਾਰਡਵੇਅਰ ਦਾ ਸਮਾਨ ਵੇਚਣ ਵਾਲੀਆਂ ਅਤੇ ਕੁੱਝ ਹੋਰ ਦੁਕਾਨਾਂ ਵੀ ਖੁੱਲੀਆਂ ਨਜਰ ਆਈਆਂ|
ਇਸ ਦੌਰਾਨ ਉਦਯੋਗਿਕ ਖੇਤਰ ਵਿੰਚ ਸਥਿਤ ਫੈਕਟ੍ਰੀਆਂ ਅਤੇ ਨਿੱਜੀ ਦਫਤਰਾਂ ਲੂੰ ਖੋਲ੍ਹਣ ਦੀ ਛੂਟ ਦਿੱਤੀ ਗਈ ਸੀ ਅਤੇ ਉਦਯੋਗਿਕ ਖੇਤਰਜ ਦੇ ਪਲਾਟਾਂ ਵਿੱਚ ਚਲਦੀਆਂ ਸਟੀਲ, ਸਰੀਏ ਅਤੇ ਹਾਰਡਵੇਅਰ ਆਦਿ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਖੁੱਲੀਆਂ ਨਜਰ ਆਈਆਂ|
ਹਾਲਾਂਕਿ ਇਸ ਦੌਰਾਨ ਸੜਕਾਂ ਤੇ ਆਵਾਜਾਈ ਆਮ ਵਾਂਗ ਹੀ ਚਲ ਰਹੀ ਸੀ ਅਤੇ ਆਟੋ ਰਿਕਸ਼ੇ ਵੀ ਪਹਿਲਾਂ ਵਾਂਗ ਹੀ ਚਲ ਰਹੇ ਸਨ| ਮਾਰਕੀਟਾਂ ਵਿੱਚ ਸਾਰਾ ਦਿਨ ਲਗਣ ਵਾਲੀਆਂ ਕਈ ਤਰ੍ਹਾਂ ਦਾ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਵੀ ਨਦਾਰਦ ਸਨ ਅਤੇ ਪੁਲੀਸ ਵਲੋਂ ਮਾਰਕੀਟਾਂ ਵਿੱਚ ਪੈਟਰੋਲਿੰਗ ਵੀ ਕੀਤੀ ਜਾ ਰਹੀ ਸੀ| 
ਇੱਥੇ ਜਿਕਰਯੋਗ ਹੈ ਕਿ ਪੁਲੀਸ ਵਲੋਂ ਬੀਤੀ ਸ਼ਾਮ ਵੇਲੇ ਹੀ ਸਖਤੀ ਕਰਦਿਆਂ ਸਾਮ ਸਾਢੇ ਛੇ ਵਜੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਸਨ ਅਤੇ ਅੱਜ ਜਿਆਦਾਤਰ ਦੁਕਾਨਦਾਰ ਦੁਕਾਨਾਂ ਖੋਲ੍ਹਣ ਲਈ ਨਹੀਂ ਪਹੁੰਚੇ| ਇਸ ਦੌਰਾਨ ਜਿਹੜੇ ਇੱਕਾ ਦੁੱਕਾ ਦੁਕਾਨਦਾਰ ਮਾਰਕੀਟਾਂ ਵਿੱਚ ਪਹੁੰਚੇ ਵੀ ਸਨ ਉਹ ਵੀ ਪੁਲੀਸ ਦੀ ਕਾਰਵਾਈ ਦੇ ਡਰ ਕਾਰਨ ਦੁਕਾਨਾਂ ਖੋਲ੍ਹੇ ਬਿਨਾ ਹੀ ਵਾਪਸ ਪਰਤ ਗਏ ਅਤੇ ਬਾਜਾਰ ਸਾਰਾ ਦਿਨ ਸੁੰਨੇ ਰਹੇ| 
ਖਰੜ ਤੋਂ ਸ਼ਮਿੰਦਰ ਸਿੰਘ ਅਨੁਸਾਰ ਪੰਜਾਬ ਸਰਕਾਰ ਵਲੋਂ ਲਗਾਏ ਗਹੇ ਵੀਕਐਂਡ ਕਰਫਿਊ ਦੇ ਦੌਰਾਨ ਜਿੱਥੇ ਬਾਜਾਰਾਂ ਵਿੱਚ ਲੋਕ ਬਹੁਤ ਘੱਟ ਨਜਰ ਆਏ ਉੱਥੇ ਜਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਬਦ ਰਹੀਆਂ| ਇਸ ਦੌਰਾਨ ਖਾਣ ਪੀਣ ਦਾ ਸਾਮਾਨ ਵੇਖਣ ਵਾਲੀਆਂ ਦੁਕਾਨਾਂ ਤਾਂ ਖੁੱਲੀਆਂ ਸਨ ਪਰੰਤੂ ਬਾਜਾਰ ਵਿੱਚ ਰੌਣਕ ਘੱਟ ਹੋਣ ਕਾਰਨ ਉਹਨਾਂ ਦਾ ਧੰਦਾ ਵੀ ਮੰਦਾ ਦਿਖ ਰਿਹਾ ਸੀ| 
ਇਸ ਦੌਰਾਨ ਜ਼ੀਰਕਪੁਰ ਵਿੱਚ ਲਾਕਡਾਊਨ ਦਾ ਕਾਫੀ ਅਸਰ ਨਜਰ ਆਇਆ ਅਤੇ ਸ਼ਨੀਵਾਰ ਨੂੰ ਜੀਰਕਪੁਰ ਦੇ ਸਮੂਹ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹਿਣ ਕਾਰਨ ਰੌਣਕ ਬਹੁਤ ਘੱਟ ਰਹੀ ਅਤੇ ਸੜਕਾਂ ਦੀ ਆਵਾਜਾਈ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ, ਜਦੋਂ ਕਿ ਪਿੰਡਾਂ ਵਿੱਚ ਦੁਕਾਨਾਂ ਖੁੱਲੀਆਂ ਰਹੀਆ| ਇਸ ਦੌਰਾਨ ਜਿੱਥੇ ਜ਼ੀਰਕਪੁਰ ਦੀਆਂ ਛੋਟੀਆਂ ਦੁਕਾਨਾਂ ਬੰਦ ਰਹੀਆਂ, ਉੱਥੇ ਵੱਡੇ ਸਟੋਰ ਡੀ-ਮਾਰਟ, ਵਾਲਮਾਰਟ ਅਤੇ ਮੈਟਰੋ ਆਦਿ ਖੁੱਲ੍ਹੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ਾਮ ਸਾਢੇ 6 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਕਾਰਨ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਬੰਦ ਰੱਖਣ ਕਾਰਨ ਰੋਸ ਪਾਇਆ ਗਿਆ ਕਿਉਂਕਿ ਵਾਲਮਾਰਟ ਵਿੱਚ ਬਰਤਨ, ਇਲੈਕਟ੍ਰਾਨਿਕਸ, ਇਲੈਕਟ੍ਰੀਕਲ ਅਤੇ ਹੋਰ ਹਰ ਤਰ੍ਹਾਂ ਦਾ ਸਮਾਨ ਵੀ ਮਿਲਦਾ ਹੈ|
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਛੋਟੀਆਂ ਦੁਕਾਨਾਂ ਬੰਦ ਹੁੰਦੀਆਂ ਹਨ ਤਾਂ ਲੋਕ ਆਪਣੀ ਲੋੜ ਦਾ ਸਾਰਾ ਸਮਾਨ ਇਨ੍ਹਾਂ ਵੱਡੇ ਸਟੋਰਾਂ ਤੋਂ ਖਰੀਦ ਲੈਂਦੇ ਹਨ, ਜਿਸ ਕਾਰਨ ਛੋਟੇ ਦੁਕਾਨਦਾਰਾਂ ਦੇ ਗ੍ਰਾਹਕ ਖਰਾਬ ਹੋਣ ਕਾਰਨ ਉਹਨਾਂ ਨੂੰ ਭਾਰੀ ਘਾਟਾਂ ਸਹਿਣਾ ਪੈਂਦਾ ਹੈ| ਦੁਕਾਨਦਾਰਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਕੋਰੋਨਾ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਅੱਧੀ ਰਹਿ ਗਈ ਹੈ, ਦੂਜੇ ਪਾਸੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਛੋਟੇ ਦੁਕਾਨਦਾਰ ਆਪਣੀਆਂ ਦੁਕਾਨਾਂ ਨਹੀ ਖੋਲ੍ਹ ਸਕਦੇ ਅਤੇ ਸਰਕਾਰ ਵੱਡੇ ਸਟੋਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਕੇ ਉਨ੍ਹਾਂ ਨੂੰ ਫਾਇਦਾ ਪਹੁੰਚਾ ਰਹੀ ਹੈ|

Leave a Reply

Your email address will not be published. Required fields are marked *