ਲਾਪਤਾ ਭਾਰਤੀ ਪਰਿਵਾਰ ਦੀ ਖੋਜ ਜਾਰੀ, ਨਦੀ ਤੋਂ ਬਰਾਮਦ ਹੋਇਆ ਨਿੱਜੀ ਸਾਮਾਨ

ਵਾਸ਼ਿੰਗਟਨ, 13 ਅਪ੍ਰੈਲ (ਸ.ਬ.) ਬੀਤੇ ਹਫਤੇ ਅਮਰੀਕਾ ਵਿਚ ਇਕ ਭਾਰਤੀ ਪਰਿਵਾਰ ਦੇ 4 ਮੈਂਬਰ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਮਾਮਲੇ ਵਿਚ ਕੈਲੀਫੋਰਨੀਆ ਦੀ ਅੰਤਰ ਏਜੰਸੀ ਖੋਜ ਅਤੇ ਬਚਾਅ ਟੀਮ ਨੇ ਅੱਜ ਨਦੀ ਵਿਚੋਂ ਗੱਡੀ ਦੇ ਕੁੱਝ ਹਿੱਸੇ ਅਤੇ ਉਨ੍ਹਾਂ ਦਾ ਨਿੱਜੀ ਸਾਮਾਨ ਬਰਾਮਦ ਕੀਤਾ| ਹਾਲਾਂਕਿ ਪਰਿਵਾਰ ਦੇ ਮੈਂਬਰਾਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਹੈ| ਸੂਚਨਾ ਮੁਤਾਬਕ ਕੈਲੀਫੋਰਨੀਆ ਦੇ ਸਾਂਤਾ ਕਲੈਰਿਟਾ ਵਿਚ ਰਹਿਣ ਵਾਲਾ ਥੋਟਾਪਿੱਲੀ ਪਰਿਵਾਰ ਯੂ. ਐਸ-101 ਤੋਂ ਯਾਤਰਾ ਕਰ ਰਿਹਾ ਸੀ| ਉਸੇ ਦੌਰਾਨ ਉਹ ਲਾਪਤਾ ਹੋਏ ਹਨ| ਸਾਂਤਾ ਕਲੈਰਿਟਾ ਵਿਚ ਯੂਨੀਅਨ ਬੈਂਕ ਦੇ ਉਪ ਪ੍ਰਧਾਨ ਸੰਦੀਪ ਥੋਟਾਪਿੱਲੀ (41), ਆਪਣੀ ਪਤਨੀ ਸੌਮਯਾ (38) ਅਤੇ ਦੋਵੇਂ ਬੱਚਿਆਂ ਸਿਧਾਂਤ (12) ਅਤੇ ਸਾਚੀ (9) ਨਾਲ ਛੁੱਟੀਆਂ ਮਨਾਉਣ ਲਈ ਨਿਕਲੇ ਸਨ| ਪੂਰਾ ਪਰਿਵਾਰ 5 ਅਪ੍ਰੈਲ ਤੋਂ ਲਾਪਤਾ ਹੈ|
ਬਾਅਦ ਵਿਚ ਮੇਂਡੋਸਿਨੋ ਕਾਊਂਟੀ ਸ਼ੈਰਿਫ ਨੇ ਉਨ੍ਹਾਂ ਨੂੰ ਗੁੰਮਸ਼ੁਦਾ ਐਲਾਨ ਕਰ ਦਿੱਤਾ ਸੀ| ਸੰਦੀਪ ਗੁਜਰਾਤ ਵਿਚ ਸੂਰਤ ਦੇ ਰਹਿਣ ਵਾਲੇ ਹਨ ਅਤੇ ਬੀਤੇ 15 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਹਨ|

Leave a Reply

Your email address will not be published. Required fields are marked *