ਲਾਲੜੂ ਖੇਤਰ ਵਿੱਚ ਉਦਯੋਗਾਂ ਵਲੋਂ ਵਾਤਾਵਰਨ ਵਿੱਚ ਛੱਡੇ ਜਾਂਦੇ ਪ੍ਰਦੂਸ਼ਣ ਤੇ ਕਾਬੂ ਕਰਨ ਵਿੱਚ ਨਾਕਾਮ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ

ਲਾਲੜੂ ਖੇਤਰ ਵਿੱਚ ਉਦਯੋਗਾਂ ਵਲੋਂ ਵਾਤਾਵਰਨ ਵਿੱਚ ਛੱਡੇ ਜਾਂਦੇ ਪ੍ਰਦੂਸ਼ਣ ਤੇ ਕਾਬੂ ਕਰਨ ਵਿੱਚ ਨਾਕਾਮ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ

ਪੀ. ਸੀ. ਪੀ. ਐਲ. ਫੈਕਟਰੀ ਵਲੋਂ ਛੱਡੀਆਂ ਜਾ ਰਹੀਆਂ ਜ਼ਹਿਰੀਲੀ ਗੈਸਾ ਕਾਰਣ ਲੋਕਾਂ ਦਾ ਸਾਹ ਲੈਣ ਵੀ ਹੋਇਆ ਔਖਾ : ਸੁਸ਼ੀਲ ਰਾਣਾ
ਦੀਪਕ ਸ਼ਰਮਾ
ਲਾਲੜੂ, 17 ਨਵੰਬਰ

ਲਾਲੜੂ ਖੇਤਰ ਵਿੱਚ ਲੱਗੇ ਉਦਯੋਗਾਂ ਵਲੋਂ ਵਾਤਾਵਰਨ ਵਿੱਚ ਛੱਡੇ ਜਾਂਦੇ ਭਾਰੀ ਪ੍ਰਦੂਸ਼ਣ ਦੀ ਕਾਰਵਾਈ ਕਾਰਨ ਜਿੱਥੇ ਇਸ ਖੇਤਰ ਦੇ ਲੋਕਾਂ ਦਾ ਜੀਉਣਾ ਮੁਹਾਲ ਹੋ ਗਿਆ ਹੈ ਉੱਥੇ ਇਸ ਖੇਤਰ ਦੇ ਲੋਕਾਂ ਵਿੱਚ ਬਿਮਾਰੀਆਂ ਵੀ ਫੈਲ ਰਹੀਆਂ ਹਨ| ਉੱਪਰੋਂ ਤ੍ਰਾਸਦੀ ਇਹ ਹੈ ਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਹਨਾਂ ਉਦਯੋਗਿਕ ਇਕਾਈਆਂ ਦੀ ਇਸ ਕਾਰਵਾਈ ਤੇ ਕਾਬੂ ਕਰਨ ਵਾਲੀ ਸਰਕਾਰੀ ਏਜੰਸੀ ਪ੍ਰਦੂਸ਼ਨ ਕਟਰੋਲ ਵਿਭਾਗ ਦੇ ਅਧਿਕਾਰੀਆਂ ਦਾ ਇਹ ਰਵਈਆ ਹੈ ਕਿ ਜਦੋਂ ਉਹਨਾਂ ਨੂੰ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਉਲਟਾ ਇਹ ਕਹਿ ਕੇ ਫਟਕਾਰ ਦਿੰਦੇ ਹਨ ਕਿ ਉਹਨਾਂ ਨੂੰ ਉਹਨਾਂ ਦਾ ਕੰਮ ਨਾ ਸਿਖਾਇਆ ਜਾਵੇ|
ਜਿਲ੍ਹਾ ਭਾਜਪਾ ਦੇ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਇਸ ਸੰਬੰਧੀ ਕਹਿੰਦੇ ਹਨ ਕਿ ਇਸ ਖੇਤਰ ਵਿੱਚ ਲੱਗੀਆਂ ਉਦਯੋਗਿਕ ਇਕਾਈਆਂ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦਾ ਕੋਈ ਕਾਬੂ ਨਹੀਂ ਹੈ ਅਤੇ ਇਹਨਾਂ ਉਦਯੋਗਾਂ ਵਲੋਂ ਆਪਣਾ ਜਹਿਰੀਲਾ ਰਹਿੰਦ ਖੁਹੰਦ ਜਾਂ ਤਾਂ ਖੁੱਲੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਫਿਰ ਨੇੜੇ ਲੰਘਦੇ ਚੋਅ ਜਾਂ ਨਾਲਿਆਂ ਵਿੱਚ ਸੁੱਟਿਆ ਜਾਂਦਾ ਹੈ| ਇਸ ਖੇਤਰ ਦੇ ਪਿੰਡਾਂ ਚੋੰਧੜੀ ਅਤੇ ਸਮਲੇਰੀ ਨੇੜੇ ਸਥਿਤ ਕੈਮੀਕਲ ਅਤੇ ਦਵਾਈਆਂ ਬਣਾਉਣ ਵਾਲੀ ਫੈਕਟਰੀ ਪੀ. ਸੀ. ਪੀ. ਐਲ. ਵਲੋਂ ਇਸ ਖੇਤਰ ਵਿੱਚ ਆਪਣੀ ਰਹਿੰਦ ਖੁਹੰਦ ਅਤੇ ਜਹਿਰੀਲੀਆਂ ਗੈਸਾਂ ਛੱਡੀਆਂ ਜਾ ਰਹੀਆਂ ਹਨ ਅਤੇ ਜਿਸ ਕਾਰਨ ਇਸ ਖੇਤਰ ਦੇ ਲੋਕਾਂ ਦਾ ਜੀਉਣਾ ਹਰਾਮ ਹੋ ਗਿਆ ਹੈ| ਉਹਨਾਂ ਦੱਸਿਆ ਕਿ ਇਸ ਫੈਕਟਰੀ ਕੋਲੋਂ ਲੰਘਣ ਵਾਲਿਆਂ ਅਤੇ ਉਸਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਹਰ ਵੇਲੇ ਬਿਮਾਰੀ ਦਾ ਸ਼ਿਕਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ| ਉਹਨਾਂ ਦੱਸਿਆ ਕਿ ਫੈਕਟਰੀ ਵਲੋਂ ਰਾਤ ਨੂੰ ਛੱਡੀਆਂ ਜਾਂਦੀਆਂ ਗੈਸਾਂ ਕਾਰਨ ਵਾਤਾਵਰਨ ਬੁਰੀ ਤਰ੍ਹਾਂ ਦੂਸ਼ਿਤ ਹੋ ਜਾਂਦਾ ਹੈ ਅਤੇ ਲੋਕਾਂ ਲਈ ਸਾਹ ਲੈਣਾ ਤਕ ਔਖਾ ਹੋ ਜਾਂਦਾ ਹੈ| ਇਸਤੋਂ ਇਲਾਵਾ ਇਸ ਫੈਕਟਰੀ ਵਲੋਂ ਆਪਣੇ ਕੈਮਿਕਲ ਵੇਸਟ (ਐਫੀਲਿਐਂਟ) ਨੂੰ ਮੌਕਾ ਵੇਖ ਕੇ ਝਰਮੜੀ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਣ ਪਸ਼ੂਆਂ ਦੀ ਵੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ| ਉਹਨਾਂ ਕਿਹਾ ਕਿ ਇਹ ਕਾਰਵਾਈ ਪਿਛਲੇ 8-10 ਸਾਲਾਂ ਤੋਂ ਇਸੇ ਤਰ੍ਹਾਂ ਅੰਜਾਮ ਦਿੱਤੀ ਜਾ ਰਹੀ ਹੈ ਅਤੇ ਹੁਣ ਇਸ ਮੁਸੀਬਤ ਤੋਂ ਨਿਜਾਤ ਹਾਸਿਲ ਕਰਨਾ ਬਹੁਤ ਜਰੂਰੀ ਹੋ ਗਿਆ ਹੈ|
ਇਸ ਪੱਤਰਕਾਰ ਨੇ ਪਿੰਡ ਸਮਲੇਰੀ ਦਾ ਦੌਰਾ ਕੀਤਾ ਜਿਸ ਦੌਰਾਨ ਪਿੰਡ ਵਾਸੀਆਂ ਬਲਵਿੰਦਰ ਸਿੰਘ, ਨਰੇਂਦਰ ਗਿਰੀ, ਜਸਵਿੰਦਰ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ, ਕਰਨਲ ਅਸ਼ਵਨੀ ਸ਼ਰਮਾ ਆਦਿ ਨੇ ਦੱਸਿਆ ਕਿ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਕਾਰਣ ਅੱਖਾਂ ਵਿੱਚ ਜਲਨ, ਜੋੜਾਂ ਵਿੱਚ ਦਰਦ, ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਬਹੁਤ ਵੱਧ ਗਏ ਹਨ| ਪਿੰਡ ਵਾਸੀ ਇਲਜਾਮ ਲਗਾਉਂਦੇ ਹਨ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਸ ਸੰਬੰਧੀ ਗੱਲ ਸੁਣਣ ਲਈ ਤਿਆਰ ਨਹੀਂ ਹੁੰਦੇ ਜਿਸ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ|
ਇਸ ਸੰਬੰਧੀ ਫੈਕਟ੍ਰੀ ਦੇ ਇੱਕ ਉੱਚ ਅਧਿਕਾਰੀ ਰਵਿੰਦਰ ਚੱਢਾ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ| ਫੈਕਟ੍ਰੀ ਦੇ ਮਾਲਿਕ ਅਵਤਾਰ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਵਲੋਂ ਸਾਰਾ ਕੰਮ ਨਿਯਮਾਂ ਅਨੁਸਾਰ ਹੀ ਕੀਤਾ ਜਾਂਦਾ ਹੈ| ਜਦੋਂ ਇਸ ਸੰਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਲਵਨੀਤ ਦੁਬੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਭੜਕਦਿਆਂ ਕਿਹਾ ਕਿ ਸਾਨੂੰ ਸਾਡਾ ਕੰਮ ਨਾ ਸਿਖਾਓ| ਬੋਰਡ ਦੇ ਚੇਅਰਮੈਨ ਸ੍ਰ. ਕੇ. ਐਸ. ਪੰਨੂ ਨੇ ਗਲ ਸੁਣਕੇ ਫੋਨ ਕੱਟ ਦਿਤਾ ਅਤੇ ਕੋਈ ਜਵਾਬ ਨਹੀਂ ਦਿੱਤਾ|

Leave a Reply

Your email address will not be published. Required fields are marked *