ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਦੋ ਹੋਰ ਵਿਅਕਤੀ ਜੰਮੂ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ/ਜੰਮੂ, 23 ਫਰਵਰੀ (ਸ.ਬ.) 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਦੋ ਹੋਰ ਵਿਅਕਤੀਆਂ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲੀਸ ਨੇ ਜੰਮੂ ਤੋਂ ਦੋ ਵਾਂਟੇਡ ਮੁਲਜ਼ਮਾਂ ਮੋਹਿੰਦਰ ਸਿੰਘ ਖ਼ਾਲਸਾ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਿੱਲੀ ਪੁਲੀਸ ਮੁਤਾਬਕ 45 ਸਾਲਾ ਮੋਹਿੰਦਰ ਸਿੰਘ ‘ਜੰਮੂ ਐਂਡ ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ’ ਦਾ ਪ੍ਰਧਾਨ ਹੈ ਅਤੇ ਹਿੰਸਾ ਦੇ ਮੁੱਖ ਸਾਜਿਸ਼ਕਰਤਾ ਵਿੱਚੋਂ ਇਕ ਹੈ। ਮੋਹਿੰਦਰ ਜੰਮੂ ਦਾ ਰਹਿਣ ਵਾਲਾ ਹੈ। ਜਦਕਿ ਦੂਜਾ ਮੁਲਜ਼ਮ 23 ਸਾਲਾ ਮਨਦੀਪ ਸਿੰਘ ਵੀ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਰਹਿਣ ਵਾਲਾ ਹੈ।
ਦਿੱਲੀ ਪੁਲੀਸ ਨੇ ਕਿਹਾ ਕਿ ਮਨਦੀਪ ਲਾਲ ਕਿੱਲ੍ਹਾ ਹਿੰਸਾ ਵਿੱਚ ਸਰਗਰਮ ਭਾਗੀਦਾਰੀ ਅਤੇ ਮੁੱਖ ਸਾਜਿਸ਼ਕਰਤਾ ਹੈ। ਪੁਲੀਸ ਮੁਤਾਬਕ ਦੋਵਾਂ ਨੂੰ ਬੀਤੀ ਰਾਤ ਨੂੰ ਦਿੱਲੀ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਗ੍ਰਿਫ਼ਤਾਰ ਕੀਤਾ ਅਤੇ ਤੁਰੰਤ ਪੁੱਛ-ਗਿੱਛ ਲਈ ਰਾਜਧਾਨੀ ਦਿੱਲੀ ਲਿਆਂਦਾ ਗਿਆ। ਦੋਵਾਂ ਨੂੰ ਜੰਮੂ-ਕਸ਼ਮੀਰ ਪੁਲੀਸ ਦੇ ਸਹਿਯੋਗ ਨਾਲ ਫੜਿਆ ਗਿਆ।
ਜਿਕਰਯੋਗ ਹੈ ਕਿ ਇਸ ਹਿੰਸਾ ਮਾਮਲੇ ਵਿੱਚ ਦਿੱਲੀ ਪੁਲੀਸ ਪੰਜਾਬੀ ਅਦਾਕਾਰ ਦੀਪ ਸਿੱਧੂ, ਇਕਬਾਲ ਸਿੰਘ, ਮਨਿੰਦਰ ਸਿੰਘ ਅਤੇ ਲਾਲ ਕਿਲ੍ਹੇ ਦੇ ਗੁਬੰਦ ਤੇ ਚੜ੍ਹਨ ਵਾਲੇ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।