ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ਵਿੱਚ ਦਿੱਲੀ ਪੁਲੀਸ ਦੀ ਰੇਡ
ਜਲੰਧਰ, 29 ਜਨਵਰੀ (ਸ.ਬ.) 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ਵਿੱਚ ਵਾਪਰੀ ਹਿੰਸਾ ਦੇ ਤਾਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਜੁੜਦੇ ਵਿਖਾਈ ਦੇ ਰਹੇ ਹਨ। ਇਸੇ ਸਬੰਧ ਵਿੱਚ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਲ ਕਿਲ੍ਹੇ ਦੀ ਹਿੰਸਾ ਦੇ ਸਬੰਧ ਵਿੱਚ ਇਹ ਪਤਾ ਲੱਗਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਦੌਰਾਨ ਜਲੰਧਰ ਦਾ ਇਕ ਨੌਜਵਾਨ ਵੀ ਸ਼ਾਮਲ ਸੀ। ਇਸੇ ਸਬੰਧ ਵਿੱਚ ਦਿੱਲੀ ਪੁਲੀਸ ਵੱਲੋਂ ਜਲੰਧਰ ਵਿਖੇ ਅੱਜ ਅਚਾਨਕ ਰੇਡ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਪੁਲੀਸ ਵੱਲੋਂ ਜਲੰਧਰ ਦੇ ਬਸਤੀ ਪੀਰਦਾਦ ਇਲਾਕੇ ਵਿੱਚ ਇਕ ਨੌਜਵਾਨ ਦੇ ਘਰ ਵਿੱਚ ਅਚਾਨਕ ਰੇਡ ਕੀਤੀ ਗਈ ਪਰ ਉਕਤ ਨੌਜਵਾਨ ਉਥੇ ਕਿਤੇ ਵੀ ਨਹੀਂ ਮਿਲਿਆ। ਇਸ ਸਬੰਧੀ ਏ. ਸੀ. ਪੀ. ਪਲਵਿੰਦਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਪੁਲੀਸ ਵੱਲੋਂ ਉਕਤ ਨੌਜਵਾਨ ਦੇ ਘਰ ਵਿੱਚ ਸਵੇਰੇ ਅਚਾਨਕ ਛਾਪਾ ਮਾਰਿਆ ਗਿਆ ਹੈ। ਇਥੇ ਹੈਰਾਨ ਕਰ ਦੇਣ ਵਾਲੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦਿੱਲੀ ਪੁਲੀਸ ਵੱਲੋਂ ਜਲੰਧਰ ਵਿੱਚ ਰੇਡ ਕਰਨ ਨੂੰ ਲੈ ਕੇ ਕੋਈ ਵੀ ਰਾਬਤਾ ਨਹੀਂ ਕੀਤਾ ਗਿਆ ਹੈ ਅਤੇ ਬਿਨਾਂ ਰਾਬਤਾ ਕਾਇਮ ਕੀਤੇ ਹੀ ਦਿੱਲੀ ਪੁਲੀਸ ਵੱਲੋਂ ਅਚਾਨਕ ਅੱਜ ਸਵੇਰੇ ਉਕਤ ਨੌਜਵਾਨ ਦੇ ਘਰ ਛਾਪਾ ਮਾਰਿਆ ਗਿਆ।
ਜ਼ਿਕਰਯੋਗ ਹੈ ਕਿ ਕਿਸਾਨ ਟਰੈਕਟਰ ਪਰੇਡ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਦੇ 37 ਕਿਸਾਨ ਆਗੂਆਂ ਤੇ ਦਿੱਲੀ ਪੁਲੀਸ ਵਲੋਂ ਐਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲੀਸ ਵੱਲੋਂ ਦਾਇਰ ਕੀਤੀ ਗਈ ਇਸ ਐਫ.ਆਈ.ਆਰ. ਵਿੱਚ ਇਨ੍ਹਾਂ 37 ਕਿਸਾਨ ਆਗੂਆਂ ਤੇ ਅਪਰਾਧਿਕ ਸਾਜਿਸ਼, ਲੁੱਟ, ਡਕੈਤੀ ਦੌਰਾਨ ਮਾਰੂ ਹਥਿਆਰਾਂ ਦੀ ਵਰਤੋਂ ਕਤਲ ਦੀ ਕੋਸ਼ਿਸ਼ ਵਰਗੀਆਂ 13 ਵੱਡੀਆਂ ਧਰਾਵਾਂ ਲਗਾਇਆਂ ਗਈਆਂ ਹਨ। ਪੁਲਸ ਨੇ ਕਿਸਾਨ ਆਗੂਆਂ ਖ਼ਿਲਾਫ਼ ਅੱਜ ਲੁੱਕ ਆਊਟ ਨੋਟਿਸ ਵੀ ਜਾਰੀ ਕੀਤੇ ਹਨ।