ਲਾਲ ਬੱਤੀ ਦੀ ਉਲੰਘਣਾ ਕਰਕੇ ਮੌਤ ਨੂੰ ਮਖੌਲ ਕਰਦੇ ਹਨ ਵੱਡੀ ਗਿਣਤੀ ਵਾਹਨ ਚਾਲਕ

ਲਾਲ ਬੱਤੀ ਦੀ ਉਲੰਘਣਾ ਕਰਕੇ ਮੌਤ ਨੂੰ ਮਖੌਲ ਕਰਦੇ ਹਨ ਵੱਡੀ ਗਿਣਤੀ ਵਾਹਨ ਚਾਲਕ
ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਚਲਾਨ ਕਰਨ ਤੱਕ ਸੀਮਿਤ
ਐਸ ਏ ਐਸ ਨਗਰ, 28 ਨਵੰਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਪ੍ਰਸ਼ਾਸਨ ਵਲੋਂ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਚੌਂਕਾਂ ਵਿੱਚ ਟ੍ਰੈਫਕ ਲਾਈਟਾਂ ਲਗਾਈਆਂ ਹੋਈਆਂ ਹਨ ਪਰ ਹਰ ਦਿਨ ਹੀ ਵੇਖਣ ਵਿੱਚ ਆਇਆ ਹੈ ਕਿ ਚੌਂਕਾਂ ਵਿੱਚ ਲੱਗੀਆਂ ਟ੍ਰੈਫਿਕ ਨਿਯਮਾਂ ਦੀ ਅਨੇਕਾਂ ਹੀ ਵਾਹਨ ਚਾਲਕ ਘੱਟ ਹੀ ਪਰਵਾਹ ਕਰਦੇ ਹਨ| ਅਨੇਕਾਂ ਵਾਹਨ ਚਾਲਕ ਰੈੱਡ ਲਾਈਟ ਹੋਣ ਤੇ ਰੁਕਣ ਦੀ ਥਾਂ ਆਪਣੇ ਵਾਹਨ ਨੂੰ ਹੋਰ ਤੇਜ ਕਰਕੇ ਲੰਘਣ ਨੂੰ ਤਰਜੀਹ ਦਿੰਦੇ ਹਨ ਇਸ ਤਰ੍ਹਾਂ ਮੌਤ ਨੂੰ ਮਖੌਲ ਕਰਦੇ ਅਜਿਹੇ ਵਾਹਨ ਚਾਲਕ ਖੁਦ ਤਾਂ ਆਪਣੀ ਜਾਨ ਖਤਰੇ ਵਿੱਚ ਪਾਉਂਦੇ ਹੀ ਹਨ ਸਗੋਂ ਦੂਜੇ ਪਾਸੇ ਤੋਂ ਹਰਾ ਸਿੰਗਨਲ ਮਿਲਣ ਤੇ ਚਲੇ ਹੋਏ ਵਾਹਨਾਂ ਦੇ ਚਾਲਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ| ਕਿਸੇ ਵਾਹਨ  ਵਲੋਂ ਰੈਡ ਲਾਈਟ ਨੂੰ ਜੰਪ ਕਰਨ ਨਾਲ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ ਪਰ ਅੱਜ ਕਲ ਕੌਣ ਕਿਸੇ ਦੀ ਪਰਵਾਹ ਕਰਦਾ ਹੈ ਅਤੇ ਇਹ ਸਾਰਾ ਕੁਝ ਹਰ ਦਿਨ ਹੀ ਹਰ ਚੌਂਕ ਵਿੱਚ ਹੀ ਵਾਪਰ ਰਿਹਾ ਹੈ|
ਜੇ ਮੁਹਾਲੀ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਨੂੰ ਵੇਖਿਆ ਜਾਵੇ ਤਾਂ ਇਸ ਪੁਲੀਸ ਦਾ ਸਾਰਾ ਜੋਰ ਵਾਹਨ ਚਾਲਕਾਂ ਦੇ ਚਲਾਨ ਕਰਨ ਵੱਲ ਹੀ ਲੱਗਿਆ ਰਹਿੰਦਾ ਹੈ| ਜਿਹੜੇ ਚੌਕਾਂ ਵਿੱਚ ਟ੍ਰੈਫਿਕ ਪੁਲੀਸ ਮੁਲਾਜਮ ਖੜੇ ਰਹਿੰਦੇ ਹਨ ਉਥੇ ਤਾਂ ਮਜਬੂਰੀ ਵਸ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਨਜਰ ਆਉਂਦੇ ਹਨ ਬਾਕੀ ਚੌਂਕਾਂ ਦਾ ਤਾਂ ਹਾਲ ਇਹ ਹੈ ਕਿ ਹਰ ਕੋਈ ਹੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਰੈੱਡ ਲਾਈਟ ਵੀ ਜੰਪ ਕਰਦਾ ਰਹਿੰਦਾ ਹੈ|
ਬੁਧੀਜੀਵੀ ਵਰਗ ਦਾ ਕਹਿਣਾ ਹੈ ਕਿ ਅਸਲ ਵਿੱਚ ਸ਼ਹਿਰ ਵਾਸੀਆਂ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕਤਾ ਦੀ ਘਾਟ ਹੈ| ਚਾਹੀਦਾ ਤਾਂ ਇਹ ਹੈ ਕਿ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਉਚਿਤ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾਵੇ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਵੀ ਰੋਕਿਆ ਜਾ ਸਕੇ ਅਤੇ ਹਾਦਸਿਆਂ ਤੋਂ ਬਚਾਓ ਹੋ ਸਕੇ|

Leave a Reply

Your email address will not be published. Required fields are marked *