ਲਾਲ ਬੱਤੀ ਹੋਣ ਸਾਰ ਹੀ ਕੁੰਭੜਾ ਚੌਂਕ ਵਿੱਚ ਲੱਗ ਜਾਂਦੀਆਂ ਨੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ

ਐਸ ਏ ਐਸ ਨਗਰ, 11 ਅਪ੍ਰੈਲ (ਜਗਮੋਹਨ ਸਿੰਘ) ਮੁਹਾਲੀ ਸ਼ਹਿਰ ਵਿੱਚ ਜਿਵੇਂ ਜਿਵੇਂ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉਸੇ ਤਰ੍ਹਾਂ ਹੀ ਇਸ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ| ਸਥਾਨਕ ਕੁੰਭੜਾ ਚੌਂਕ ਦਾ ਤਾਂ ਇਹ ਹਾਲ ਹੈ ਕਿ ਹਰ ਸਮੇਂ ਹੀ ਉਥੇ ਭਾਰੀ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਜਦੋਂ ਵੀ ਲਾਲ ਬੱਤੀ ਹੁੰਦੀ ਹੈ ਤਾਂ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ| ਇਸ ਤੋਂ ਇਲਾਵਾ ਅਨੇਕਾਂ ਹੀ ਵਾਹਨ ਚਾਲਕ ਆਪਣੀਆਂ ਕਾਰਾਂ ਅਤੇ ਹੋਰ ਵਾਹਨਾਂ ਨੂੰ ਇਕ ਲਾਈਨ ਵਿੱਚ ਲਗਾਉਣ ਦੀ ਥਾਂ ਟੇਢੇ ਮੇਢੇ ਢੰਗ ਨਾਲ ਖੜਾ ਦਿੰਦੇ ਹਨ,ਜਿਸ ਕਾਰਨ ਉਥੇ ਜਾਮ ਲੱਗ ਜਾਂਦਾ ਹੈ| ਜਿਸ ਕਾਰਨ ਕਈ ਵਾਰ ਵਾਹਨ ਚਾਲਕਾਂ ਦੀ ਆਪਸ ਵਿੱਚ ਬਹਿਸ ਵੀ ਹੋ ਜਾਂਦੀ ਹੈ,ਜੋ ਕਿ ਬਾਅਦ ਵਿਚ ਝਗੜੇ ਵਿੱਚ ਬਦਲ ਜਾਂਦੀ ਹੈ|
ਕੁੰਭੜਾ ਚੌਂਕ ਮੁਹਾਲੀ ਸ਼ਹਿਰ ਦਾ ਮੁੱਖ ਚੌਂਕ ਹੈ, ਜਿਥੋਂ ਹਰ ਦਿਨ ਹਜਾਰਾਂ ਹੀ ਵਾਹਨ ਗੁਜਰਦੇ ਹਨ| ਇਸ ਤੋਂ ਇਲਾਵਾ ਪਟਿਆਲਾ, ਰਾਜਪੁਰਾ, ਬਨੂੰੜ, ਸਰਹਿੰਦ ਲੁਧਿਆਣਾ ਦੇ ਵਲੋਂ ਆ ਰਹੇ ਵਾਹਨ ਵੀ ਕੁੰਭੜਾ ਚੌਂਕ ਵਿਚੋਂ ਹੀ ਗੁਜਰਦੇ ਹਨ| ਇਹਨਾਂ ਵਾਹਨਾਂ ਵਿੱਚ ਸਰਕਾਰੀ ਤੇ ਪ੍ਰਾਈੇਵੇਟ ਬੱਸਾਂ ਵੀ ਹੁੰਦੀਆਂ ਹਨ| ਹਰ ਕੋਈ ਹੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ, ਜਿਸ ਕਰਕੇ ਇਸ ਚੌਂਕ ਵਿੱਚ ਅਕਸਰ ਹੀ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ| ਭਾਵੇਂ ਕਿ ਅਕਸਰ ਹੀ ਇਸ ਚੌਂਕ ਵਿੱਚ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਵੀ ਇਸ ਚੌਂਕ ਵਿੱਚ ਮੌਜੂਦ ਹੁੰਦੇ ਹਨ ਪਰ ਵਧ ਰਹੇ ਟ੍ਰੈਫਿਕ ਅੱਗੇ ਉਹ ਵੀ ਬੇਬਸ ਨਜਰ ਆਉਂਦੇ ਹਨ| ਇਸ ਕਾਰਨ ਕੁੰਭੜਾ ਚੌਂਕ ਵਿੱਚ ਲਾਲਬੱਤੀ ਹੋਣ ਸਾਰ ਹੀ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਨਜਰ ਆਉਣ ਲੱਗਦੀਆਂ ਹਨ|

Leave a Reply

Your email address will not be published. Required fields are marked *