ਲਾਲ ਲਕੀਰ ਵਾਲੀਆਂ ਜਮੀਨਾਂ ਦੀ ਮਲਕੀਅਤ ਮਾਲ ਰਿਕਾਰਡ ਵਿੱਚ ਕਬਜਾਕਾਰਾਂ ਦੇ ਨਾਮ ਕੀਤੀ ਜਾਵੇ : ਲਾਈਰਜ ਯੂਨੀਅਨ

ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 30 ਨਵੰਬਰ (ਸ.ਬ.) ਆਲ ਇੰਡੀਆ ਲਾਇਰਜ ਯੂਨੀਅਨ ਪੰਜਾਬ ਇਕਾਈ ਵਲੋਂ ਡੀ ਸੀ ਮੁਹਾਲੀ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਲਾਲ ਲਕੀਰ ਵਾਲੀਆਂ ਜਮੀਨਾਂ ਦੀ ਮਲਕੀਅਤ ਮਾਲ ਰਿਕਾਰਡ ਵਿੱਚ ਕਬਜਾਕਾਰਾਂ ਦੇ ਨਾਮ ਕੀਤੀ ਜਾਵੇ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੀ ਪੰਜਾਬ ਇਕਾਈ ਦੇ ਕਾਰਜਕਾਰਨੀ ਮੈਂਬਰ ਸ੍ਰੀ ਜਸਬੀਰ ਸਿੰਘ ਚੌਹਾਨ ਅਤੇ ਆਲ ਇੰਡੀਆ ਲਾਇਰਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸ੍ਰ. ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਦੇ ਅੰਦਰ ਆਉਂਦੀਆਂ ਜਮੀਨਾਂ ਵਿੱਚ ਵੱਡੀ ਗਿਣਤੀ ਲੋਕਾਂ ਕੋਲ ਅਜਿਹੀ ਜਮੀਨ ਹੈ, ਜੋ ਕਿ ਲਾਲ ਲਕੀਰ ਵਾਲੀ ਜਮੀਨ ਜਾਂ ਆਬਾਦੀ ਦੇਹ ਜਮੀਨ ਕਹਾਉਂਦੀ ਹੈ, ਇਸ ਤਰ੍ਹਾਂ ਦੀ ਜਮੀਨ ਉਪਰ ਲੋਕਾਂ ਨੇ ਕਰੋੜਾਂ ਰੁਪਏ ਲਗਾ ਕੇ ਆਪਣੇ ਘਰ ਬਣਾਏ ਹੋਏ ਹਨ ਜੋ ਵਿਅਕਤੀ ਇਹਨਾਂ ਜਮੀਨਾਂ ਉਪਰ ਕਾਬਜ ਹੈ, ਉਹ ਵਿਅਕਤੀ ਹੀ ਇਹਨਾਂ ਜਮੀਨਾਂ ਦਾ ਮਾਲਕ ਹੈ| ਇਹਨਾਂ ਸਾਰੀਆਂ ਜਮੀਨਾਂ ਦਾ ਨੰਬਰ ਇਕ ਹੈ ਪਰ ਮਾਲ ਰਿਕਾਰਡ ਵਿੱਚ ਇਹਨਾਂ ਜਮੀਨਾਂ ਦੇ ਕਿਸੇ ਮਾਲਕ ਦਾ ਨਾਮ ਦਰਜ ਨਹੀਂ| ਮਾਲ ਰਿਕਾਰਡ ਵਿੱਚ ਕਿਸੇ ਵਿਅਕਤੀ ਦੇ ਨਾਮ ਇਹ ਜਮੀਨਾਂ ਨਾ ਬੋਲਦੀਆਂ ਹੋਣ ਕਰਕੇ ਇਹਨਾਂ ਜਮੀਨਾਂ ਉਪਰ ਆਬਾਦ ਵਿਅਕਤੀਆਂ ਨੂੰ ਨਾ ਤਾਂ ਕਰਜਾ ਮਿਲ ਸਕਦਾ ਹੈ ਅਤੇ ਨਾ ਹੀ ਇਹਨਾਂ ਜਮੀਨਾਂ ਦੀ ਰਜਿਸਟਰੀ ਹੋ ਸਕਦੀ ਹੈ|
ਉਹਨਾਂ ਕਿਹਾ ਕਿ ਜਦੋਂ ਇਹਨਾਂ ਜਮੀਨਾਂ ਉਪਰ ਘਰ ਬਣਾ ਕੇ ਰਹਿ ਰਹੇ ਲੋਕਾਂ ਦੇ ਬੱਚੇ ਵਿਦੇਸ਼ ਪੜਾਈ ਕਰਨ ਲਈ ਅਪਲਾਈ ਕਰਦੇ ਹਨ ਤਾਂ ਵਿਦੇਸ਼ ਸਰਕਾਰ ਉਹਨਾਂ ਤੋਂ ਉਹਨਾਂ ਦੀ ਰਿਹਾਇਸ਼ ਅਤੇ ਜਮੀਨ ਦੇ ਸਬੂਤ ਮੰਗਦੀ ਹੈ ਪਰ ਉਹ ਇਹਨਾਂ ਜਮੀਨਾਂ ਉਪਰ ਕਾਬਜ ਹੋਣ ਦੇ ਬਾਵਜੂਦ ਇਹਨਾਂ ਦੀ ਮਾਲਕੀ ਆਪਣੇ ਨਾਮ ਨਹੀਂ ਦਿਖਾ ਸਕਦੇ|
ਉਹਨਾਂ ਮੰਗ ਕੀਤੀ ਕਿ ਇਹਨਾਂ ਜਮੀਨਾਂ ਦੀ ਵੱਖਰੀ ਜਮਾਂਬੰਦੀ ਬਣਾ ਕੇ ਉਸ ਜਮੀਨ ਦੇ ਕਾਬਜ ਲੋਕਾਂ ਨੂੰ ਮਾਲਕੀ ਦੇ ਹੱਕ ਦਿਤੇ ਜਾਣ| ਇਸ ਮੌਕੇ ਸੂਬਾ ਕਾਰਜਕਾਰੀ ਮੈਂਬਰ ਸ੍ਰ. ਜਸਪਾਲ ਸਿੰਘ ਦੱਪਰ, ਅਮਰਜੀਤ ਸਿੰਘ ਲੌਂਗੀਆ, ਲਲਿਤ ਸੂਦ ਅਤੇ ਗੁਰਚਰਨ ਸੋੰਘ ਐਡਵੋਕੇਟ ਵੀ ਹਾਜਿਰ ਸਨ| ਪੱਤਰ ਦੀਆਂ ਕਾਪੀਆਂ ਮਾਲ ਮੰਤਰੀ ਪੰਜਾਬ, ਪੰਜਾਬ ਦੇ ਸਾਰੇ ਵਿਧਾਇਕਾਂ, ਮੁੱਖ ਸਕੱਤਰ ਪੰਜਾਬ, ਸਕੱਤਰ ਮਾਲ ਵਿਭਾਗ ਪੰਜਾਬ, ਐਫ ਸੀ ਆਰ ਪੰਜਾਬ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਅਤੇ ਮੰਤਰੀ ਸਥਾਨਕ ਸਰਕਾਰ ਨੂੰ ਵੀ ਭੇਜੀਆਂ ਗਈਆਂ ਹਨ|

Leave a Reply

Your email address will not be published. Required fields are marked *