ਲਾਹੌਰ ਵਿੱਚ ਆਤਮਘਾਤੀ ਹਮਲੇ ਵਿੱਚ ਸ਼ਾਮਿਲ 10 ਅੱਤਵਾਦੀਆਂ ਦੀ ਮੌਤ

ਲਾਹੌਰ, 8 ਅਪ੍ਰੈਲ (ਸ.ਬ.) ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਬੀਤੀ 13 ਫਰਵਰੀ ਨੂੰ ਮਾਲ ਰੋਡ ਤੇ ਹੋਏ ਆਤਮਘਾਤੀ ਹਮਲੇ ਵਿੱਚ ਸ਼ਾਮਿਲ 10 ਅੱਤਵਾਦੀ ਅੱਜ ਤੜਕੇ ਪੁਲੀਸ ਨਾਲ ਹੋਈ ਗੋਲੀਬਾਰੀ ਵਿੱਚ ਮਾਰੇ ਗਏ| ਇਹ ਅੱਤਵਾਦੀ ਜਮਾਤ-ਉਲ-ਅਹਿਰਾਰ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਸੰਗਠਨਾਂ ਨਾਲ ਸੰਬੰਧ ਰੱਖਦੇ ਸਨ| ਪੰਜਾਬ ਪੁਲੀਸ ਦੇ ਅੱਤਵਾਦ ਰੋਕੂ ਸੰਗਠਨ (ਸੀ.ਟੀ.ਡੀ.) ਮੁਤਾਬਕ ਮਾਰੇ ਗਏ ਅੱਤਵਾਦੀ ਇਸ ਸਾਲ ਫਰਵਰੀ ਵਿੱਚ ਲਾਹੌਰ ਦੇ ਮਾਲ ਰੋਡ ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਾਮਲ ਸਨ| ਇਸ ਆਤਮਘਾਤੀ ਹਮਲੇ ਵਿੱਚ 2 ਸੀਨੀਅਰ ਪੁਲੀਸ ਅਧਿਕਾਰੀਆਂ ਸਮੇਤ 15 ਲੋਕ ਮਾਰੇ ਗਏ ਸਨ ਅਤੇ 71 ਤੋਂ ਵਧ ਲੋਕ ਜ਼ਖਮੀ ਹੋਏ ਸਨ|
ਜਮਾਤ-ਉਲ-ਅਹਿਰਾਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ| ਸੀ.ਟੀ.ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਜ ਸਵੇਰੇ ਸੀ.ਟੀ.ਡੀ. ਦੀ ਇਕ ਟੀਮ ਮਾਲ ਰੋਡ ਆਤਮਘਾਤੀ ਹਮਲੇ ਨਾਲ ਜੁੜੇ ਅਨਵਾਰਲ ਹੱਕ, ਇਰਫਾਨ ਅਤੇ ਇਮਾਮ ਸ਼ਾਹ ਨਾਂ ਦੇ ਤਿੰਨ ਅੱਤਵਾਦੀਆਂ ਨੂੰ ਉਸ ਥਾਂ ਦੀ ਪਛਾਣ ਲਈ ਲੈ ਕੇ ਗਈ, ਜਿੱਥੇ ਉਨ੍ਹਾਂ ਨੇ ਹਥਿਆਰ ਅਤੇ ਗੋਲਾ-ਬਾਰੂਦ ਲੁਕਾ ਕੇ ਰੱਖੇ ਸਨ| ਉੱਥੇ ਪਹੁੰਚਣ ਤੇ ਇਨ੍ਹਾਂ ਅੱਤਵਾਦੀਆਂ ਦੇ ਸਹਿਯੋਗੀਆਂ ਨੇ ਪੁਲੀਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਟੀਮ ਨੇ ਵੀ ਜਵਾਬੀ ਗੋਲੀਬਾਰੀ ਕੀਤੀ| ਇਸ ਵਿੱਚ 10 ਅੱਤਵਾਦੀ ਮਾਰੇ ਗਏ| ਮਰਨ ਵਾਲਿਆਂ ਵਿੱਚ ਅਨਵਾਰਲ ਹੱਕ, ਇਰਫਾਨ ਅਤੇ ਇਮਾਮ ਸ਼ਾਹ ਵੀ ਸ਼ਾਮਲ ਹਨ| ਪੁਲੀਸ ਨੇ ਅਨਵਾਰਲ ਹੱਕ ਨੂੰ ਸੀ. ਸੀ. ਟੀ. ਵੀ. ਦੀ ਮਦਦ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਹੋਰ ਸਹਿਯੋਗੀਆਂ ਨੂੰ ਬਾਜੌਰ ਕਬਾਇਲੀ ਇਲਾਕੇ ਤੋਂ ਫੜਿਆ ਸੀ| ਪੁਲੀਸ ਟੀਮ ਤੇ ਹਮਲਾ ਕਰਨ ਵਾਲੇ 7 ਅੱਤਵਾਦੀਆਂ ਵਿੱਚੋਂ 2 ਦੀ ਪਛਾਣ ਅਤਾਉਰ ਰਹਿਮਾਨ ਅਤੇ ਅਬਦੁੱਲਾ ਦੇ ਰੂਪ ਵਿੱਚ ਹੋਈ ਹੈ|

Leave a Reply

Your email address will not be published. Required fields are marked *