ਲਿਫਟਿੰਗ ਸਬੰਧੀ ਅਣਗਹਿਲੀ ਨੂੰ ਲੈ ਕੇ ਖ਼ੁਰਾਕ ਸਪਲਾਈ ਅਫ਼ਸਰ ਖਰੜ ਖ਼ਿਲਾਫ਼ ਕਾਰਵਾਈ ਦੀ ਸਿਫਾਰਿਸ਼: ਡੀ.ਸੀ.

ਐਸ.ਏ.ਐਸ.ਨਗਰ, 21 ਅਪ੍ਰੈਲ (ਸ.ਬ.) ਖਰੜ ਅਨਾਜ ਮੰਡੀ ਵਿੱਚ ਚੁਕਾਈ ਦੀ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਅਨਾਜ ਮੰਡੀ ਖਰੜ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਅਣਗਹਿਲੀ ਸਬੰਧੀ ਖ਼ੁਰਾਕ ਸਪਲਾਈ ਅਫ਼ਸਰ, ਖਰੜ ਸ੍ਰੀਮਤੀ ਸ਼ਿਫਾਲੀ ਚੋਪੜਾ ਜ਼ਿੰਮੇਵਾਰ ਹਨ ਤੇ ਪ੍ਰਮੁੱਖ ਸਕੱਤਰ, ਖੁਰਾਕ ਅਤੇ ਸਿਵਲ ਸਪਲਾਈ ਖ਼ਪਤਕਾਰ ਮਾਮਲੇ, ਪੰਜਾਬ ਨੂੰ ਪੱਤਰ ਭੇਜ ਕੇ ਇਸ ਅਧਿਕਾਰੀ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ| ਇਸ ਦੇ ਨਾਲ ਹੀ ਡੀ.ਐਫ.ਐਸ.ਸੀ. ਸੁਖਵਿੰਦਰ ਸਿੰਘ ਨੂੰ ਵੀ ਮੌਖਿਕ ਤਾੜਨਾ ਕਰ ਦਿੱਤੀ ਗਈ ਹੈ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਐਸ.ਡੀ.ਐਮ. ਖਰੜ, ਡੀ.ਐਫ. ਐਸ. ਸੀ. ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਲੈ ਕੇ ਖਰੜ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ| ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਚੁਕਾਈ ਨਾ ਹੋਣ ਕਾਰਨ ਬੋਲੀ ਲਾਉਣ ਲਈ ਥਾਂ ਬਹੁਤ ਘੱਟ ਸੀ| ਚੁਕਾਈ ਦੇ ਕੰਮ ਨੂੰ ਖੁਰਾਕ ਸਪਲਾਈ ਅਫ਼ਸਰ, ਖਰੜ ਵੱਲੋਂ ਲੋੜੀਂਦੀ ਤਰਜੀਹ ਨਹੀਂ ਦਿੱਤੀ ਗਈ ਅਤੇ ਨਾ ਹੀ ਮੌਕੇ ਅਨੁਸਾਰ ਕੋਈ ਸਮੱਸਿਆ ਕਿਸੇ ਵੀ ਪੱਧਰ ਦੇ ਅਧਿਕਾਰੀ ਨੂੰ ਦੱਸੀ ਗਈ| ਖੁਰਾਕ ਸਪਲਾਈ ਅਫ਼ਸਰ ਤਾਲਮੇਲ ਸਬੰਧੀ ਅਣਗਹਿਲੀ ਲਈ ਵੀ ਜ਼ਿੰਮੇਵਾਰ ਹੈ| ਪਿਛਲੇ ਦਿਨਾਂ ਦੌਰਾਨ ਇਸ ਅਧਿਕਾਰੀ ਨੇ ਚੁਕਾਈ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ| ਉਹਨਾਂ ਦੱਸਿਆ ਕਿ ਹੁਣ ਚੁਕਾਈ ਦਾ ਕੰਮ ਸੁਚਾਰੂ ਰੂਪ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਐਸ.ਡੀ.ਐਮ. ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੂੰ ਇਸ ਸਬੰਧੀ ਨਿੱਜੀ ਤੌਰ ਤੇ ਮਾਨੀਟਰਿੰਗ ਦੇ ਆਦੇਸ਼ ਦਿੱਤੇ ਗਏ ਹਨ|
ਉਹਨਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰੋਜ਼ਾਨਾ ਦੀ ਮੀਟਿੰਗ ਵਿੱਚ ਵੀ ਪਨਗਰੇਨ, ਮਾਰਕਫੈਡ, ਪੰਜਾਬ ਐਗਰੋ ਅਤੇ ਪਨਸਪ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਖਰੜ ਅਨਾਜ ਮੰਡੀ ਵਿੱਚ ਕਣਕ ਦੀ ਚੁਕਾਈ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ| ਸ੍ਰੀਮਤੀ ਸਪਰਾ ਨੇ ਕਿਹਾ ਕਿ ਕਣਕ ਦੀ ਖ਼ਰੀਦ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਣ ਦਿੱਤੀ ਜਾਵੇਗੀ|

Leave a Reply

Your email address will not be published. Required fields are marked *