ਲਿਮਕਾ ਬੁੱਕ ਆਫ ਰਿਕਾਰਡਜ਼’ ਵਿੱਚ ਦਰਜ ਹੋਇਆ ਵਿਰਾਸਤ-ਏ-ਖਾਲਸਾ

‘ਚੰਡੀਗੜ੍ਹ, 11 ਜਨਵਰੀ (ਸ.ਬ.) ਪੰਜਾਬ ਸਰਕਾਰ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ-ਏ-ਖਾਲਸਾ ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਿਆ ਹੈ ਜਿਸ ਦੀ ਪੁਸ਼ਟੀ ‘ਲਿਮਕਾ ਬੁੱਕ ਆਫ ਰਿਕਾਰਡਜ਼’ ਵੱਲੋਂ ਕੀਤੀ ਗਈ ਹੈ| ਇਹ ਜਾਣਕਾਰੀ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦਿੱਤੀ| ਸ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਸੱਭਿਆਚਾਰ, ਵਿਰਾਸਤ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਾਂਭਣ ਦਾ ਯਤਨ ਕੀਤਾ ਹੈ| ਇਹੋ ਕਾਰਨ ਹੈ ਕਿ ਅੱਜ ਪੰਜਾਬ ਦੁਨੀਆਂ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਵਿਸ਼ਵ ਭਰ ਦੇ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਹੁਣ ਸਮੁੱਚੇ ਭਾਰਤ ਵਿੱਚ ਪਹਿਲੇ ਨੰਬਰ ਤੇ ਆ ਗਿਆ ਹੈ| ਇੱਥੇ ਮਹਿਜ਼ 7 ਸਾਲਾਂ ਵਿੱਚ ਸੈਲਾਨੀਆਂ ਦੀ ਗਿਣਤੀ 97 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ| ਖਾਸ ਗੱਲ ਇਹ ਹੈ ਕਿ ਸਾਲ 2018 ਵਿੱਚ ਬੀਤੇ ਤਿੰਨ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਸੈਲਾਨੀ ਵਿਰਾਸਤ-ਏ-ਖਾਲਸਾ ਵੇਖਣ ਲਈ ਆਏ ਹਨ| ਇਸੇ ਕਰਕੇ ਲਿਮਕਾ ਬੁੱਕ ਆਫ ਰਿਕਾਰਡਜ਼ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ‘ਵਿਰਾਸਤ-ਏ-ਖਾਲਸਾ’ ਨੂੰ ਦੇਸ਼ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਮਿਊਜ਼ੀਅਮ ਮੰਨਿਆ ਗਿਆ ਹੈ|
ਸ. ਸਿੱਧੂ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਦੀਆਂ 27 ਗੈਲਰੀਆਂ ਹਨ ਅਤੇ ਇਨ੍ਹਾਂ ਗੈਲਰੀਆਂ ਦੇ ਵਿੱਚ ਪੰਜਾਬ ਦੇ ਅਮੀਰ ਤੇ ਗੌਰਵਮਈ 550 ਸਾਲਾਂ ਦੇ ਵਿਰਸੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਸੈਲਾਨੀਆਂ ਦੇ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਪਾਸ ਮੁਹੱਈਆ ਕਰਵਾਏ ਜਾਂਦੇ ਹਨ ਜਿਸਦੇ ਮਾਧਿਅਮ ਰਾਹੀਂ ਸਾਰੇ ਇਸ ਵਿਰਾਸਤ ਦੇ ਦਰਸ਼ਨ ਕਰ ਪਾਉਂਦੇ ਹਨ|
ਉਹਨਾਂ ਦੰਸਿਆ ਕਿ ਹਾਲ ਹੀ ਵਿੱਚ ਵਿਰਾਸਤ-ਏ-ਖਾਲਸਾ ਵੱਲੋਂ ਬਿਜਲੀ ਦੇ ਖਰਚੇ ਘਟਾਉਣ ਦੇ ਲਈ ਚੁੱਕੇ ਕਦਮਾਂ ਦੇ ਨਾਲ ਆਏ ਨਤੀਜਿਆਂ ਦੀ ਸਮੀਖਿਆ ਕਰਦੇ ਹੋਏ ਪੰਜਾਬ ਊਰਜਾ ਵਿਕਾਸ ਅਥਾਰਟੀ ਵੱਲੋਂ ਐਨਰਜੀ ਕੰਜ਼ਰਵੇਸ਼ਨ ਐਵਾਰਡ ਵੀ ਵਿਰਾਸਤ-ਏ-ਖਾਲਸਾ ਨੂੰ ਦਿੱਤਾ ਗਿਆ ਹੈ| ਬੀਤੇ ਵਰ੍ਹੇ ਦੌਰਾਨ ਵਿਰਾਸਤ-ਏ-ਖਾਲਸਾ ਦੇ ਮਹੀਨਾਵਾਰ ਬਿਜਲੀ ਦੇ ਬਿੱਲ ਵਿੱਚ 4 ਤੋਂ 5 ਲੱਖ ਰੁਪਏ ਦੀ ਜ਼ਿਕਰਯੋਗ ਬੱਚਤ ਵੀ ਕੀਤੀ ਗਈ ਹੈ|
ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਮਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਰੋਜ਼ਾਨਾ ਔਸਤਨ 5 ਹਜਾਰ ਤੋਂ ਵੱਧ ਸੈਲਾਨੀ ਦਰਸ਼ਨ ਕਰਨ ਲਈ ਆਉਂਦੇ ਹਨ ਜਦਕਿ ਬੀਤੇ ਤਿੰਨ ਸਾਲਾਂ ਦੀ ਤੁਲਨਾ ਵਿੱਚ ਸਾਲ 2018 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਸੈਲਾਨੀਆਂ ਵੱਲੋਂ ਵਿਰਾਸਤ-ਏ-ਖਾਲਸਾ ਦੇ ਦੀਦਾਰ ਕੀਤੇ ਗਏ ਹਨ|

Leave a Reply

Your email address will not be published. Required fields are marked *