ਲੀਬੀਆ ਦੇ ਸਮੁੰਦਰੀ ਕੰਢੇ ਕਿਸ਼ਤੀ ਡੁੱਬਣ ਕਾਰਨ 5 ਸ਼ਰਨਾਰਥੀਆਂ ਦੀ ਮੌਤ

ਤ੍ਰਿਪੋਲੀ, 19 ਜੂਨ (ਸ.ਬ.) ਲੀਬੀਆ ਦੇ ਸਮੁੰਦਰੀ ਕੰਢੇ ਕੋਲ ਸ਼ਰਨਾਰਥੀਆਂ ਦੀ ਇਕ ਕਿਸ਼ਤੀ ਡੁੱਬਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੇਸ਼ ਦੀ ਜਲ ਸੈਨਾ ਨੇ 100 ਤੋਂ ਵਧ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਹੈ| ਜਲ ਸੈਨਾ ਦੇ ਅਧਿਕਾਰੀ ਰਾਮੀ ਗੋਮਿਦ ਨੇ ਦੱਸਿਆ ਕਿ ਲੀਬੀਆ ਦੇ ਬਚਾਅ ਕਰਮਚਾਰੀਆਂ ਨੂੰ ਡੁੱਬ ਰਹੀ ਕਿਸ਼ਤੀ ਤੱਕ ਪਹੁੰਚਣ ਵਿੱਚ ਤਿੰਨ ਘੰਟੇ ਦਾ ਸਮਾਂ ਲੱਗਾ| ਉਨ੍ਹਾਂ ਨੇ ਕਿਹਾ, ”ਸੁਰੱਖਿਅਤ ਬਚਾਏ ਗਏ ਲੋਕਾਂ ਵਿੱਚੋਂ ਇਕ ਨੇ ਦੱਸਿਆ ਕਿ ਹਾਦਸੇ ਦੌਰਾਨ ਉਹ ਸਭ ਇਕ ਇਤਾਵਲੀ ਜਹਾਜ਼ ਕੋਲ ਪਹੁੰਚੇ ਸਨ ਪਰ ਉਸ ਨੇ ਸ਼ਰਨਾਰਥੀਆਂ ਨੂੰ ਬਚਾਉਣ ਤੋਂ ਇਨਕਾਰ ਕਰ ਦਿੱਤਾ|
ਡੁੱਬ ਰਹੀ ਕਿਸ਼ਤੀ ਤੋਂ ਲੀਬੀਆਈ ਬਚਾਅ ਜਹਾਜ਼ ਵਿਚ ਚੜ੍ਹਨ ਦੌਰਾਨ ਸ਼ਰਨਾਰਥੀਆਂ ਵਿੱਚ ਹਫੜਾ-ਦਫੜੀ ਮਚ ਗਈ| ਇਸ ਦੌਰਾਨ 3 ਔਰਤਾਂ ਅਤੇ ਦੋ ਬੱਚੇ ਸਮੁੰਦਰ ਵਿਚ ਡਿੱਗ ਗਏ, ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ| ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ| ਅਧਿਕਾਰੀ ਨੇ ਮਰਨ ਵਾਲਿਆਂ ਦੀ ਪਛਾਣ ਨਹੀਂ ਦੱਸੀ| ਉਨ੍ਹਾਂ ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 117 ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ| ਸੁਰੱਖਿਅਤ ਬਚਾਏ ਗਏ ਸਾਰੇ ਵਿਅਕਤੀਆਂ ਨੂੰ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਲਿਜਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *