ਲੀਬੀਆ ਵਿੱਚ ਤ੍ਰਿਪੋਲੀ ਬੀਚ ਤੇ ਰਾਕੇਟ ਹਮਲਾ, 5 ਵਿਅਕਤੀਆਂ ਦੀ ਮੌਤ
ਤ੍ਰਿਪੋਲੀ, 5 ਜੁਲਾਈ (ਸ.ਬ.) ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਇਕ ਬੀਚ ਤੇ ਰਾਕੇਟ ਹਮਲੇ ਵਿੱਚ 5 ਲੋਕ ਮਾਰੇ ਗਏ ਅਤੇ 25 ਹੋਰ ਜ਼ਖਮੀ ਹੋ ਗਏ| ਮ੍ਰਿਤਕਾਂ ਵਿੱਚ ਇਕ ਬੱਚਾ ਵੀ ਸ਼ਾਮਲ ਹੈ| ਲੀਬੀਆ ਦੇ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਰਾਜਧਾਨੀ ਦੇ ਪੂਰਬ ਵਿੱਚ ਮਿਤਿਗਾ ਹਵਾਈ ਅੱਡੇ ਦੇ ਸਾਹਮਣੇ ਬੀਚ ਤੇ ਧਮਾਕਾ ਹੋਇਆ| ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਹਵਾਈ ਅੱਡੇ ਦੇ ਅੰਦਰ ਸੁਰੱਖਿਆ ਫੋਰਸਾਂ ਅਤੇ ਇਕ ਪਾਬੰਦੀਸ਼ੁਦਾ ਸਮੂਹ ਵਿਚਾਲੇ ਝੜਪ ਹੋਈ|
ਸਾਲ 2014 ਦੇ ਮੱਧ ਵਿੱਚ ਵਿਰੋਧੀ ਧਿਰਾਂ ਵਿਚਾਲੇ ਲੜਾਈ ਵਿੱਚ ਹਵਾਈ ਅੱਡੇ ਨੂੰ ਬੁਰੀ ਤਰ੍ਹਾਂ ਨੁਕਸਾਨ ਪੁੱਜਾ ਸੀ| ਲੀਬੀਆ ਵਿੱਚ ਸਾਲ 2011 ਤੋਂ ਬਾਅਦ ਹੀ ਅਰਾਜਕਤਾ ਦੀ ਸਥਿਤੀ ਹੈ, ਜਦੋਂ ਲੰਬੇ ਸਮੇਂ ਤੱਕ ਦੇਸ਼ ਦੇ ਤਾਨਾਸ਼ਾਹ ਰਹੇ ਗੱਦਾਫੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ| ਇਸ ਤੋਂ ਬਾਅਦ ਵਿਰੋਧੀ ਪ੍ਰਸ਼ਾਸਨ ਅਤੇ ਮਿਲੀਸ਼ੀਆ ਤੇਲ ਸਾਧਨ ਨਾਲ ਸੰਪੰਨ ਦੇਸ਼ ਵਿੱਚ ਕੰਟਰੋਲ ਲਈ ਲੜ ਰਹੇ ਹਨ| ਉੱਤਰੀ ਅਫਰੀਕੀ ਦੇਸ਼ ਵਿੱਚ ਵਿਰੋਧੀ ਪ੍ਰਸ਼ਾਸਨ ਹੈ| ਪੂਰਬੀ ਹਿੱਸੇ ਵਿਚ ਪ੍ਰਸ਼ਾਸਨ ਨੂੰ ਰਾਜਧਾਨੀ ਸਥਿਤ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੇ ਗਵਰਨਮੈਂਟ ਆਫ ਨੈਸ਼ਨਲ ਐਕਾਰਡ (ਸਮਝੌਤੇ) ਦੀ ਮਾਨਤਾ ਪ੍ਰਾਪਤ ਨਹੀਂ ਹੈ|