ਲੁਟੇਰਿਆਂ ਵੱਲੋਂ ਪੁਲੀਸ ਦੇ ਸਿਪਾਹੀ ਦੀ ਕੁੱਟਮਾਰ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵਲੋਂ ਦੋ ਦੋਸ਼ੀ ਗ੍ਰਿਫਤਾਰ, ਤੀਜੇ ਦੀ ਭਾਲ ਜਾਰੀ

ਐਸ ਏ ਐਸ ਨਗਰ, 15 ਜੂਨ (ਸ.ਬ.) ਮੁਹਾਲੀ ਜਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਥੇ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਉਥੇ ਹੀ ਲੁਟੇਰਿਆਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਲੁਟੇਰਿਆਂ ਨੇ ਹੁਣ ਮੁਹਾਲੀ ਪੁਲੀਸ ਦੇ ਮੁਲਾਜਮਾਂ ਨੂੰ ਵੀ ਲੁੱਟਣਾ ਸ਼ੁਰੂ ਕਰ ਦਿੱਤਾ ਹੈ|
ਬੀਤੇ ਦਿਨੀਂ ਫੇਜ਼ 11 ਦੇ ਥਾਣੇ ਵਿੱਚ ਤੈਨਾਤ ਕਾਂਸਟੇਬਲ ਬਲਜੀਤ ਸਿੰਘ ਆਪਣੀ ਨਾਈਟ ਡਿਊਟੀ ਲਈ ਆਪਣੇ ਪਿੰਡ ਤੋਂ ਫੇਜ਼ 11 ਆ ਰਿਹਾ ਸੀ ਜਦੋਂ ਉਹ ਪਿੰਡ ਧਰਮਗੜ੍ਹ ਅਤੇ ਸਫੀਪੁਰ ਦੇ ਵਿਚਾਲੇ ਪਹੁੰਚਿਆ ਤਾਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਉਸ ਉਪਰ ਹਮਲਾ ਕਰ ਦਿੱਤਾ| ਇਹਨਾਂ ਲੁਟੇਰਿਆਂ ਨੇ ਬਲਜੀਤ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ| ਲੁਟੇਰੇ ਕਾਂਸਟੇਬਲ ਬਲਜੀਤ ਸਿੰਘ ਤੋਂ ਉਸਦਾ ਮੋਬਾਇਲ ਅਤੇ ਸੋਨੇ ਦੀ ਮੁੰਦਰੀ ਲੁੱਟ ਖੋਹ ਕੇ ਲੈ ਗਏ| ਇਸ ਮੌਕੇ ਲੁਟੇਰਿਆਂ ਨੇ ਬਲਜੀਤ ਸਿੰਘ ਤੋਂ ਨਗਦੀ ਵੀ ਖੋਹਣ ਦਾ ਯਤਨ ਕੀਤਾ ਪਰ ਉਸ ਵਿੱਚ ਉਹ ਸਫਲ ਨਹੀਂ ਹੋ ਸਕੇ|
ਇਸ ਸਬੰਧੀ ਸੋਹਾਣਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ, ਇਸੇ ਦੌਰਾਨ ਬੀਤੇ ਦਿਨ ਰਫੀਕ ਮੁਹੰਮਦ ਉਰਫ ਭੋਲਾ ਪਿੰਡ ਨਡਿਆਲਾ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਅੱਜ ਥਾਣਾ ਫੇਜ਼ 11 ਦੀ ਪੁਲੀਸ ਵਲੋਂ ਇਸ ਮਾਮਲੇ ਵਿੱਚ ਦੂਜੇ ਮੁਲਜਮ ਸਤਾਰ ਅਲੀ ਪੁਤਰ ਅਮਰਦੀਨ ਵਸਨੀਕ ਨਡਿਆਲਾ ਨੂੰ ਗ੍ਰਿਫਤਾਰ ਕਰਕੇ ਸੋਹਾਣਾ ਪੁਲੀਸ ਦੇ ਹਵਾਲੇ ਕਰ ਦਿੱਤਾ| ਮੁਲਜਮ ਸਤਾਰ ਅਲੀ ਪਲੰਬਰ ਦਾ ਕੰਮ ਕਰਦਾ ਹੈ, ਉਹ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ ਕਰ ਚੁੱਕਿਆ ਹੈ, ਪੁਲੀਸ ਅਨੁਸਾਰ ਸਤਾਰ ਅਲੀ ਪੰਦਰਾਂ ਦਿਨ ਪਹਿਲਾਂ ਇੱਕ ਮੰਦਰ ਦਾ ਤਾਲਾ ਤੋੜਦਾ ਫੜਿਆ ਗਿਆ ਸੀ ਤੇ ਅੱਜ ਕਲ ਇਸ ਮਾਮਲੇ ਵਿੱਚ ਜਮਾਨਤ ਉੱਪਰ ਚਲ ਰਿਹਾ ਸੀ| ਪੁਲੀਸ ਅਨੁਸਾਰ ਇਹ ਗਿਰੋਹ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਚੋਰੀਆਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਲੰਮੇ ਸਮੇ ਤੋਂ ਅੰਜਾਮ ਦੇ ਰਹੇ ਸਨ| ਇਹਨਾਂ ਦਾ ਤੀਜਾ ਸਾਥੀ ਅਜੇ ਤੱਕ ਫਰਾਰ ਹੈ, ਜਿਸ ਦੀ ਪੁਲੀਸ ਵਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *