ਲੁਪਤ ਹੁੰਦੀ ਜਾ ਰਹੀ ਪ੍ਰਜਾਤੀ ਦੇ 300 ਕਛੂਕੰਮੇ ਮੈਕਸੀਕੋ ਤੱਟ ਉੱਤੇ ਮਿਲੇ ਮ੍ਰਿਤਕ

ਮੈਕਸੀਕੋ, 30 ਅਗਸਤ (ਸ.ਬ.) ਦੱਖਣੀ ਮੈਕਸੀਕੋ ਦੇ ਤੱਟ ਉੱਤੇ ਲੁਪਤ ਹੁੰਦੀ ਜਾ ਰਹੀ ਪ੍ਰਜਾਤੀ ਦੇ 300 ਤੋਂ ਵਧੇਰੇ ਕਛੂਕੰਮੇ ਮ੍ਰਿਤਕ ਅਵਸਥਾ ਵਿਚ ਮਿਲੇ| ਵਾਤਾਵਰਣ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਇਹ ਕਛੂਕੰਮੇ ਮੱਛੀ ਫੜਨ ਵਾਲੇ ਉਸ ਕਿਸਮ ਦੇ ਜਾਲ ਵਿਚ ਫਸੇ ਹੋਏ ਸਨ, ਜਿਸ ਦੀ ਵਰਤੋਂ ਕਰਨ ਉੱਤੇ ਪਾਬੰਦੀ ਹੈ| ਮੈਕਸੀਕੋ ਦੇ ਤੱਟ ਉੱਤੇ ਬੀਤੇ ਕੁਝ ਹਫਤਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਕਛੂਕੰਮੇ ਮ੍ਰਿਤਕ ਮਿਲੇ ਹਨ| ਇਹ ਕਛੂਕੰਮੇ ਲੁਪਤ ਹੁੰਦੀ ਜਾ ਰਹੀ ਪੈਸੀਫਿਕ ਰਿਡਲੇ ਟਰਟਲ ਪ੍ਰਜਾਤੀ ਦੇ ਹਨ| ਇਹ ਕਛੂਕੰਮੇ ਓਕਸਾਕਾ ਸੂਬੇ ਦੇ ਪੁਓਰਟੋ ਐਸਕੋਡਿਨੋ ਤੱਟ ਉਤੇ ਮਿਲੇ|
ਵਾਤਾਵਰਣ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਕਛੂਕੰਮੇ 8 ਦਿਨ ਪਹਿਲਾਂ 120 ਮੀਟਰ ਲੰਬੇ ਮੱਛੀ ਦੇ ਜਾਲ ਵਿਚ ਫਸ ਕੇ ਡੁੱਬ ਗਏ ਸਨ| ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ 17 ਅਗਸਤ ਨੂੰ 122 ਸਮੁੰਦਰੀ ਕਛੂਕੰਮੇ ਗੁਆਂਢੀ ਰਾਜ ਚਿਆਪਾਸ ਵਿਚ ਤੱਟ ਉਤੇ ਮ੍ਰਿਤਕ ਮਿਲੇ ਸਨ| ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਲੱਗਭਗ ਇਸੇ ਪ੍ਰਜਾਤੀ ਦੇ ਸਨ| ਕੁਝ ਕਛੂਕੰਮਿਆਂ ਦੇ ਸ਼ੈਲ ਅਤੇ ਸਿਰ ਉਤੇ ਜ਼ਖਮ ਦੇ ਨਿਸ਼ਾਨ ਸਨ| ਜ਼ਿਕਰਯੋਗ ਹੈ ਕਿ ਮੈਕਸੀਕੋ ਨੇ ਸਾਲ 1990 ਵਿਚ ਸਮੁੰਦਰੀ ਕਛੂਕੰਮੇ ਨੂੰ ਫੜਨ ਉਤੇ ਪਾਬੰਦੀ ਲਗਾ ਦਿੱਤੀ ਸੀ|

Leave a Reply

Your email address will not be published. Required fields are marked *