ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਭਾਰਤੀ ਨਾਗਰਿਕ ਗ੍ਰਿਫਤਾਰ

ਰੋਮ, 25 ਫ ਰਵਰੀ (ਸ.ਬ.) ਇਟਲੀ ਵਿੱਚ ਬਹੁਤ ਸਾਰੇ ਭਾਰਤੀ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਹਨ ਪਰ ਇਨ੍ਹਾਂ ਵਿੱਚੋਂ ਕਈ ਵਿਅਕਤੀ ਗਲਤ ਕੰਮ ਕਰ ਰਹੇ ਹਨ| ਇਸ ਕਾਰਨ ਪੂਰੇ ਭਾਰਤ ਦਾ ਨਾਂ ਬਦਨਾਮ ਹੋ ਰਿਹਾ ਹੈ| ਇੱਥੇ ਪੁਲੀਸ ਨੇ ਲਵਜੀਤ ਸਿੰਘ ਨਾਂ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ| ਇਸ ਦੀ ਉਮਰ 25 ਸਾਲ ਹੈ ਅਤੇ ਸਤੰਬਰ 2016 ਤੋਂ ਹੁਣ ਤਕ ਲੁੱਟ-ਖੋਹ ਦੀਆਂ 3 ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ| ਇਹ ਹਰ ਵਾਰ ਸਕੂਟਰ ਤੇ ਜਾਂਦਾ ਸੀ ਅਤੇ ਇਕੱਲੀਆਂ ਜਾ ਰਹੀਆਂ ਬਜ਼ੁਰਗ ਔਰਤਾਂ ਲੁੱਟਦਾ ਸੀ| ਇਸ ਦੌਰਾਨ ਇਨ੍ਹਾਂ ਬਜ਼ੁਰਗ ਔਰਤਾਂ ਦੇ ਸੱਟਾਂ ਵੀ ਲੱਗੀਆਂ ਹਨ| ਪੁਲੀਸ ਨੇ ਦੱਸਿਆ ਕਿ ਪਹਿਲੀ ਲੁੱਟ-ਖੋਹ ਦੀ ਵਾਰਦਾਤ 23 ਸਤੰਬਰ, 2016 ਵਿੱਚ ਵਿਆਲੇ ਮਾਰੀਓਤੀ ਵਿਖੇ ਵਾਪਰੀ, ਜਿੱਥੇ 73 ਸਾਲਾ ਔਰਤ ਕੋਲੋਂ ਇਸ ਨੇ ਸੋਨੇ ਦੀ ਚੇਨ ਖੋਹ ਲਈ ਸੀ|
ਦੂਜੀ ਘਟਨਾ ਇਓਰੋਸੀਆ ਵਿਖੇ ਵਾਪਰੀ, ਜਿੱਥੇ ਇਕ 80 ਸਾਲਾ ਔਰਤ ਕੋਲੋਂ ਬੈਗ ਖੋਹ ਲਿਆ| ਇਸ ਵਿੱਚ 250 ਯੂਰੋ ਸਨ| ਇਹ ਔਰਤ ਬਹੁਤ ਡਰ ਗਈ ਅਤੇ ਡਿੱਗ ਗਈ ਜਿਸ ਕਾਰਨ ਇਸ ਦੇ ਪੇਟ ਦੇ ਹੇਠਲੇ ਹਿੱਸੇ ਵਿੱਚ ਸੱਟ ਲੱਗ ਗਈ| ਇਸ ਮਗਰੋਂ ਪੁਲੀਸ ਨੇ ਇਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਪਤਾ ਲੱਗਾ ਕਿ ਇਹ ਸਕੂਟਰ ਕਿਸੇ ਭਾਰਤੀ ਵਿਅਕਤੀ ਦਾ ਹੈ|
ਕੁੱਝ ਸਮੇਂ ਮਗਰੋਂ ਲਵਜੀਤ ਨੇ ਤੀਜੀ ਘਟਨਾ ਨੂੰ ਅੰਜਾਮ ਦਿੱਤਾ| ਉਸ ਨੇ 83 ਸਾਲਾ ਔਰਤ ਕੋਲੋਂ ਉਸ ਦਾ ਬੈਗ ਖੋਹ ਲਿਆ| ਇਸ ਵਿੱਚ ਲਗਭਗ 150 ਯੂਰੋ ਸਨ| ਇਨ੍ਹਾਂ ਸਾਰੀਆਂ ਵਾਰਦਾਤਾਂ ਮਗਰੋਂ ਪੁਲੀਸ ਲਗਾਤਾਰ ਜਾਂਚ ਪੜਤਾਲ ਕਰ ਰਹੀ ਸੀ ਅਤੇ ਹੁਣ ਉਸ ਨੇ ਇਸ ਭਾਰਤੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ| ਕਿਹਾ ਜਾ ਰਿਹਾ ਹੈ ਕਿ ਇਸ ਤੇ ਸਖਤ ਕਾਰਵਾਈ ਹੋ ਰਹੀ ਹੈ| ਫਿਲਹਾਲ ਲਵਜੀਤ ਸਿੰਘ ਪਾਰਮਾ ਦੀ ਜੇਲ ਵਿੱਚ ਬੰਦ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਅਜੇ ਜਾਰੀ ਹੈ|

Leave a Reply

Your email address will not be published. Required fields are marked *