ਲੈਥਮ ਦੇ ਸੈਂਕੜੇ ਨਾਲ ਨਿਊਜ਼ੀਲੈਂਡ ਦੀਆਂ 7 ਵਿਕਟਾਂ ਤੇ 341 ਦੌੜਾਂ

ਕ੍ਰਾਈਸਟਚਰਚ, 26 ਦਸੰਬਰ (ਸ.ਬ.) ਸਲਾਮੀ ਬੱਲੇਬਾਜ਼ ਟਾਮ ਲੈਥਮ ਦੀ ਕਰੀਅਰ ਦੀ ਸਰਵਸ਼੍ਰੇਸ਼ਠ 137 ਦੌੜਾਂ ਦੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਬੰਗਲਾਦੇਸ਼ ਦੇ ਖਿਲਾਫ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ 7 ਵਿਕਟਾਂ ਤੇ 341 ਦੌੜਾਂ ਬਣਾਈਆਂ| ਲੈਥਮ 47 ਓਵਰ ਤੋਂ ਵੱਧ ਸਮੇਂ ਤੱਕ ਕ੍ਰੀਜ਼ ਤੇ ਡਟੇ ਰਹੇ ਅਤੇ ਉਨ੍ਹਾਂ ਨੇ 121 ਗੇਂਦਾਂ ਦੀ ਆਪਣੀ ਪਾਰੀ ਵਿੱਚ 4 ਛੱਕੇ ਅਤੇ 7 ਚੌਕੇ ਮਾਰੇ|
ਕੋਲਿਨ ਮੁਨਰੋ ਨੇ ਵੀ 87 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ ਲੈਥਮ ਦੇ ਨਾਲ 5ਵੇਂ ਵਿਕਟ ਦੇ ਲਈ 158 ਦੌੜਾਂ ਜੋੜ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ| ਨਿਊਜੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕਰਨ ਦੇ ਬਾਅਦ ਚੰਗੀ ਗਤੀ ਨਾਲ ਦੌੜਾਂ ਬਣਾਈਆਂ ਪਰ ਚੋਟੀ ਦੇ ਕ੍ਰਮ ਵਿੱਚ ਕਿਸੇ ਨੇ ਵੀ ਲੈਥਮ ਦਾ ਲੰਬਾ ਸਾਥ ਨਹੀਂ ਨਿਭਾਇਆ|
ਮਾਰਟਿਨ ਗੁਪਟਿਲ ਨੇ ਇਕ ਛੱਕਾ ਅਤੇ ਇਕ ਚੌਕਾ ਜੜਿਆ ਪਰ ਸਿਰਫ 15 ਦੌੜਾਂ ਬਣਾਉਣ ਦੇ ਬਾਅਦ ਮੁਸਤਫਿਜ਼ੁਰ ਰਹਿਮਾਨ ਦੀ ਹੌਲੀ ਗੇਂਦ ਤੇ ਮਿਡ ਆਫ ਤੇ ਸੌਮਯ ਸਰਕਾਰ ਨੂੰ ਕੈਚ ਦੇ ਬੈਠੇ| ਕਪਤਾਨ ਵਿਲੀਅਮਸਨ 31 ਦੌੜਾਂ ਬਣਾ ਕੇ ਤਸਕਿਨ ਅਹਿਮਦ ਦਾ ਸ਼ਿਕਾਰ ਬਣੇ ਜਦੋਂਕਿ ਨੀਲ ਬਰੂਮ (22) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ| ਜਿਮੀ ਨੀਸ਼ਾਮ ਜਦੋਂ 28ਵੇਂ ਓਵਰ ਵਿੱਚ ਪਵੇਲੀਅਨ ਪਰਤੇ ਤਾਂ ਟੀਮ ਦਾ ਸਕੋਰ 4 ਵਿਕਟਾਂ ਤੇ 158 ਦੌੜਾਂ ਹੋ ਗਿਆ|
ਲੈਥਮ ਅਤੇ ਮੁਨਰੋ ਨੇ ਇਸ ਤੋਂ ਬਾਅਦ ਟੀਮ ਦਾ ਸਕੋਰ 300 ਦੌੜਾਂ ਦੇ ਪਾਰ ਪਹੁੰਚਾਇਆ| ਸਾਕਿਬ ਅਲ ਹਸਨ ਨੇ ਮੁਨਰੋ ਨੂੰ ਆਊਟ ਕਰਕੇ ਇਸ         ਸਾਂਝੇਦਾਰੀ ਨੂੰ ਤੋੜਿਆ| ਮੁਨਰੋ ਨੇ 61 ਗੇਂਦਾਂ ਦੀ ਆਪਣੀ ਪਾਰੀ ਦੇ ਦੌਰਾਨ ਅੱਠ ਚੌਕੇ ਅਤੇ ਚਾਰ ਛੱਕੇ ਮਾਰੇ| ਲੈਥਮ ਨੇ ਇਸ ਦੌਰਾਨ 110 ਦੌੜਾਂ ਦੇ ਆਪਣੇ ਸਰਵਸ਼੍ਰੇਸ਼ਠ ਸਕੋਰ ਨੂੰ ਪਿੱਛੇ ਛੱਡਿਆ ਜੋ ਉਨ੍ਹਾਂ ਨੇ ਪਿਛਲੇ ਸਾਲ ਜ਼ਿੰਬਾਬਵੇ ਦੇ ਖਿਲਾਫ ਬਣਾਇਆ ਸੀ| ਉਹ ਅਖੀਰ ਵਿੱਚ 48ਵੇਂ ਓਵਰ ਵਿੱਚ ਮੁਸਤਾਫਿਜ਼ੁਰ ਦੀ ਗੇਂਦ ਤੇ ਵਿਕਟਕੀਪਰ ਮੁਸ਼ਫਿਕੁਰ ਰਹਿਮਾਨ ਨੂੰ ਕੈਚ ਦੇ ਬੈਠੇ| ਬੰਗਲਾਦੇਸ਼ ਵੱਲੋਂ ਸਾਕਿਬ ਨੇ 69 ਦੌੜਾਂ ਦੇ ਕੇ ਤਿੰਨ ਜਦੋਂਕਿ ਮੁਸਤਾਫਿਜ਼ੁਰ ਅਤੇ ਤਸਕਿਨ ਨੇ ਦੋ-ਦੋ ਵਿਕਟਾਂ ਝਟਕਾਈਆਂ|

Leave a Reply

Your email address will not be published. Required fields are marked *