ਲੋਕਸਭਾ ਚੋਣਾਂ ਦੀ ਆਹਟ: ਸਿਆਸੀ ਪਾਰਟੀਆਂ ਸਰਗਰਮ, ਪਰੰਤੂ ਆਮ ਲੋਕਾਂ ਵਿੱਚ ਨਹੀਂ ਦਿਖਦਾ ਉਤਸ਼ਾਹ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਮਈ ਮਹੀਨੇ ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਲਗਾਤਾਰ ਜੋਰ ਫੜ ਰਹੀਆਂ ਹਨ ਅਤੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਹਨਾਂ ਚੋਣਾਂ ਦੀਆਂ ਮਿਤੀਆਂ ਸੰਬੰਧੀ ਇੱਕ ਸੂਚੀ ਵੀ ਵਾਇਰਲ ਹੋ ਚੁੱਕੀ ਹੈਪਰੰਤੂ ਆਮ ਲੋਕਾਂ ਵਿੱਚ ਇਹਨਾਂ ਚੋਣਾਂ ਪ੍ਰਤੀ ਕੋਈ ਚਰਚਾ ਜਾਂ ਉਤਸ਼ਾਹ ਨਜਰ ਨਹੀਂ ਆ ਰਿਹਾ ਹੈ| ਲੋਕ ਸਭਾ ਚੋਣਾਂ ਹੋਣ ਵਿੱਚ ਭਾਵੇਂ ਕੁਝ ਮਹੀਨੇ ਰਹਿੰਦੇ ਹਨ ਅਤੇ ਇਹਨਾਂ ਚੋਣਾਂ ਸਬੰਧੀ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ ਅਤੇ ਉਹਨਾਂ ਵਲੋਂ ਆਪਣੀਆਂ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਗਈਆਂ ਹਨ ਪਰੰਤੂ ਦੂਜੇ ਪਾਸੇ ਆਮ ਲੋਕ ਇਹਨਾਂ ਚੋਣਾਂ ਸਬੰਧੀ ਪੂਰੀ ਤਰ੍ਹਾਂ ਉਦਾਸੀਨ ਦਿਖ ਰਹੇ ਹਨ ਅਤੇ ਸਥਿਤੀ ਇਹ ਹੈ ਕਿ ਲੋਕ ਗੱਲ ਤਾਂ ਸਾਰੀਆਂ ਪਾਰਟੀਆਂ ਦੀ ਸੁਣ ਰਹੇ ਹਨ ਪਰ ਉਹ ਕਿਸੇ ਵੀ ਪਾਰਟੀ ਨੂੰ ਹੁੰਗਾਰਾ ਨਹੀਂ ਭਰ ਰਹੇ|
ਇਸ ਪੱਤਰਕਾਰ ਵਲੋਂ ਇਸ ਸੰਬੰਧੀ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਆਮ ਲੋਕ ਜਿਥੇ ਕੇਂਦਰ ਦੀ ਭਾਜਪਾ ਸਰਕਾਰ ਦੇ ਨੋਟਬੰਦੀ, ਜੀ ਐਸ ਟੀ ਅਤੇ ਹੋਰਨਾਂ ਫੈਸਲਿਆਂ ਕਾਰਨ ਭਾਜਪਾ ਤੋਂ ਦੁਖੀ ਹਨ ਅਤੇ ਉਸਨੂੰ ਹਰਾਉਣਾ ਚਾਹੁੰਦੇ ਹਨ, ਉਥੇ ਉਹ ਕਾਂਗਰਸ ਪਾਰਟੀ ਵਾਸਤੇ ਵੀ ਹੁੰਗਾਰਾ ਨਹੀਂ ਭਰ ਰਹੇ| ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਪੰਜਾਬੀ ਜਿਥੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਨਾਲ ਅਜੇ ਵੀ ਨਾਰਾਜ ਦਿਖਦੇ ਹਨ ਅਤੇ ਕੇਂਦਰ ਦੀ ਸੱਤਾ ਤੇ ਕਾਬਿਜ ਐਨ ਡੀ ਏ ਗਠਜੋੜ ਦੇ ਖਿਲਾਫ ਆਪਣੀ ਭੜਾਸ ਵੀ ਕੱਢਦੇ ਹਨ, ਉਥੇ ਉਹ ਪੰਜਾਬ ਵਿੱਚ ਕੈਪਟਨ ਸਰਕਾਰ ਦੀ ਪਿਛਲੇ ਦੋ ਸਾਲ ਦੀ ਕਾਰਗੁਜਾਰੀ ਤੋਂ ਵੀ ਸੰਤੁਸ਼ਟ ਨਹੀਂ ਦਿਖਦੇ ਅਤੇ ਲੋਕਸਭਾ ਚੋਣਾਂ ਬਾਰੇ ਗੱਲ ਕਰਨ ਤੇ ਦੁਚਿੱਤੀ ਵਿੱਚ ਹੀ ਨਜਰ ਆਉਂਦੇ ਹਨ| ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਨਾ ਤਾਂ ਭਾਜਪਾ ਅਕਾਲੀ ਦਲ ਗਠਜੋੜ ਨੂੰ ਹੁੰਗਾਰਾ ਭਰ ਰਹੇ ਹਨ ਤੇ ਨਾ ਕਾਂਗਰਸ ਨੂੰ ਸਮਰਥਣ ਦੇ ਰਹੇ ਹਨ|
ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਪੂਰੀ ਤਾਕਤ ਨਾਲ ਉਭਰ ਕੇ ਆਈ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਵੀ ਆਮ ਲੋਕ ਨਿਰਾਸ਼ ਦਿਖ ਰਹੇ ਹਨ| ਲੋਕਾਂ ਨੂੰ ਇਹ ਆਸ ਸੀ ਕਿ ਇਹ ਪਾਰਟੀ ਪੰਜਾਬ ਦੀ ਜਨਤਾ ਨੂੰ ਤੀਜਾ ਬਦਲ ਦੇਣ ਦੀ ਸਮਰਥ ਹੋਵੇਗੀ ਅਤੇ ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਪੰਜਾਬ ਤੋਂ ਇਸ ਪਾਰਟੀ ਦੇ ਚਾਰ ਉਮੀਦਵਾਰ ਜਿੱਤ ਕੇ ਸਾਂਸਦ ਵੀ ਬਣੇ ਸਨ| ਦੋ ਸਾਲ ਪਹਿਲਾਂ ਹੋਈਆਂ ਪੰਜਾਬ ਵਿਧਾਨਸਭਾ ਚੋਣਾ ਦੌਰਾਨ ਵੀ ਇਸ ਪਾਰਟੀ ਨੂੰ ਦੋ ਦਰਜਨ ਦੇ ਕਰੀਬ ਸੀਟਾਂ ਮਿਲੀਆਂ ਸਨ ਅਤੇ ਇਸਨੂੰ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਵੀ ਹਾਸਿਲ ਹੋਇਆ ਸੀ ਪਰੰਤੂ ਇਹ ਪਾਰਟੀ ਵੀ ਆਪਸੀ ਫੁੱਟ ਦਾ ਸ਼ਿਕਾਰ ਹੋ ਗਈ ਹੈ ਅਤੇ ਕਿਸੇ ਸਮੇਂ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ. ਸੁਖਪਾਲ ਸਿੰਘ ਖਹਿਰਾ ਵਲੋਂ ਆਪਣੀ ਵੱਖਰੀ ਪਾਰਟੀ ਬਣਾ ਲਈ ਗਈ ਹੈ|
ਇਸ ਵੇਲੇ ਪੰਜਾਬ ਵਿੱਚ ਅਕਾਲੀ ਦਲ ਟਕਸਾਲੀ, ਲੋਕ ਇਨਸਾਫ ਪਾਰਟੀ, ਅਕਾਲੀ ਦਲ ਮਾਨ, ਬਸਪਾ ਅਤੇ ਸ੍ਰ. ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਸਮੇਤ ਹੋਰ ਪਾਰਟੀਆਂ ਇਸ ਵਾਰ ਹੋਣ ਵਾਲੀਆਂ ਲੋਕਸਭਾ ਚੋਣਾ ਦੌਰਾਨ ਕੋਈ ਵੱਡਾ ਪ੍ਰਭਾਵ ਪਾਉਣ ਦੀਆਂ ਸਮਰਥ ਨਹੀਂ ਦਿਖ ਰਹੀਆਂ ਹਨ| ਇਨ੍ਹਾਂ ਪਾਰਟੀਆਂ ਨੂੰ ਹੁਣ ਤਕ ਲੋਕਾਂ ਵਲੋਂ ਕੋਈ ਖਾਸ ਸਮਰਥਣ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਇਹਨਾਂ ਪਾਰਟੀਆਂ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਿਸੇ ਵੱਡੀ ਕਾਰਗੁਜਾਰੀ ਦੀ ਆਸ ਵੀ ਨਹੀਂ ਹੈ|
ਲੋਕ ਸਭਾ ਚੋਣਾਂ ਸਬੰਧੀ ਜਿੱਥੇ ਪੰਜਾਬ ਦੇ ਲੋਕ ਦੁਚਿੱਤੀ ਵਿੱਚ ਹਨ ਉੱਥੇ ਉਹ ਹੁਣ ਤਕ ਆਪਣਾ ਮਨ ਨਹੀਂ ਬਣਾ ਪਾਏ ਹਨ| ਆਉਣ ਵਾਲੇ ਦਿਨਾਂ ਦੌਰਾਨ ਜਿਵੇਂ ਜਿਵੇਂ ਸਿਆਸੀ ਸਰਗਰਮੀਆਂ ਵਿੱਚ ਤੇਜੀ ਆਉਣੀ ਹੈ ਆਮ ਲੋਕਾਂ ਦਾ ਰੁੱਖ ਵੀ ਖੁੱਲ ਕੇ ਸਾਮ੍ਹਣੇ ਆਉਣਾ ਹੈ| ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਿਆਸੀ ਢਾਂਚੇ ਵਿੱਚ ਲੋਕਾਂ ਦੀ ਵੱਧ ਰਹੀ ਨਿਰਾਸ਼ਾ ਕਾਰਨ ਆਮ ਲੋਕਾਂ ਵਿੱਚ ਇਹਨਾਂ ਚੋਣਾਂ ਲਈ ਕੋਈ ਉਤਸ਼ਾਹ ਨਹੀਂ ਦਿਖ ਰਿਹਾ| ਜੇਕਰ ਇਹੀ ਆਲਮ ਰਿਹਾ ਤਾਂ ਚੋਣਾਂ ਦੌਰਾਨ ਨੋਟਾਂ ਨੂੰ ਪੈਣ ਵਾਲੀਆਂ ਵੋਟਾਂ ਦਾ ਅੰਕੜਾ ਇਸ ਵਾਰ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਰਹਿਣਾ ਹੈ|

Leave a Reply

Your email address will not be published. Required fields are marked *