ਲੋਕਸਭਾ ਚੋਣਾਂ ਲਈ ਪ੍ਰਬੰਧ ਮੁਕੰਮਲ, ਪੋਲਿੰਗ ਸਟਾਫ ਨੂੰ ਇਲੈਕਟ੍ਰਾਨਿਕ ਮਸ਼ੀਨਾਂ ਦੇ ਕੇ ਤੋਰਿਆ

ਲੋਕਸਭਾ ਚੋਣਾਂ ਲਈ ਪ੍ਰਬੰਧ ਮੁਕੰਮਲ, ਪੋਲਿੰਗ ਸਟਾਫ ਨੂੰ ਇਲੈਕਟ੍ਰਾਨਿਕ ਮਸ਼ੀਨਾਂ ਦੇ ਕੇ ਤੋਰਿਆ
ਜਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਸੁਰੱਖਿਆ ਲਈ 3000 ਕਰਮਚਾਰੀ ਤੈਨਾਤ, 7.26 ਲੱਖ ਵੋਟਰਾਂ ਲਈ 749 ਪੋਲਿੰਗ ਬੂਥ ਬਣਾਏ, 929 ਈ.ਵੀ.ਐਮਜ. ਤੇ ਵੀ.ਵੀ.ਪੈਟ ਦੀ ਹੋਵੇਗੀ ਵਰਤੋਂ
ਐਸ ਏ ਐਸ ਨਗਰ, 18 ਮਈ (ਸ.ਬ.) 17ਵੀਂ ਲੋਕਸਭਾ ਲਈ ਪੰਜਾਬ ਵਿੱਚ ਭਲਕੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਈ ਜਾਣ ਵਾਲੀ ਪੋਲਿੰਗ ਵਾਸਤੇ ਅੱਜ ਪੋਲਿੰਗ ਸਟਾਫ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸੌਂਪ ਦਿੱਤੀਆਂ ਗਈਆਂ ਅਤੇ ਪੋਲਿੰਗ ਸਟਾਫ ਨੂੰ ਸੁਰੱਖਿਆ ਕਰਮਚਾਰੀਆਂ ਦੇ ਨਾਲ ਪੋਲਿੰਗ ਬੂਥਾਂ ਵੱਲ ਰਵਾਨਾ ਕਰ ਦਿੱਤਾ ਗਿਆ| ਇਸ ਸੰਬੰਧੀ ਮੁਹਾਲੀ ਵਿਧਾਨਸਭਾ ਹਲਕੇ ਦੇ 234 ਪੋਲਿੰਗ ਬੂਥਾਂ ਲਈ ਐਸ ਡੀ ਐਮ ਮੁਹਾਲੀ ਸ੍ਰੀ ਜਗਦੀਪ ਸਹਿਗਲ ਵਲੋਂ ਸਥਾਨਕ ਫੇਜ਼ 3 ਬੀ 1 ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ, ਖਰੜ ਹਲਕੇ ਦੇ 256 ਪੋਲਿੰਗ ਬੂਥਾਂ ਲਈ ਐਸ ਡੀ ਐਮ ਖਰੜ ਸ੍ਰੀ ਵਿਨੋਦ ਬਾਂਸਲ ਵਲੋਂ ਖੂਨੀਮਾਜਰਾ ਪੋਲੀਟੈਕਨਿਕ ਕਾਲੇਜ ਤੋਂ ਅਤੇ ਡੇਰਾਬਸੀ ਹਲਕੇ ਦੇ 259 ਬੂਥਾਂ ਵਾਸਤੇ ਐਸ ਡੀ ਐਮ ਡੇਰਾਬਸੀ ਪੂਜਾ ਸਿਆਲ ਵਲੋਂ ਸਰਕਾਰੀ ਕਾਲੇਜ ਡੇਰਾਬਸੀ ਤੋਂ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਗਿਆ|
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਤੇ ਪਟਿਆਲਾ ਅਧੀਨ ਪੈਂਦੇ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 7,26,482 ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 749 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਚੋਣਾਂ ਲਈ 929 ਈ.ਵੀ.ਐਮਜ. ਤੇ ਵੀ.ਵੀ.ਪੈਟ ਦੀ ਵਰਤੋਂ ਹੋਵੇਗੀ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 12842 ਪਹਿਲੀ ਵਾਰ ਬਣੇ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ| ਵੋਟਾਂ ਸਵੇਰੇ 7 ਵਜੇ ਤੋਂ ਸ਼ਾਮੀਂ ਛੇ ਵਜੇ ਤੱਕ ਪੈਣਗੀਆਂ| ਉਹਨਾਂ ਦੱਸਿਆ ਕਿ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲਿਆਉਣ ਤੇ ਘਰ ਛੱਡਣ ਲਈ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ|
ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਕੁਰਸੀਆਂ, ਟੈਂਟ ਦਾ ਪ੍ਰਬੰਧ, ਮੈਡੀਕਲ ਕਿੱਟ, ਪੱਖੇ ਲਾਉਣ ਲਈ ਬਿਜਲੀ ਦਾ ਇੰਤਜ਼ਾਮ, ਹੈਲਪ ਡੈਸਕ, ਸੰਕੇਤਕ ਚਿੰਨ੍ਹ, ਪਖਾਨੇ, ਵਲੰਟੀਅਰ, ਵੋਟਰਾਂ ਨਾਲ ਆਉਣ ਵਾਲੇ ਛੋਟੇ ਬੱਚਿਆਂ ਲਈ ਕ੍ਰੈਚ ਤੇ ਅਟੈਂਡੈਂਟ, ਵੋਟਰ ਲਾਈਨ ਦੀ ਵਿਵਸਥਾ ਕੀਤੀ ਗਈ ਹੈ|
ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ 271 ਪੋਲਿੰਗ ਬੂਥਾਂ ਦੀ ਵਲਨਰੇਬਲ ਪੋਲਿੰਗ ਬੂਥਾਂ ਵਜੋਂ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਖਰੜ ਦੇ 75, ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਦੇ 84 ਅਤੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ 112 ਪੋਲਿੰਗ ਬੂਥ ਸ਼ਾਮਲ ਹਨ| ਜਦਕਿ ਜ਼ਿਲੇ ਵਿੱਚ ਸਿਰਫ ਇਕ ਕ੍ਰਿਟੀਕਲ ਪੋਲਿੰਗ ਬੂਥ ਦੀ ਸ਼ਨਾਖਤ ਵਿਧਾਨ ਸਭਾ ਹਲਕਾ ਖਰੜ ਵਿਖੇ ਹੋਈ ਹੈ|
ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ 377 ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕਰਵਾਈ ਜਾਵੇਗੀ, ਜਿਸ ਵਿੱਚੋਂ 130 ਬੂਥ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਹਨ, ਜਦੋਂ ਕਿ 119 ਬੂਥ ਐਸ.ਏ.ਐਸ. ਨਗਰ ਅਤੇ 128 ਬੂਥ ਖਰੜ ਵਿਧਾਨ ਸਭਾ ਹਲਕੇ ਦੇ ਹਨ|
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸਮੇਂ ਵੋਟਰ ਦੀ ਸਹੀ ਪਛਾਣ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਵੋਟਰ ਫੋਟੋ ਪਛਾਣ ਪੱਤਰ (ਐਪਿਕ ਵੋਟਰ ਆਈ. ਡੀ. ਕਾਰਡ) ਤੋਂ ਇਲਾਵਾ ਵੋਟਰ ਪਛਾਣ ਪੱਤਰ ਦੇ ਸਬੂਤ ਵਜੋਂ 11 ਹੋਰ ਦਸਤਾਵੇਜ਼ਾਂ ਨੂੰ ਵਰਤਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ ਨਹੀਂ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਛਾਣ ਪੱਤਰ, ਬੈਂਕ/ਡਾਕਖਾਨੇ ਵੱਲੋਂ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ,ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼ ਅਤੇ ਐਮ.ਪੀ./ਐਮ.ਐਲ.ਏ. ਵੱਲੋਂ ਜਾਰੀ ਪਛਾਣ ਪੱਤਰ ਦਿਖਾ ਕੇ ਵੋਟ ਪਾ ਸਕਦੇ ਹਨ|
ਐਸ ਐਸ ਪੀ ਸ੍ਰ. ਹਰਚਰਨ ਸਿੰਘ ਭੁੱਲਰ ਨੇ ਪੋਲਿੰਗ ਬੂਥਾਂ ਤੇ ਤੈਨਾਤ ਕੀਤੀਆਂ ਜਾਣ ਵਾਲੀਆਂ ਪੁਲੀਸ ਟੀਮਾਂ ਨੂੰ ਸੁਰਖਿਆ ਸੰਬੰਧੀ ਵਿਸ਼ੇਸ਼ ਟਿਪਸ ਦਿੱਤੇ| ਉਹਨਾਂ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਕਿਸੇ ਵੀ ਕੀਮਤ ਤੇ ਕਰਮਚਾਰੀ ਆਪਣਾ ਡਿਊਟੀ ਪਾਇੰਟ ਨਾ ਛੱਡਣ ਅਤੇ ਕਾਨੂੰਨ ਵਿਵਸਥਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇ| ਇਸ ਮੌਕੇ ਉਹਨਾਂ ਦੱਸਿਆ ਕਿ ਚੋਣਾਂ ਨੂੰ ਮੁੱਖ ਰੱਖਦਿਆਂ ਜਿਲ੍ਹੇ ਵਿੱਚ 3009 ਦੇ ਕਰੀਬ ਕਰਮਚਾਰੀ ਤੈਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਪੈਰਾ ਮਿਲਟਰੀ ਫੋਰਸਜ਼ ਦੀਆਂ 7 ਕੰਪਨੀਆਂ ਸ਼ਾਮਲ ਹਨ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਤਿੰਨੇ ਵਿਧਾਨ ਸਭਾ ਹਲਕਿਆਂ ਦੀ ਸੁਰੱਖਿਆ ਵਿੱਚ ਇਕ ਇਕ ਐਸ.ਪੀ. ਰੈਂਕ ਦਾ ਅਫ਼ਸਰ ਤਾਇਨਾਤ ਕੀਤਾ ਗਿਆ ਹੈ| ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨਾਲ ਲੱਗਦੀਆਂ ਦੂਜੇ ਰਾਜਾਂ ਦੀਆਂ ਸਰਹੱਦਾਂ ਉਤੇ 48 ਨਾਕੇ ਲਾਏ ਗਏ ਹਨ, ਜਦੋਂ ਕਿ ਜ਼ਿਲ੍ਹੇ ਦੀ ਹੱਦ ਵਿੱਚ 13 ਨਾਕੇ ਲਾਏ ਗਏ ਹਨ| ਇਨ੍ਹਾਂ ਨਾਕਿਆਂ ਉਤੇ 353 ਪੁਲੀਸ ਮੁਲਾਜ਼ਮ ਤਾਇਨਾਤ ਹਨ| ਇਸ ਤੋਂ ਇਲਾਵਾ 36 ਸਟੈਟਿਕ ਸਰਵੇਲੈਂਸ ਟੀਮਾਂ ਅਤੇ 18 ਫਲਾਇੰਗ ਸਕੁਐਡ ਟੀਮਾਂ ਲਾਈਆਂ ਗਈਆਂ ਹਨ, ਜਦੋਂ ਕਿ ਸੱਤ ਟੀਮਾਂ (147 ਪੁਲੀਸ ਮੁਲਾਜ਼ਮ) ਨੂੰ ਐਮਰਜੈਂਸੀ ਡਿਊਟੀ ਲਈ ਰਿਜ਼ਰਵ ਰੱਖਿਆ ਗਿਆ ਹੈ| ਸ. ਭੁੱਲਰ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੀ ਘੁਸਪੈਠ ਰੋਕਣ ਅਤੇ ਸ਼ਰਾਬ ਦੀ ਤਸਕਰੀ ਰੋਕਣ ਲਈ ਦੂਜੇ ਰਾਜਾਂ ਨਾਲ ਲੱਗਦੀਆਂ ਹੱਦਾਂ ਉਤੇ ਸਖਤੀ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ|

Leave a Reply

Your email address will not be published. Required fields are marked *