ਲੋਕਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚਦੀਆਂ ਸਰਕਾਰ ਦੀਆਂ ਭਲਾਈ ਸਕੀਮਾਂ

ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਅਕਸਰ ਹੀ ਵੱਖ ਵੱਖ ਸਮੇਂ ਲੋਕਾਂ ਦੀ ਭਲਾਈ ਲਈ ਅਨੇਕਾਂ ਹੀ ਭਲਾਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸਦਾ ਲੋਕਾਂ ਨੂੰ ਕਾਫੀ ਲਾਭ ਵੀ ਪਹੁੰਚਦਾ ਹੈ ਪਰ ਅਕਸਰ ਹੀ ਇਹ ਵੇਖਣ ਵਿਚ ਆਇਆ ਹੈ ਕਿ ਸਰਕਾਰ ਦੀਆਂ ਇਹ ਭਲਾਈ ਸਕੀਮਾਂ ਦਾ ਲਾਭ ਸਾਰੇ ਯੋਗ ਲਾਭਪਾਤਰੀ ਉਠਾਉਣ ਵਿਚ ਅਸਮਰਥ ਰਹਿੰਦੇ ਹਨ| ਇਸੇ ਤਰਾਂ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਲਾਲਫੀਤਾਸ਼ਾਹੀ ਦੀ ਭੇਟ ਚੜ ਕੇ ਅੱਧਵਾਟੇ ਹੀ ਦਮ ਤੋੜ ਜਾਂਦੀਆਂ ਹਨ|
ਇਸ ਤੋਂ ਇਲਾਵਾ ਆਮ ਲੋਕਾਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਵੱਖ ਵੱਖ ਸਮੇਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਹੀ ਨਹੀਂ ਹੁੰਦੀ, ਜਿਸ ਕਾਰਨ ਅਗਿਆਨਤਾ ਕਾਰਨ ਲੋਕ ਇਹਨਾਂ ਸਕੀਮਾਂ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ| ਇਸ ਤਰਾਂ ਜਿਹੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਇਹ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਉਹ ਉਦੇਸ ਅਧੂਰੇ ਹੀ ਰਹਿ ਜਾਂਦੇ ਹਨ|
ਭਾਰਤ ਦੇ ਇਕ  ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਇਹ ਸਪਸਟ ਕਿਹਾ ਸੀ ਕਿ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਭੇਜਿਆ ਇਕ ਰੁਪਇਆ ਆਮ ਲੋਕਾਂ ਤੱਕ ਪਹੁੰਚਦੇ ਪਹੁੰਚਦੇ ਚੁਆਨੀ ਹੀ ਬਣ ਜਾਂਦਾ ਹੈ| ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਮੌਜੂਦਾ ਹਾਲਤ ਦਾ ਬਿਆਨ ਕੀਤਾ ਸੀ ਪਰ ਇਸ ਸਮੇਂ ਦੇਸ਼ ਦੀ ਇਹ ਹਾਲਤ ਇਸ ਤੋਂ ਵੀ ਬਦਤਰ ਹੋ ਚੁਕੀ ਹੈ| ਭ੍ਰਿਸ਼ਟਾਚਾਰ ਹਰ ਪਾਸੇ ਹੀ ਭਾਰੂ ਹੋ ਗਿਆ ਹੈ|
ਭ੍ਰਿਸਟਾਚਾਰ ਤੋਂ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਵੀ ਨਹੀਂ ਬਚ ਸਕੀਆਂ| ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਨੂੰ ਘੱਟ ਮਿਲਦਾ ਹੈ ਪਰ ਸਿਫਾਰਿਸਾਂ ਵਾਲੇ ਅਯੋਗ ਵਿਅਕਤੀ ਵਧੇਰੇ ਲੈ ਜਾਂਦੇ ਹਨ| ਹਾਲ ਤਾਂ ਇਹ ਹੈ ਕਿ ਸਿਰਫ 16-17 ਸਾਲ ਦੀਆਂ ਕੁੜੀਆਂ ਵੀ ਆਪਣੇ ਆਪ ਨੂੰ ਫਰੀਡਮ ਫਾਈਟਰ ਹੋਣ ਦਾ ਦਾਅਵਾ ਕਰਕੇ ਬੱਸਾਂ ਵਿਚ ਮੁਫਤ ਸਫਰ ਕਰਦੀਆਂ ਹਨ ਅਤੇ ਉਹਨਾਂ ਕੋਲ ਫਰੀਡਮ ਫਾਈਟਰਾਂ ਨੂੰ ਜਾਰੀ ਕੀਤੇ ਹੋਏ ਮੁਫਤ ਬੱਸ ਸਫਰ ਪਾਸ ਵੀ ਹੁੰਦੇ ਹਨ| ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਕੰਡਕਟਰ ਉਹਨਾਂ ਨੂੰ ਪੁੱਛਦਾ ਹੈ ਕਿ ਦੇਸ਼ ਆਜਾਦ ਤਾਂ 1947 ਵਿਚ ਹੋਇਆ ਸੀ ਤੇ ਤੁਹਾਡਾ ਜਨਮ 1984 ਦਾ ਹੈ ਤਾਂ ਫਿਰ ਤੁਸੀਂ ਕਿਹੜੇ ਆਜਾਦੀ ਅੰਦੋਲਨ ਵਿਚ ਹਿਸਾ ਲੈ ਕੇ ਆਜਾਦੀ ਘੁਲਾਟੀਏ ਬਣ ਗਏ ਤਾਂ ਇਹ ਮੁਫਤ ਸਫਰ ਦੀ ਸਹੂਲਤ ਮਾਣਨ ਵਾਲੇ ਲੋਕ ਕੰਡਕਟਰ ਨੁੰ ਹੀ ਕਾਫੀ ਬੁਰਾ ਭਲਾ ਬੋਲ ਦਿੰਦੇ ਹਨ ਅਤੇ ਸ਼ਾਨ ਨਾਲ ਮੁਫਤ ਬੱਸ ਸਫਰ ਦਾ ਲੁਤਫ ਉਠਾਉਂਦੇ ਹਨ| ਕਹਿਣ ਦਾ ਭਾਵ ਇਹ ਹੈ ਕਿ ਆਜਾਦੀ ਘੁਲਾਟੀਆਂ ਨੂੰ ਮਿਲੀ ਮੁਫਤ ਬੱਸ ਸਫਰ ਦੀ ਸਹੂਲਤ ਦਾ ਨਜਾਇਜ ਫਾਇਦਾ ਬਹੁਤ ਸਾਰੇ ਲੋਕਾਂ ਵਲੋਂ ਉਠਾਇਆ ਜਾ ਰਿਹਾ ਹੈ|  ਇਹ ਹੀ ਕਾਰਨ ਹੈ ਕਿ ਅਨੇਕਾਂ ਲੋਕ ਹੀ ਮੁਫਤ ਬੱਸ ਸਫਰ ਦੀ ਸਹੂਲਤ ਨੂੰ ਬੰਦ ਕਰਨ ਦੀ ਮੰਗ ਵੀ ਕਰਨ ਲੱਗੇ ਹਨ|
ਇਸ ਤੋਂ ਇਲਾਵਾ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਲਾਜਮੀ ਕੀਤੇ ਜਾਣ ਕਾਰਨ ਵੀ ਅਨੇਕਾਂ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਰਹਿ ਜਾਂਦੇ ਹਨ| ਕੁਝ ਦਿਨ ਪਹਿਲਾਂ ਯੂ ਪੀ ਵਿਚ ਇਕ ਛੋਟੀ ਬੱਚੀ ਦੀ ਭੁੱਖ ਕਾਰਨ ਮੌਤ ਹੋ ਗਈ ਸੀ| ਦਰਅਸਲ ਇਸ ਬੱਚੀ ਦੀ ਮਾਂ ਆਪਣੇ ਰਾਸ਼ਨ ਕਾਰਡ ਨਾਲ ਆਧਾਰ ਕਾਰਡ ਦਾ ਲਿੰਕ ਨਹੀਂ ਸੀ ਜੋੜ ਸਕੀ ਜਿਸ ਕਰਕੇ ਡਿਪੂ ਹੋਲਡਰ ਨੇ ਇਸ ਔਰਤ ਨੂੰ ਰਾਸ਼ਨ ਦੇਣਾ ਬੰਦ ਕਰ ਦਿਤਾ ਸੀ ਜਿਸ ਕਾਰਨ ਇਸ ਔਰਤ ਦੇ ਘਰ ਵਿਚ ਭੁੱਖਮਰੀ ਫੈਲ ਗਈ ਤੇ ਇਸ ਦੀ ਬੱਚੀ ਦੀ ਭੁੱਖ ਨਾਲ ਹੀ ਮੌਤ ਹੋ ਗਈ|
ਇਸ ਤਰਾਂ ਸਰਕਾਰ ਵਲੋਂ ਸ਼ੁਰੂ ਕੀਤੀ ਹੋਈ ਸਸਤਾ ਰਾਸ਼ਨ ਦੇਣ ਦੀ ਸਕੀਮ ਵੀ ਇਥੇ ਕਾਮਯਾਬ ਨਹੀਂ ਹੋ ਸਕੀ| ਇਹ ਵੀ ਵੇਖਣ ਵਿਚ ਆਇਆ ਹੈ ਕਿ ਕਾਰਾਂ ਵਿਚ ਘੁੰਮਣ ਵਾਲੇ ਅਨੇਕਾਂ ਲੋਕ ਵੀ ਰਾਸ਼ਨ ਕਾਰਡ ਉਪਰ ਸਸਤਾ ਰਾਸ਼ਨ ਲੈਂਦੇ ਹਨ| ਸਭ ਕੁਝ ਪਤਾ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਤੋਂ ਅੱਖਾਂ ਮੀਟੀ ਰੱਖਦੇ ਹਨ| ਇਸ ਤਰਾਂ ਸਰਕਾਰ ਦੀ ਸਸਤਾ ਰਾਸ਼ਨ ਦੇਣ ਦੀ ਸਕੀਮ ਦਾ ਲਾਭ ਸਹੀ ਲੋਕਾਂ ਤੱਕ ਪੂਰੀ ਤਰਾਂ ਨਹੀਂ ਪਹੁੰਚ ਰਿਹਾ|
ਸਰਕਾਰ ਦੀਆਂ ਕਈ ਭਲਾਈ ਸਕੀਮਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਹਨਾਂ ਬਾਰੇ ਆਮ ਲੋਕਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੁੰਦੀ ਜਿਸ ਕਰਕੇ ਆਮ ਲੋਕ ਇਹਨਾਂ ਸਕੀਮਾਂ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ| ਇਸ ਤੋਂ ਇਲਾਵਾ ਕਈ ਸਕੀਮਾਂ ਲਾਲ ਫੀਤਾਸ਼ਾਹੀ ਦੀ ਭੇਟ ਚੜ ਕੇ ਅੱਧਵਾਟੇ ਹੀ ਦਮ ਤੋੜ ਦਿੰਦੀਆਂ ਹਨ|
ਕਈ ਸਕੀਮਾਂ ਦਾ ਲਾਭ ਲੈਣ ਲਈ ਯੋਗ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਅਫਸਰ ਤੇ ਮੁਲਾਜਮ ਲੋਕਾਂ ਦੇ ਏ ਨੇ ਜਿਆਦਾ ਚੱਕਰ ਮਰਵਾ ਦਿੰਦੇ ਹਨ ਕਿ ਲੋਕ ਇਹਨਾਂ ਸਕੀਮਾਂ ਤੋਂ ਲਾਭ ਲੈਣ ਦਾ ਸੋਚਣਾ ਹੀ ਬੰਦ ਕਰ ਦਿੰਦੇ ਹਨ| ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕ ਭਲਾਈ ਸਕੀਮਾਂ ਸ਼ੁਰੂ ਕਰਨ ਦੇ ਨਾਲ ਹੀ ਉਹਨਾਂ ਸਕੀਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਵੀ ਯੋਗ ਕਾਰਵਾਈ ਕਰੇ ਤਾਂ ਕਿ ਭਲਾਈ ਸਕੀਮਾਂ ਦਾ ਲਾਭ ਸਹੀ ਤਰੀਕੇ ਨਾਲ ਯੋਗ ਲੋਕਾਂ ਤੱਕ ਪਹੁੰਚ ਸਕੇ|
ਜਗਮੋਹਨ ਸਿੰਘ ਲੱਕੀ

Leave a Reply

Your email address will not be published. Required fields are marked *