ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਅਮਨ ਨੂੰ ਮੁੜ ਅੱਗ ਲਾਉਣ ਦੇ ਰਾਹ ਪਏ ਅਕਾਲੀ : ਬਾਜਵਾ

ਚੰਡੀਗੜ੍ਹ, 31 ਅਕਤੂਬਰ (ਸ.ਬ.) ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਸੂਬੇ ਦੇ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਲਾਇਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬਂਧਕ ਕਮੇਟੀ ਰਾਹੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਅਮਨ ਨੂੰ ਅੱਗ ਲਾਉਣਾ ਚਾਹੁੰਦੇ ਹਨ ਤਾਂ ਕਿ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਕੀਤੀ ਜਾ ਸਕੇ|
ਉਹਨਾਂ ਕਿਹਾ, ”ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਗਈ ਬੇਹੁਰਮਤੀ ਅਤੇ ਸ੍ਰੀ ਅਕਾਲ਼ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਦੀ ਕੀਤੀ ਗਈ ਦੁਰਵਰਤੋਂ ਕਾਰਨ ਲੋਕਾਂ ਵਲੋਂ ਬਾਦਲਾਂ ਦੇ ਕੀਤੇ ਜਾ ਰਹੇ ਸਮਾਜਿਕ ਬਾਈਕਾਟ ਕਾਰਨ ਉਹਨਾਂ ਨੂੰ ਹੁਣ ਕੋਈ ਏਜੰਡਾ ਨਹੀਂ ਲੱਭ ਰਿਹਾ, ਇਸ ਲਈ ਉਹ 1980 ਦੀ ਤਰਾਂ ਮੁੜ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਰਾਹ ਪੈ ਤੁਰੇ ਹਨ| ਉਹਨਾਂ ਕਿਹਾ ਕਿ ਇਹ ਇਤਿਹਾਸਕ ਤੱਥ ਬਣ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 20 ਅਗਸਤ 1980 ਨੂੰ ਆਪਣੀ ਵਰਕਿੰਗ ਕਮੇਟੀ ਮੀਟਿੰਗ ਵਿਚ ਪਾਸ ਕੀਤੇ ਮਤੇ ਰਾਹੀਂ ਉਸ ਵੇਲੇ ਹੋਏ ਕਤਲਾਂ ਦੀ ਸਰਾਹਨਾ ਕਰ ਕੇ ਅੱਤਵਾਦ ਨੂੰ ਸ਼ਹਿ ਦਿੱਤੀ ਸੀ ਅਤੇ ਜੇ ਬਾਦਲ ਚਾਹੁਣ ਤਾਂ ਇਹ ਮਤਾ ਉਹਨਾਂ ਨੂੰ ਵੀ ਭੇਜਿਆ ਜਾ ਸਕਦਾ ਹੈ|”
ਸ਼੍ਰੀ ਬਾਜਵਾ ਨੇ ਕਿਹਾ ਕਿ ਬਾਦਲ ਪਿਉ-ਪੁੱਤ ਸਭ ਕੁਝ ਜਾਣਦਿਆਂ ਬੁੱਝਦਿਆਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਹੋਈਆਂ ਸਹਿਵਨ ਗਲਤੀਆਂ ਦਾ ਬਹਾਨਾ ਬਣਾ ਕੇ ਸ੍ਰ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾ ਕੇ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਬਜ਼ਿਦ ਹਨ ਜਦੋਂ ਕਿ ਇਹ ਕਿਤਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਉੱਤੇ ਪਹਿਲਾਂ ਹੀ ਵਾਪਸ ਲਈ ਜਾ ਚੁੱਕੀ ਹੈ|

Leave a Reply

Your email address will not be published. Required fields are marked *