ਲੋਕਾਂ ਦੀ ਲੁੱਟ ਦਾ ਮਾਧਿਅਮ ਨੇ ਥਾਂ ਥਾਂ ਲਗਦੀਆਂ ਸੇਲਾਂ

ਮੌਸਮ ਵਿੱਚ ਤਬਦੀਲੀ ਦੇ ਨਾਲ ਹੀ ਵੱਖ -ਵੱਖ ਥਾਂਵਾਂ ਉਪਰ ਵੱਖ-ਵੱਖ ਤਰ੍ਹਾਂ ਦੇ ਸਮਾਨ ਦੀਆਂ ਸੇਲਾਂ ਵੀ ਲਗਣੀਆਂ ਸ਼ੁਰੂ ਹੋ ਗਈਆਂ ਹਨ, ਜਿਹਨਾਂ ਵਿੱਚ ਸਾਰਾ ਦਿਨ ਸਮਾਨ ਖਰੀਦਣ ਵਾਲੇ ਲੋਕਾਂ ਦੀ ਭੀੜ ਵੇਖਣ ਨੂੰ ਮਿਲਦੀ ਹੈ| ਵੱਖ- ਵੱਖ ਥਾਂਵਾਂ ਉਪਰ ਚਾਈਨਾ ਬਾਜ਼ਾਰ, ਮੀਨਾ ਬਾਜ਼ਾਰ, ਦਿੱਲੀ ਬਾਜ਼ਾਰ, ਬੰਬੇ ਬਾਜ਼ਾਰ ਦੇ ਨਾਮ ਉਪਰ ਵੀ ਵੱਖ- ਵੱਖ ਤਰ੍ਹਾਂ ਦਾ ਸਮਾਨ ਵੇਚਣ ਦੀਆਂ ਸੇਲਾਂ ਲਗੀਆਂ ਹੋਈਆਂ ਹਨ| ਇਹਨਾਂ ਸੇਲਾਂ ਵਿੱਚ ਸਮਾਨ ਬਾਜ਼ਾਰ ਨਾਲੋਂ ਸਸਤਾ ਵੇਚਣ ਦਾ ਦਾਅਵਾ ਕੀਤਾ ਜਾਂਦਾ ਹੈ, ਹੈ ਵੀ ਇਹ ਗੱਲ ਠੀਕ ਇਹਨਾਂ ਸੇਲਾਂ ਵਿੱਚ ਵਿਕਦਾ ਸਮਾਨ ਬਾਜ਼ਾਰ ਵਿੱਚ ਸਥਿਤ ਵੱਡੇ ਸ਼ੋਅਰੂਮਾਂ ਵਿੱਚ ਵਿਕਦੇ ਉਸੇ ਤਰ੍ਹਾਂ ਦੇ ਸਮਾਨ ਤੋਂ ਕਾਫੀ ਸਸਤਾ ਹੁੰਦਾ ਹੈ|
ਦੂਜੇ ਪਾਸੇ ਅਸਲੀਅਤ ਇਹ ਵੀ ਹੈ ਕਿ ਸੇਲਾਂ ਵਿੱਚ ਵਿਕਦੇ ਸਮਾਨ ਅਤੇ ਸ਼ੋਅਰੂਮਾਂ ਵਿੱਚ ਵਿਕਦੇ ਸਮਾਨ ਦੀ ਕੁਆਲਟੀ ਵਿੱਚ ਵੀ ਕਾਫੀ ਅੰਤਰ ਹੁੰਦਾ ਹੈ| ਭਾਵੇਂ ਕਿ ਰੰਗ ਅਤੇ ਅਕਾਰ ਇਕੋ ਜਿਹੇ ਹੁੰਦੇ ਹਨ| ਸਭ ਤੋਂ ਜਿਆਦਾ ਸੇਲਾਂ ਕਪੜਿਆਂ ਅਤੇ ਬੂਟਾਂ ਦੀਆਂ ਲਗਦੀਆਂ ਹਨ| ਇਹਨਾਂ ਵਿੱਚ ਕਾਨਪੁਰੀ, ਕੋਲਾਪੁਰੀ, ਸੂਰਤ ਅਤੇ ਹੋਰ ਥਾਂਵਾਂ ਦੇ ਕਪੜੇ ਅਤੇ ਬੂਟ ਬਣੇ ਹੋਣ ਦਾ ਦਾਅਵਾ ਕਰਕੇ ਦੇਸੀ ਕੰਪਨੀਆਂ ਵੱਲੋਂ ਹਲਕੀ ਕੁਆਲਟੀ ਦੇ ਕਪੜੇ ਅਤੇ ਬੂਟ ਵੇਚੇ ਜਾਂਦੇ ਹਨ| ਦੁਕਾਨਾਂ ਉਪਰ ਹਜਾਰਾਂ ਰੁਪਏ ਵਿੱਚ ਮਿਲਦੇ ਸੂਟ ਇਨਾਂ ਸੇਲਾਂ ਵਿੱਚ ਕੁਝ ਸੌ ਰੁਪਏ ਦੇ ਹੀ ਮਿਲ ਜਾਂਦੇ ਹਨ| ਕਈ ਵਾਰ ਤਾਂ ਅਸਲੀ ਕੰਪਨੀ ਦਾ ਲੇਬਲ ਲਗਾ ਕੇ ਨਕਲੀ ਕੰਪਨੀਆਂ ਦਾ ਕਪੜਾ ਤੇ ਬੂਟ ਅਤੇ ਹੋਰ ਸਮਾਨ ਵੀ ਵੇਚ ਦਿਤੇ ਜਾਂਦੇ ਹਨ|
ਜਿਆਦਾਤਰ ਲੋਕ ਵੱਡੀਆਂ ਕੰਪਨੀਆਂ ਦੇ ਨਾਮ ਦੇ ਭੁਲੇਖੇ ਤੁਰੰਤ ਹੀ ਇਹ ਸਮਾਨ ਖਰੀਦ ਲੈਂਦੇ ਹਨ ਅਤੇ ਵਰਤਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਇਹ ਸਮਾਨ ਘਟੀਆ ਮਿਆਰ ਦਾ ਹੈ| ਹੋਰ ਤਾਂ ਹੋਰ ਹੁਣ ਤਾਂ ਬਰਾਂਡਿਡ ਕੰਪਨੀਆਂ ਦੇ ਨਾਮ ਉਪਰ ਕੱਛੇ ਬਨੈਣਾਂ ਵੀ ਡੁਪਲੀਕੇਟ ਵਿਕ ਰਹੇ ਹਨ| ਇਸ ਤਰ੍ਹਾਂ ਦਾ ਡੁਪਲੀਕੇਟ ਸਮਾਨ ਵੇਚਣ ਵਾਲੇ ਦੁਕਾਨਦਾਰ ਜਾਂ ਖੋਖਾ ਮਾਰਕੀਟ ਦੇ ਦੁਕਾਨਦਾਰ ਡੁਪਲੀਕੇਟ ਸਮਾਨ ਨੂੰ ਵੀ ਅਸਲੀ ਕਹਿ ਕੇ ਅਤੇ ਪੂਰੀ ਗਾਰੰਟੀ ਵਾਲਾ ਸਮਾਨ ਹੋਣ ਦਾ ਦਾਅਵਾ ਕਰਦੇ ਵੇਚਦੇ ਹਨ ਪਰ ਅਸਲ ਵਿੱਚ ਉਹ ਸਮਾਨ ਹੁੰਦਾ ਹੀ ਡੁਪਲੀਕੇਟ ਹੈ ਜਿਸਦਾ ਪਤਾ ਲੋਕਾਂ ਨੂੰ ਸਮਾਨ ਨੂੰ ਵਰਤਣ ਤੋਂ ਬਾਅਦ ਲਗਦਾ ਹੈ, ਜਦੋਂ ਤਕ ਲੋਕਾਂ ਨੂੰ ਅਸਲੀਅਤ ਪਤਾ ਲਗਦੀ ਹੈ, ਉਦੋਂ ਤਕ ਸੇਲ ਵਾਲੇ ਅਗਲੇ ਸ਼ਹਿਰ ਵਿੱਚ ਚਲੇ ਜਾਂਦੇ ਹਨ ਅਤੇ ਖੋਖਾ ਮਾਰਕੀਟ ਵਾਲੇ ਤਾਂ ਸਾਫ ਹੀ ਕਹਿ ਦਿੰਦੇ ਹਨ ਕਿ ਇਹ ਡੁਪਲੀਕੇਟ ਸਮਾਨ ਉਹਨਾਂ ਦੀ ਦੁਕਾਨ ਤੋਂ ਨਹੀਂ ਵੇਚਿਆ ਗਿਆ, ਜਿਸ ਕਰਕੇ ਕਈ ਵਾਰ ਲੜਾਈ ਝਗੜੇ ਦੀ ਨੌਬਤ ਵੀ ਆ ਜਾਂਦੀ ਹੈ|
ਇਸੇ ਤਰ੍ਹਾਂ ਕੁਝ ਦੁਕਾਨਾਂ ਵਾਲੇ ਅਤੇ ਸ਼ੋਅਰੂਮਾਂ ਵਿੱਚ ਚਲਦੀਆਂ ਵੱਡੀਆਂ ਦੁਕਾਨਾਂ ਵਾਲੇ ਵੀ ਆਪਣੇ ਸਮਾਨ ਦੀ ਸੇਲ ਲਗਾ ਦਿੰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਪ੍ਰਿੰਟ ਰੇਟ ਤੋਂ ਪੰਜਾਹ ਫੀਸਦੀ ਤੱਕ ਲੈਸ ਕਰ ਰਹੇ ਹਨ, ਅਸਲ ਵਿੱਚ ਇਸ ਤਰ੍ਹਾਂ ਵੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਹੀ ਪਾਇਆ ਜਾਂਦਾ ਹੈ| ਇਸ ਤਰ੍ਹਾਂ ਦੇ ਕਪੜਿਆਂ ਅਤੇ ਹੋਰ ਸਮਾਨ ਦੇ ਰੇਟ ਪਹਿਲਾਂ ਹੀ ਕਈ ਗੁਣਾ ਵੱਧ ਲਗਾਏ ਹੁੰਦੇ ਹਨ, ਜਿਸ ਕਰਕੇ ਦੁਕਾਨਦਾਰਾਂ ਵਲੋਂ ਸੇਲ ਦੇ ਬਹਾਨੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ| ਇਸ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਦਾਰ ਆਪਣਾ ਕਈ ਸਾਲ ਪੁਰਾਣਾ ਸਮਾਨ ਵੇਚਣ ਲਈ ਵੀ ਸਮਾਨ ਦੀ ਸੇਲ ਲਗਾ ਦਿੰਦੇ ਹਨ, ਇਹ ਸੇਲ ਵੀ ਇਕ ਤਰ੍ਹਾਂ ਲੋਕਾਂ ਨੂੰ ਬੁੱਧੂ ਬਣਾ ਕੇ ਕਮਾਈ ਕਰਨ ਦਾ ਮਾਧਿਅਮ ਹੀ ਹੁੰਦੀ ਹੈ|
ਇਸ ਤਰ੍ਹਾਂ ਸੇਲ ਦੇ ਨਾਮ ਉਪਰ ਦੁਕਾਨਦਾਰ ਅਤੇ ਵਪਾਰੀ ਲੋਕ ਆਮ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ| ਜੇ ਕੋਈ ਵਿਅਕਤੀ ਸੇਲ ਵਿੱਚ ਲਿਆ ਸਮਾਨ ਮੋੜਨ ਜਾਂਦਾ ਹੈ ਤਾਂ ਸੇਲ ਲਗਾਉਣ ਵਾਲਿਆਂ ਵਲੋਂ ਉਸ ਸਮਾਨ ਨੂੰ ਵਾਪਸ ਲੈਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਜਾਂਦਾ ਹੈ, ਜਾਂ ਫਿਰ ਅੱਧੇ ਮੁੱਲ ਉਪਰ ਹੀ ਉਸ ਸਮਾਨ ਨੂੰ ਵਾਪਸ ਲਿਆ ਜਾਂਦਾ ਹੈ| ਇਸ ਤਰ੍ਹਾਂ ਇਹਨਾਂ ਸੇਲਾਂ ਵਿੱਚ ਸਮਾਨ ਲੈਣ ਵਾਲੇ ਲੋਕ ਹਮੇਸ਼ਾ ਘਾਟੇ ਵਿੱਚ ਹੀ ਰਹਿੰਦੇ ਹਨ|
ਖਪਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਸਤੇ ਦੇ ਲਾਲਚ ਵਿੱਚ ਆਪਣੀ ਲੁੱਟ ਨਾ ਕਰਵਾਉਣ ਅਤੇ ਵੱਖ ਵੱਖ ਥਾਵਾਂ ਤੇ ਲਗਾਈਆਂ ਜਾਂਦੀਆਂ ਇਹਨਾਂ ਸੇਲਾਂ ਵਿੱਚ ਸੋਚ ਸਮਝ ਕੇ ਹੀ ਖਰੀਦਦਾਰੀ ਕੀਤੀ ਜਾਵੇ| ਅਜਿਹਾ ਨਹੀਂ ਹੈ ਕਿ ਸੇਲ ਵਿੱਚ ਸਾਰਾ ਨਕਲੀ ਸਾਮਾਨ ਹੀ ਵੇਚਿਆ ਜਾਂਦਾ ਹੈ ਬਲਕਿ ਸੇਲ ਵਿੱਚ ਚੰਗਾ ਸਮਾਨ ਵੀ ਵਿਕਦਾ ਹੈ ਪਰੰਤੂ ਇਸ ਸੰਬੰਧੀ ਖਪਤਕਾਰਾਂ ਦਾ ਚੇਤੰਨ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਉਹ ਇਸ ਤਰੀਕੇ ਨਾਲ ਕੀਤੀ ਜਾਂਦੀ ਲੁੱਟ ਤੋਂ ਬਚ ਸਕਣ|

Leave a Reply

Your email address will not be published. Required fields are marked *