ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਅਖੌਤੀ ਜਿੰਮ!

ਪੰਜਾਬ ਵਿੱਚ ਇਸ ਵੇਲੇ ਚੰਗੀ ਸਿਹਤ ਬਣਾਉਣ ਅਤੇ ਕਮਜ਼ੋਰ ਵਿਅਕਤੀਆਂ ਨੂੰ ਵੀ ਪਹਿਲਵਾਨ ਬਣਾਉਣ ਦਾ ਦਾਅਵਾ ਕਰਨ ਵਾਲੇ ਜਿੰਮ ਹਰ ਸ਼ਹਿਰ ਅਤੇ ਗਲੀ ਮੁਹੱਲੇ ਵਿੱਚ ਖੁਲ੍ਹੇ ਹੋਏ ਹਨ, ਜਿੱਥੇ ਕਈ ਤਰ੍ਹਾਂ ਦੀਆਂ ਕਸਰਤਾਂ ਕਰਵਾ ਕੇ ਲੋਕਾਂ ਨੂੰ ਤੰਦਰੁਸਤ ਬਣਾਉਣ ਦਾ ਦਾਅਵਾ ਕੀਤਾ ਜਾਂਦਾ ਹੈ| ਇਹਨਾਂ ਜਿੰਮ ਵਾਲਿਆਂ ਵਲੋਂ ਕਈ ਤਰ੍ਹਾਂ ਦੀਆਂ ਤਾਕਤ ਵਧਾਊ ਦਵਾਈਆਂ ਵੀ ਵੇਚੀਆਂ ਜਾਂਦੀਆਂ ਹਨ, ਜਿਹਨਾਂ ਦਾ ਕੋਈ ਬਿਲ ਆਦਿ ਵੀ ਨਹੀਂ ਦਿੱਤਾ ਜਾਂਦਾ| ਇਸ ਤੋਂ ਇਲਾਵਾ ਇਹਨਾਂ ਜਿੰਮਾਂ ਵਿੱਚ ਕਈ ਤਰ੍ਹਾਂ ਦਾ ਪਾਊਡਰ ਵੀ ਵੇਚਿਆ ਜਾਂਦਾ ਹੈ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹਨਾਂ ਪਾਊਡਰਾਂ ਦੀ ਵਰਤੋਂ ਨਾਲ ਹਰ ਵਿਅਕਤੀ ਦਾ ਸਰੀਰ ਪਹਿਲਵਾਨਾਂ ਵਰਗਾ ਹੋ ਜਾਵੇਗਾ|
ਇੱਥੇ ਇਹ ਜਿਕਰਯੋਗ ਹੈ ਕਿ ਕਈ ਜਿੰਮ ਤਾਂ ਸਰਕਾਰ ਕੋਲ ਰਜਿਸਟਰਡ ਹੁੰਦੇ ਹਨ ਅਤੇ ਸਹੀ ਤਰੀਕੇ ਨਾਲ ਆਪਣਾ ਕੰਮ ਧੰਦਾ ਚਲਾਉਂਦੇ ਹਨ ਪਰ ਵੱਡੀ ਗਿਣਤੀ ਜਿੰਮ ਬਿਨਾ ਰਜਿਸਟ੍ਰੇਸ਼ਨ ਆਦਿ ਦੇ ਹੀ ਚਲਦੇ ਹਨ, ਜਿਹਨਾਂ ਵਿੱਚ ਸਿਹਤ ਮਾਹਿਰ ਦੇ ਨਾਮ ਉਪਰ ਅਜਿਹੇ ਵਿਅਕਤੀ ਆਪਣੀਆਂ ਸੇਵਾਵਾਂ ਦੇ ਰਹੇ ਹੁੰਦੇ ਹਨ| ਜਿਹਨਾਂ ਨੂੰ ਸਿਹਤ ਸੰਬਧੀ ਮਾੜਾ ਮੋਟਾ ਜਿਹਾ ਗਿਆਨ ਹੀ ਹੁੰਦਾ ਹੈ| ਅਜਿਹੇ ਸਿਹਤ ਮਾਹਿਰ ਟੀ ਵੀ ਚੈਨਲਾਂ ਅਤੇ ਇੰਟਰਨੈਟ ਉਪਰ ਹੁੰਦੀਆਂ ਕਸਰਤਾਂ ਵੇਖ ਕੇ ਹੀ ਜਿੰਮ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਕਸਰਤਾਂ ਕਰਵਾਈ ਜਾਂਦੇ ਹਨ| ਇਹਨਾਂ ਕਸਰਤਾਂ ਦੇ ਫਾਇਦੇ ਅਤੇ ਨੁਕਸਾਨ ਬਾਰੇ ਇਹਨਾਂ ਅਖੌਤੀ ਸਿਹਤ ਮਾਹਰਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ|
ਹਰ ਗਲੀ ਮੁਹਲੇ ਵਿੱਚ ਹੀ ਚਲ ਰਹੇ ਅਜਿਹੇ ਜਿੰਮ ਅਕਸਰ ਹੀ ਸਿਹਤ ਚੰਗੀ ਬਣਾਉਣ ਦੇ ਨਾਮ ਉਪਰ ਲੋਕਾਂ ਦੀ ਸਿਹਤ ਨਾਲ ਹੀ ਖਿਲਵਾੜ ਕਰਦੇ ਹਨ| ਕਈ ਵਾਰ ਇਹਨਾਂ ਜਿੰਮਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਕਸਰਤਾਂ ਵੀ ਗਲਤ ਤਰੀਕੇ ਨਾਲ ਕਰਵਾ ਦਿੱਤੀਆਂ ਜਾਂਦੀਆਂ ਹਨ, ਜਿਸਦਾ ਕੋਈ ਲਾਭ ਹੋਣ ਦੀ ਥਾਂ ਨੁਕਸਾਨ ਹੀ ਹੁੰਦਾ ਹੈ| ਇਹਨਾਂ ਜਿੰਮਾਂ ਵਿੱਚ ਤਾਕਤ ਵਧਾਉਣ ਵਾਲੀਆਂ ਜੋ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਉਹ ਇਕ ਵਾਰ ਤਾਂ ਸਰੀਰ ਨੂੰ ਫੁਲਾ ਦਿੰਦੀਆਂ ਹਨ ਪਰ ਉਹਨਾਂ ਦਵਾਈਆਂ ਕਾਰਨ ਸਰੀਰ ਤੰਦਰੁਸਤ ਹੋਣ ਦੀ ਥਾਂ ਥੁਲਥੁਲਾ ਜਿਹਾ ਹੋ ਜਾਂਦਾ ਹੈ| ਇਹਨਾਂ ਦਵਾਈਆਂ ਕਾਰਨ ਮੋਟਾਪਾ ਆਉਣ ਕਰਕੇ ਆਮ ਲੋਕ ਸੋਚਦੇ ਹਨ ਕਿ ਉਹਨਾਂ ਦੀ ਸਿਹਤ ਚੰਗੀ ਬਣਨ ਲੱਗ ਪਈ ਹੈ ਜਦੋਂਕਿ ਇਹ ਮੋਟਾਪਾ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਗਾ ਦਿੰਦਾ ਹੈ|
ਇਹਨਾਂ ਜਿੰਮਾਂ ਵਿੱਚ ਫੀਸ ਦੇ ਨਾਮ ਉਪਰ ਲੋਕਾਂ ਤੋਂ ਹਰ ਮਹੀਨੇ ਹਜਾਰਾਂ ਰੁਪਏ ਲਏ ਜਾਂਦੇ ਹਨ ਅਤੇ ਅਜਿਹੇ ਜਿਆਦਾਤਰ ਜਿੰਮ ਏਅਰਕੰਡੀਸ਼ਨਡ ਹੁੰਦੇ ਹਨ ਜਿੱਥੇ ਏ ਸੀ ਦੀ ਠੰਡੀ ਹਵਾ ਵਿੱਚ ਕਸਰਤ ਕਰਵਾਈ ਜਾਂਦੀ ਹੈ| ਵਿਦੇਸ਼ੀ ਤਰਜ ਤੇ ਚਲਣ ਵਾਲੇ ਇਹ ਏਅਰ ਕੰਡੀਸ਼ਨਡ ਜਿੰਮ ਸਾਡੇ ਦੇਸ਼ ਦੇ ਵਾਤਾਵਰਨ ਦੇ ਅਨੁਸਾਰ ਵੀ ਨਹੀਂ ਹਨ| ਸਿਹਤ ਮਾਹਿਰ ਕਹਿੰਦੇ ਹਨ ਕਿ ਏ ਸੀ ਵਾਲੇ ਵਾਤਾਵਰਨ ਵਿੱਚ ਕਸਰਤ ਕਰਨ ਨਾਲ ਲਾਭ ਹੋਣ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ ਪਰ ਲੋਕ ਅਣਜਾਨ ਹੋਣ ਕਾਰਨ ਏ ਸੀ ਵਿੱਚ ਹੀ ਕਸਰਤ ਕਰਦੇ ਰਹਿੰਦੇ ਹਨ|
ਇਹਨਾਂ ਜਿੰਮ ਵਾਲਿਆਂ ਵਲੋਂ ਆਪਣੇ ਕਾਰੋਬਾਰ ਦੀ ਵੱਡੇ ਪੱਧਰ ਤੇ ਇਸ਼ਤਿਹਾਰ ਬਾਜੀ ਕੀਤੀ ਜਾਂਦੀ ਹੈ ਅਤੇ ਇਸ ਇਸ਼ਤਿਹਾਰਬਾਜੀ ਕਾਰਨ ਆਮ ਲੋਕ ਆਪਣੀ ਸਿਹਤ ਨੂੰ ਚੰਗੀ ਤੇ ਤੰਦਰੁਸਤ ਬਣਾਉਣ ਲਈ ਜਿੰਮ ਦੀ ਮੋਟੀ ਫੀਸ ਦੇ ਕੇ ਜਿੰਮ ਦੇ ਮੈਂਬਰ ਬਣ ਜਾਂਦੇ ਹਨ| ਇਹਨਾਂ ਜਿੰਮਾਂ ਦੀ ਇਹ ਵੀ ਖਾਸੀਅਤ ਹੈ ਕਿ ਇਹਨਾਂ ਵਿੱਚੋਂ ਜਿਆਦਾਤਰ ਵਲੋਂ ਕਿਸੇ ਨੂੰ ਵੀ ਇਕ ਮਹੀਨੇ ਲਈ ਮੈਂਬਰ ਨਹੀਂ ਬਣਾਇਆ ਜਾਂਦਾ ਬਲਕਿ ਪਹਿਲੇ ਛੇ ਮਹੀਨਿਆਂ ਦੀ ਫੀਸ ਹਰ ਵਿਅਕਤੀ ਤੋਂ ਐਂਡਵਾਂਸ ਲਈ ਜਾਂਦੀ ਹੈ ਤਾਂ ਕਿ ਕੋਈ ਅੱਧ ਵਿਚਾਲੇ ਜਿਹੇ ਨਾ ਛੱਡ ਸਕੇ|
ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸੰਬਧਿਤ ਵਿਭਾਗ ਵਲੋਂ ਕਦੇ ਵੀ ਇਹਨਾਂ ਜਿੰਮਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ| ਨਾ ਹੀ ਇਹਨਾਂ ਜਿੰਮਾਂ ਵਿੱਚ ਵੇਚੀਆਂ ਜਾਂਦੀਆਂ ਤਾਕਤ ਵਧਾਊ ਦਵਾਈਆਂ ਅਤੇ ਤਾਕਤ ਵਾਲੇ ਪਾਊਡਰਾਂ ਦੀ ਜਾਂਚ ਕੀਤੀ ਜਾਂਦੀ ਹੈ| ਇਸ ਕਾਰਨ ਇਹ ਜਿੰਮ ਬਹੁਤ ਵੱਡੇ ਪੱਧਰ ਉਪਰ ਆਪਣਾ ਧੰਦਾ ਚਲਾ ਰਹੇ ਹਨ| ਸਰਕਾਰ ਵੀ ਇਹਨਾਂ ਜਿੰਮਾਂ ਦੀ ਕਾਰਗੁਜਾਰੀ ਪਰਖਣ ਦੀ ਥਾਂ ਇਸ ਸਬੰਧੀ ਅਵੇਸਲੀ ਪਈ ਹੈ, ਸ਼ਾਇਦ ਸਰਕਾਰ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਹੀ ਹੈ| ਇਹ ਵੀ ਇੱਕ ਕਾਰਨ ਹੈ ਕਿ ਹਰ ਗਲੀ ਮੁਹੱਲੇ ਵਿੱਚ ਆਏ ਦਿਨ ਨਵੇਂ ਨਵੇਂ ਜਿੰਮ ਖੁੱਲ ਰਹੇ ਹਨ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀ ਸਿਹਤ ਬਣਾਉਣ ਦੇ ਨਾਮ ਤੇ ਹਰ ਗਲੀ ਮੁਹਲੇ ਵਿੱਚ ਖੁਲੇ ਇਹਨਾਂ ਜਿੰਮਾਂ ਦੀ ਜਾਂਚ ਦੇ ਪ੍ਰਬੰਧ ਕਰੇ ਅਤੇ ਇਹਨਾਂ ਲਈ ਲਾਈਸੈਂਸ ਲੈਣਾ ਯਕੀਨੀ ਬਣਾਇਆ ਜਾਵੇ| ਇਸਦੇ ਨਾਲ ਨਾਲ ਇਹਨਾਂ ਜਿੰਮ ਵਾਲਿਆਂ ਵਲੋਂ ਵੇਚੀਆਂ ਜਾਂਦੀਆਂ ਤਾਕਤ ਵਧਾਊ ਦਵਾਈਆਂ ਅਤੇ ਪਾਊਡਰਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ|

Leave a Reply

Your email address will not be published. Required fields are marked *