ਲੋਕਾਂ ਦੇ ਏ ਟੀ ਐਮ ਕਾਰਡ ਬਦਲ ਕੇ ਪੈਸੇ ਕੱਢਵਾਉਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

ਐਸ.ਏ.ਐਸ.ਨਗਰ, 4 ਜੁਲਾਈ (ਆਰ.ਪੀ.ਵਾਲੀਆ) ਮੁਹਾਲੀ ਪੁਲੀਸ ਦੇ ਸਾਈਬਰ ਕਾਈਮ ਸੈਲ ਵਲੋਂ ਏ ਟੀ ਐਮ ਕਾਰਡ ਬਦਲ ਕੇ ਪੈਸੇ ਕੱਢਵਾਉਣ ਵਾਲ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ| ਇਸ ਗਿਰੋਹ ਦੇ ਮੈਂਬਰਾਂ ਵਲੋਂ ਏ ਟੀ. ਐਮ ਵਿੱਚ ਪੈਸੇ ਕਢਵਾਉਣ ਆਉਣ ਵਾਲੇ ਲੋਕਾਂ ਦੀ ਮਦਦ ਕਰਨ ਦੇ ਬਹਾਨੇ ਉਹਨਾਂ ਦੇ ਏ ਟੀ ਐਮ ਦਾ ਪਾਸਵਰਡ ਲੈ ਲਿਆ ਜਾਂਦਾ ਸੀ ਅਤੇ ਉਹਨਾਂ ਦਾ ਏ ਟੀ ਐਮ ਕਾਰਡ ਬਦਲ ਦਿੱਤਾ ਜਾਂਦਾ ਸੀ| ਬਾਅਦ ਵਿੱਚ ਇਹ ਵਿਅਕਤੀ  ਆਪਣੇ ਸ਼ਿਕਾਰ ਦੇ ਕਾਰਡ ਵਿੱਚ ਪਈ ਰਕਮ ਕਢਵਾ ਲੈਂਦੇ ਸਨ| ਇਸ ਗਿਰੋਹ ਨੂੰ ਸਾਈਬਰ ਕ੍ਰਾਈਮ ਸੈਲ ਦੀ ਡੀ ਐਸ ਪੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਪੁਲੀਸ ਵਲੋਂ ਕਾਬੂ ਕੀਤਾ ਗਿਆ ਹੈ| 
ਇੱਥੇ ਜਿਕਰਯੋਗ ਹੈ ਕਿ ਇਸ ਗਿਰੋਹ ਵਲੋਂ ਬੀਤੀ 29 ਮਈ ਨੂੰ ਫੇਜ਼ 1 ਦੀ ਵਸਨੀਕ ਮਹਿਲਾ ਆਸ਼ਾ ਦੇਵੀ ਦਾ ਕਾਰਡ ਲੈ ਕੇ ਏ ਟੀ ਐਮ ਤੋਂ ਪੈਸੇ ਕਢਵਾਉਣ ਗਈ ਉਸ ਦੀ ਬੇਟੀ ਦੀ ਮਦਦ ਕਰਨ ਦੇ ਬਹਾਨੇ ਉਸਦਾ ਪਾਸਵਰਡ ਹਾਸਿਲ ਕਰ ਲਿਆ ਗਿਆ ਸੀ ਅਤੇਫਿਰ ਉਸਦਾ ਕਾਰਡ ਬਦਲ ਕੇ ਉਸਦੇ ਖਾਤੇ ਵਿੱਚੋਂ 36 ਹਜਾਰ ਰੁਪਏ ਕਢਵਾ ਲਏ ਗਏ ਸਨ| ਇਸ ਸੰਬੰਧੀ ਆਸ਼ਾ ਦੇਵੀ ਵਲੋਂ ਸਾਈਬਰ ਸੈੱਲ ਦੀ ਡੀ.ਐਸ.ਪੀ. ਰੁਪਿੰਦਰ ਕੌਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਪੁਲੀਸ ਵਲੋਂ ਇਸ ਗਿਰੋਹ ਦਾ ਪਤਾ ਲਗਾ ਕੇ ਇਸਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦੋਂਕਿ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 29 ਮਈ ਨੂੰ ਜਦੋਂ ਸ਼ਿਕਾਇਤ ਕਰਤਾ ਦੀ ਬੇਟੀ ਏ.ਟੀ.ਐਮ ਤੋਂ ਪੈਸੇ ਕਢਵਾਉਣ ਲਈ ਗਈ ਸੀ ਤਾਂ ਇਕ ਅਣਪਛਾਤਾ ਵਿਅਕਤੀ ਵੀ ਉਸਦੇ ਨਾਲ ਹੀ ਅੰਦਰ ਦਾਖਿਲ ਹੋ ਗਿਆ ਸੀ ਅਤੇ ਜਦੋਂ ਕੁੜੀ ਨੇ ਪੈਸੇ ਕਢਵਾਉਣ ਲਈ ਏ.ਟੀ.ਐਮ. ਕਾਰਡ ਦੀ ਵਰਤੋਂ ਕੀਤੀ ਤਾਂ ਕਾਰਡ ਨਹੀਂ ਚਲਿਆ| ਇਸ ਦੌਰਾਨ ਉਸ ਵਿਅਕਤੀ ਨੇ                    ਏ. ਟੀ. ਐਮ. ਦਾ ਪਿੰਨ ਦੇਖ ਲਿਆ ਅਤੇ ਕੁੜੀ ਦੀ ਮਦਦ ਕਰਨ ਬਹਾਨੇ ਧੋਖੇ ਨਾਲ ਉਸਦਾ ਏ.ਟੀ.ਐਮ. ਕਾਰਡ ਬਦਲ ਕੇ ਉਸਨੂੰ ਦੂਜਾ ਕਾਰਡ ਦੇ ਦਿੱਤਾ ਅਤੇ ਉੱਥੋਂ ਚਲਾ ਗਿਆ| ਇਸ ਦੌਰਾਨ ਕੁੜੀ ਨੂੰ ਪਤਾ ਹੀ ਨਹੀਂ ਚਲਿਆ ਕਿ ਉਸਦਾ ਏ.ਟੀ.ਐਮ. ਕਾਰਡ ਬਦਲ ਗਿਆ ਹੈ ਅਤੇ ਉਸ ਅਣਪਛਾਤੇ ਵਿਅਕਤੀ ਨੇ ਕਿਸੇ ਹੋਰ ਥਾਂ ਜਾ ਕੇ ਉਸਦੇ ਏ.ਟੀ.ਐਮ. ਕਾਰਡ ਰਾਹੀਂ 36000 ਰੁਪਏ ਕਢਵਾ ਲਏ| ਇਸ ਸੰਬੰਧੀ ਪੁਲੀਸ ਵਲੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਉਕਤ ਅਣਪਛਾਤੇ ਵਿਅਕਤੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 420 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਸੀ|  
ਪੁਲੀਸ ਚੌਂਕੀ ਫੇਜ਼ 6 ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਏ.ਟੀ.ਐਮ. ਵਿਚੋਂ ਧੋਖੇ ਨਾਲ ਪੈਸੇ ਕਢਣ ਦੇ ਮਾਮਲੇ ਵਿੱਚ ਕ੍ਰਾਇਮ ਸੈਲ ਦੀ ਡੀ.ਐਸ.ਪੀ. ਰੁਪਿੰਦਰ ਕੌਰ ਦੀ ਅਗਵਾਈ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਹਨਾਂ ਵਿੱਚੋਂ ਇੱਕ ਵਿਅਕਤੀ ਸਤੀਸ਼ ਕੁਮਾਰ ਉਰਫ ਵਿਸ਼ਾਲ ਮੂਲ ਰੂਪ ਨਾਲ ਯੂ.ਪੀ. ਦੇ ਮੁਜਫਰਨਗਰ ਦੇ ਪਿੰਡ ਆਲਮ ਗੋਰਾ ਦਾ ਵਸਨੀਕ ਹੈ ਅਤੇ ਦੂਜਾ ਅਜੈ ਕੁਮਾਰ ਪਿੰਡ ਬਲੌਂਗੀ ਦੀ ਅੰਬੇਂਦਕਰ ਕਾਲੋਨੀ ਦਾ ਵਸਨੀਕ ਹੈ ਜਿਸਨੂੰ ਨੇੜਲੇ ਪਿੰਡ ਸ਼ਾਹੀਮਾਜਰਾ ਤੋਂ ਕਾਬੂ ਕੀਤਾ ਗਿਆ ਹੈ| 
ਉਹਨਾਂ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਵੱਖ-ਵੱਖ ਬੈਂਕਾਂ ਦੇ ਲੱਗਭੱਗ 15 ਏ ਟੀ ਐਮ ਕਾਰਡ ਬਰਾਮਦ ਕੀਤੇ ਗਏ ਹਨ| ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਕਬੂਲ ਕੀਤਾ ਹੈ ਕਿ ਇਹ 4 ਵਿਅਕਤੀਆਂ ਦਾ ਗਿਰੋਹ ਹੈ ਜਿਨ੍ਹਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ| ਉਹਨਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖਿਲਾਫ  ਪਹਿਲਾ ਵੀ ਧੋਖਾਧੜੀ ਦੇ ਹੋਰ ਕਈ ਮਾਮਲੇ ਦਰਜ ਹਨ|
ਪੁਲੀਸ ਵਲੋਂ ਇਹਨਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਣਯੋਗ ਜੱਜ ਵਲੋਂ ਇਹਨਾਂ ਨੂੰ ਨਿਆਇਕ ਹਿਰਾਸਤ ਵਿੱਚ                ਭੇਜਣ ਦੇ ਹੁਕਮ ਜਾਰੀ ਕੀਤੇ ਹਨ|  ਸ੍ਰ. ਮੰਡ ਨੇ ਦੱਸਿਆ ਕਿ ਇਹਨਾਂ ਦੋਵਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਗਿਆ ਹੈ ਜਿਸਦੀ ਰਿਪੋਰਟ ਆਉਣ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭਿਜਵਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *