ਲੋਕਾਂ ਦੇ ਰੋਹ ਕਾਰਨ ਅੱਜ ਵੀ ਸਿਰੇ ਨਹੀਂ ਚੜ੍ਹ ਪਾਈ ਗਮਾਡਾ ਦੀ ਫੇਜ਼-11 ਦੇ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ

ਲੋਕਾਂ ਦੇ ਰੋਹ ਕਾਰਨ ਅੱਜ ਵੀ ਸਿਰੇ ਨਹੀਂ ਚੜ੍ਹ ਪਾਈ ਗਮਾਡਾ ਦੀ ਫੇਜ਼-11 ਦੇ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ
ਮੌਕੇ ਤੇ ਭਾਰੀ ਪੁਲੀਸ ਤੈਨਾਤ, ਕਿਸੇ ਵੇਲੇ ਵੀ ਹੋ ਸਕਦੀ ਹੈ ਕਾਰਵਾਈ
ਐਸ ਏ ਐਸ ਨਗਰ, 25 ਜੁਲਾਈ (ਸ.ਬ.) ਫੇਜ਼-11 ਵਿੱਚ ਦੰਗਾ ਪੀੜਤਾਂ ਦੇ ਨਾਮ ਤੇ ਕਥਿਤ ਤੌਰ ਤੇ ਗੈਰ ਦੰਗਾ ਪੀੜਤਾਂ ਵੱਲੋਂ ਗਮਾਡਾ ਦੇ ਮਕਾਨਾਂ ਤੇ ਕੀਤੇ ਗਏ ਅਣਅਧਿਕਾਰਤ ਕਬਜਿਆਂ ਨੂੰ ਹਟਾ ਕੇ ਮਕਾਨ ਖਾਲੀ ਕਰਵਾਉਣ ਲਈ ਕੀਤੀ ਜਾ ਰਹੀ ਗਮਾਡਾ ਦੀ ਕਾਰਵਾਈ ਅੱਜ ਵੀ ਮੁਕੰਮਲ ਨਹੀਂ ਹੋ ਪਾਈ ਅਤੇ ਖਬਰ ਲਿਖੇ ਜਾਣ ਤੱਕ ਗਮਾਡਾ ਦੇ ਅਧਿਕਾਰੀ ਭਾਰੀ ਪੁਲੀਸ ਫੋਰਸ ਦੇ ਨਾਲ ਫੇਜ਼-11 ਵਿੱਚ ਪਹੁੰਚੇ ਹੋਏ ਸਨ ਪਰੰਤੂ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਆਰੰਭ ਨਹੀਂ ਹੋ ਪਾਈ ਸੀ|
ਇਸ ਸਬੰਧੀ ਗਮਾਡਾ ਅਧਿਕਾਰੀਆਂ ਵੱਲੋਂ ਇਹਨਾਂ ਕਬਜਾਕਾਰਾਂ ਨੂੰ ਪਹਿਲਾਂ ਹੀ 25 ਜੁਲਾਈ ਤੱਕ ਮਕਾਨ ਖਾਲੀ ਕਰ ਦੇਣ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਅਤੇ ਖਾਲੀ ਨਾ ਕੀਤੇ ਜਾਣ ਦੀ ਸੂਰਤ ਵਿੱਚ ਅੱਜ ਮਕਾਨ ਜਬਰੀ ਖਾਲੀ ਕਰਵਾਉਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ| ਇਸ ਸਬੰਧੀ ਅੱਜ ਸਵੇਰੇ ਹੀ ਇਹਨਾਂ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਉਹਨਾਂ ਦੇ ਸਮਰਥਕ ਅਤੇ ਸਥਾਨਕ ਆਗੂ ਵੀ ਇਕੱਠੇ ਹੋਣ ਲੱਗੇ ਸਨ| ਇਸ ਦੌਰਾਨ ਅਕਾਲੀ ਆਗੂ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ, ਕੌਂਸਲਰ ਸ੍ਰ. ਜਸਵੀਰ ਸਿੰਘ ਮਣਕੂ ਅਤੇ ਸ੍ਰੀਮਤੀ ਰਾਜਰਾਣੀ ਜੈਨ, ਦੰਗਾ ਪੀੜਤਾਂ ਦੀ ਆਗੂ ਬੀਬੀ ਕਸ਼ਮੀਰ ਕੌਰ ਅਤੇ ਹੋਰਨਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਫੇਜ਼-11 ਦੀ ਮੁੱਖ ਸੜਕ (ਬਾਵਾ ਵਾਈਟ ਹਾਊਸ ਵਾਲੀ) ਤੇ ਟਾਇਰਾਂ ਨੂੰ ਅੱਗ ਲਗਾ ਕੇ ਜਾਮ ਲਗਾ ਦਿੱਤਾ ਅਤੇ ਗਮਾਡਾ ਅਤੇ ਪੁਲੀਸ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ|
ਮੌਕ ਤੇ ਪਹੁੰਚੇ ਐਸ ਪੀ ਸਿਟੀ ਸ੍ਰ. ਜਗਜੀਤ ਸਿੰਘ ਅਤੇ ਡੀ ਐਸ ਪੀ ਸ੍ਰ. ਰਮਨਦੀਪ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਗਿਆ ਅਤੇ ਉਹਨਾਂ ਨੂੰ ਜਾਮ ਖੋਲ੍ਹਣ ਲਈ ਮਨਾਇਆ ਗਿਆ|
ਬਾਅਦ ਵਿੱਚ 11 ਵਜੇ ਦੇ ਕਰੀਬ ਗਮਾਡਾ ਦੇ ਈ. ਓ. ਸ੍ਰੀ ਮਹੇਸ਼ ਬਾਂਸਲ ਦੀ ਅਗਵਾਈ ਵਿੱਚ ਗਮਾਡਾ ਦੇ ਵੱਡੀ ਗਿਣਤੀ ਸੁਰੱਖਿਆ ਕਰਮਚਾਰੀ ਅਤੇ ਮਕਾਨ ਖਾਲੀ ਕਰਵਾਉਣ ਲਈ ਲੇਬਰ ਫੇਜ਼-11 ਵਿਖੇ ਪਹੁੰਚੀ| ਇਸ ਮੌਕੇ ਐਸ ਡੀ ਐਮ ਮੁਹਾਲੀ ਸ੍ਰ. ਰਪਿੰਦਰ ਪਾਲ ਸਿੰਘ ਵੀ ਪਹੁੰਚ ਗਏ| ਪ੍ਰੰਤੂ ਲੋਕਾਂ ਦੇ ਰੋਹ ਨੂੰ ਦੇਖਦਿਆਂ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਆਰੰਭ ਨਹੀਂ ਹੋ ਪਾਈ|
ਇਸ ਦੌਰਾਨ ਉੱਥੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਵੀ ਤੈਨਾਤ ਕਰ ਦਿਤੀ ਗਈ ਅਤੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਸ੍ਰ. ਸੰਦੀਪ ਹੰਸ ਵੀ ਫੇਜ਼-11 ਵਿੱਚ ਪਹੁੰਚੇ| ਜਿਹਨਾਂ ਨੇ ਮੌਕੇ ਤੇ ਪੁਲੀਸ ਅਤੇ ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ| ਇਸ ਦੌਰਾਨ ਗਮਾਡਾ ਅਧਿਕਾਰੀਆਂ ਨੇ 1456 ਬਲਾਕ ਦੇ ਇੱਕ ਮਕਾਨ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਆਰੰਭ ਕਰਨੀ ਚਾਹੀ ਪ੍ਰੰਤੂ ਮਕਾਨ ਵਿੱਚ ਰਹਿਣ ਵਾਲੇ ਵਿਅਕਤੀ ਨੇ ਬਾਹਰੋਂ ਤਾਲਾ ਲਗਾ ਦਿਤਾ ਅਤੇ ਮੌਕੇ ਤੋਂ ਚਲਾ ਗਿਆ| ਇਸੇ ਦੌਰਾਨ ਉੱਥੇ ਬਾਕੀ ਮਕਾਨਾਂ ਦੇ ਵਸਨੀਕ ਵੀ ਇਕੱਠੇ ਹੋ ਗਏ ਅਤੇ ਇਹ ਕਾਰਵਾਈ ਵਿਚਾਲੇ ਹੀ ਰੋਕ ਦਿਤੀ ਗਈ|
ਇਸ ਦੌਰਾਨ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਸ੍ਰੀ ਮਤੀ ਕੁਲਦੀਪ ਕੌਰ ਕੰਗ ਵੀ ਮਕਾਨਾਂ ਵਿੱਚ ਰਹਿੰਦੇ ਲੋਕਾਂ ਦੇ ਸਮਰਥਨ ਵਿੱਚ ਉੱਥੇ ਪਹੁੰਚੇ ਅਤੇ ਪ੍ਰਸ਼ਾਸ਼ਨ ਨੂੰ ਕਾਰਵਾਈ ਰੋਕਣ ਲਈ ਕਿਹਾ| ਖਬਰ ਲਿਖੇ ਜਾਣ ਤਕ ਉੱਥੇ ਭਾਰੀ ਪੁਲੀਸ ਫੋਰਸ ਤੈਨਾਤ ਸੀ ਅਤੇ ਗਮਾਡਾ ਅਧਿਕਾਰੀਆਂ ਵੱਲੋਂ  ਆਪਣੇ ਸੀਨੀਅਰ ਅਧਿਕਾਰੀਆਂ ਨੂੰ ਹਾਲਾਤ ਦੀ ਜਾਣਕਾਰੀ ਦੇ ਕੇ ਉਹਨਾਂ ਦੇ ਹੁਕਮ ਦੀ ਉਡੀਕ ਕੀਤੀ ਜਾ ਰਹੀ ਸੀ|

Leave a Reply

Your email address will not be published. Required fields are marked *