ਲੋਕਾਂ ਦੇ ਰੋਹ ਕਾਰਨ ਗਮਾਡਾ ਨੇ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਟਾਲੀ

ਐਸ ਏ ਐਸ ਨਗਰ, 24 ਜੂਨ (ਸ. ਬ.) ਗਮਾਡਾ ਵਲੋਂ ਕੁਝ ਦਿਨ ਪਹਿਲਾਂ ਫੇਜ 11 ਦੇ ਦੰਗਾ ਪੀੜਤਾਂ ਵਾਲੇ  ਕੁਆਟਰਾਂ ਵਿਚ ਅਣਅਧਿਕਾਰਤ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਇਹ ਮਕਾਨ ਖਾਲੀ ਕਰਨ ਲਈ ਉਹਨਾ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾਏ ਗਏ ਸਨ ਅਤੇ ਮਕਾਨ ਖਾਲੀ ਕਰਵਾਉਣ ਲਈ ਅੱਜ ਦੀ ਤਰੀਕ ਮਿਥੀ ਗਈ ਸੀ| ਅੱਜ ਜਦੋਂ ਗਮਾਡਾ ਦੀ ਟੀਮ ਗਮਾਡਾ ਦੀ ਈ ਓ ਹਾਊਸਿੰਗ ਸੁਖਵਿੰਦਰ ਕੌਰ ਦੀ ਅਗਵਾਈ ਵਿਚ ਪੁਲੀਸ ਸਹਾਇਤਾ ਲੈਣ ਲਈ ਫੇਜ 11 ਦੇ ਥਾਣੇ ਵਿਚ ਪਹੁੰਚੀ ਤਾਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਅਤੇ ਐਮ ਸੀ ਜਸਬੀਰ ਮਣਕੂ ਦੀ ਅਗਵਾਈ ਵਿਚ ਵੱਡੀ ਗਿਣਤੀ ਲੋਕ ਥਾਣੇ ਵਿਚ ਇਕਠੇ ਹੋ ਗਏ ਅਤੇ ਉਹਨਾ ਨੇ ਉਥੇ ਨਾਰ੍ਹੇਬਾਜੀ ਕਰਨੀ ਸ਼ੁਰੂ ਕਰ ਦਿਤੀ|
ਇਸੇ ਦੌਰਾਨ ਅਕਾਲੀ ਕੌਂਸਲਰ ਸ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿਚ ਵੀ ਕੁਆਟਰਾਂ ਵਿਚ ਲੋਕ ਇਕਠੇ ਹੋ ਗਏ ਅਤੇ ਉਹਨਾਂ ਨੇ ਵੀ ਗਮਾਡਾ ਵਿਰੁੱਧ ਨਾਰ੍ਹੇਬਾਜੀ ਸ਼ੁਰੂ ਕਰ ਦਿਤੀ|
ਇਸ ਮੌਕੇ ਸੀਨੀਅਰ ਡਿਪਟੀ  ਮੇਅਰ ਸ੍ਰੀ ਰਿਸ਼ਵ ਜੈਨ ਅਤੇ ਐਮ ਸੀ ਜਸਬੀਰ ਮਣਕੂ ਸਮੇਤ ਥਾਣੇ ਵਿਚ ਪਹੁੰਚੇ 15 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲੀਸ ਉਥੋਂ ਲੈ ਕੇ ਚਲੀ ਗਈ|  ਇਸ ਉਪਰੰਤ ਡੀ ਐਸ ਪੀ ਸਿਟੀ 1 ਸ੍ਰੀ ਰਮਨਦੀਪ ਸਿੰਘ ਨੇ  ਮੁਜਾਹਰਾਕਾਰੀਆਂ ਦੀ ਗਮਾਡਾ ਅਧਿਕਾਰੀਆਂ ਨਾਲ ਗਲਬਾਤ ਕਰਵਾਈ| ਇਸ ਮੌਕੇ ਦੋਵੇਂ ਧਿਰਾਂ ਵਿਚ ਇਸ ਗਲ ਉਪਰ ਸਹਿਮਤੀ ਬਣ ਗਈ ਕਿ ਇਹਨਾਂ ਲੋਕਾਂ ਨੂੰ ਗਮਾਡਾ ਵਲੋਂ ਨੋਟਿਸ ਦਿਤੇ ਜਾਣਗੇ ਅਤੇ ਕੁਆਟਰ ਖਾਲੀ ਕਰਨ ਦਾ ਸਮਾਂ ਵੀ ਦਿਤਾ ਜਾਵੇਗਾ| ਜਿਸ ਤੋਂ ਬਾਅਦ ਗਮਾਡਾ ਵਲੋਂ ਅੱਜ ਦੀ ਪ੍ਰਸਤਾਵਿਤ ਕਾਰਵਾਈ ਟਾਲ ਦਿਤੀ ਗਈ|  ਇਸ ਤੋਂ ਬਾਅਦ ਪੁਲੀਸ ਨੇ ਵੀ ਹਿਰਾਸਤ ਵਿਚ ਲਏ ਵਿਅਕਤੀਆਂ ਨੂੰ ਛੱਡ ਦਿਤਾ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ  ਰਿਸ਼ਵ ਜੈਨ ਨੇ ਕਿਹਾ ਕਿ ਗਮਾਡਾ ਨੂੰ ਦੰਗਾ ਪੀੜਤਾਂ ਦੇ ਕੁਆਟਰਾਂ ਵਿਚ ਰਹਿ ਰਹੇ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ, ਉਹਨਾਂ ਕਿਹਾ ਕਿ ਜਿਹੜੇ ਲੋਕਾਂ ਕੋਲ ਦੰਗਾ ਪੀੜਤ ਹੋਣ ਦੇ ਸਬੂਤ ਨਹੀਂ ਹਨ, ਉਹਨਾਂ ਨੁੰ ਕੁਝ ਹੋਰ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਉਹ ਦੰਗਾ ਪੀੜਤ ਹੋਣ ਦਾ ਸਬੂਤ ਬਣਵਾ ਸਕਣ|  ਉਹਨਾਂ ਕਿਹਾ ਕਿ ਗਮਾਡਾ ਨੁੰ ਧੱਕੇ ਨਾਲ ਹੀ ਮਕਾਨ ਮਾਲਕਾਂ ਤੋਂ ਇਹ ਮਕਾਨ ਖਾਲੀ ਨਹੀਂ ਕਰਵਾਉਣੇ ਚਾਹੀਦੇ|
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅਕਾਲੀ ਕੌਂਸਲਰ ਸ ਪਰਮਜੀਤ ਸਿੰਘ ਕਾਹਲ ੋਂ ਨੇ ਕਿਹਾ ਕਿ ਗਮਾਡਾ ਵਲੋਂ ਦੰਗਾ ਪੀੜਤ ਵਿਅਕਤੀਆਂ ਨਾਲ ਬਹੁਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਅਕਾਲੀ ਦਲ ਵਲੋਂ ਸਹਿਣ ਨਹੀਂ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਦੂਜੇ ਰਾਜਾਂ ਤੋਂ ਆਏ ਪ੍ਰਵਾਸੀ ਮਜਦੂਰ ਜਦੋਂ ਝੋਂਪੜੀਆਂ ਬਣਾ ਕੇ ਰਹਿੰਦੇ ਹਨ ਤਾਂ ਪ੍ਰਸਾਸਨ ਵਲੋਂ ਉਹਨਾਂ ਮਜਦੁਰਾਂ ਨੂੰ ਕੁਆਟਰ ਬਣਾ ਕੇ ਦਿਤੇ ਜਾਂਦੇ ਹਨ ਪਰ ਇਹਨਾਂ ਦੰਗਾਂ ਪੀੜਤ ਪੰਜਾਬੀਆਂ ਨੂੰ ਪ੍ਰਸਾਸਨ ਤੇ ਗਮਾਡਾ ਵਲੋਂ ਉਜਾੜਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਉਹ ਦੰਗਾ ਪੀੜਤਾਂ ਨਾਲ ਕੋਈ ਵੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ|  ਇਸ ਮੌਕੇ ਉਹਨਾਂ ਨਾਲ ਜਗਦੀਸ਼ ਸਿੰਘ, ਕਸ਼ਮੀਰ ਕੌਰ, ਜਸਰਾਜ ਸਿੰਘ ਸੋਨੂੰ, ਮਹਿੰਦਰ ਸਿੰਘ, ਜਸਵੀਰ ਕੌਰ ਸਰਨਾ, ਬਲਜੀਤ ਸਿੰਘ, ਨਰਿੰਦਰ ਸਿੰਘ, ਸੰਤੋਸ਼ ਕੌਰ, ਅਮਰਜੀਤ ਕੌਰ, ਬੀਬੀ ਮਿੰਨੀ, ਬੀਬੀ ਵੀਨਾ, ਗੁਰਦੀਪ ਕੌਰ ਵੀ ਮੌਜੂਦ ਸਨ|
ਇਸੇ ਦੌਰਾਨ ਸ੍ਰੀ ਰਣਨੀਕ ਸਿੰਘ ਵਲੰਟੀਅਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਦੰਗਾਂ ਪੀੜਤਾਂ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਅਤੇ ਦੰਗਾਂ ਪੀੜਤਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ| ਦੰਗਾ ਪੀੜਤਾਂ ਨੁੰ ਮਕਾਨਾਂ ਵਿਚੋਂ ਧੱਕੇ ਨਾਲ ਹੀ ਕੱਢ ਕੇ ਬੇਘਰ ਨਹੀਂ ਕੀਤਾ ਜਾਣਾ ਚਾਹੀਦਾ|

Leave a Reply

Your email address will not be published. Required fields are marked *