ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਕੈਪਟਨ ਸਰਕਾਰ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਏ ਡੇਢ ਸਾਲ ਦੇ ਕਰੀਬ ਹੋ ਚੁੱਕਿਆ ਹੈ, ਪਰ ਇਸ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਨਾਂਹਪੱਖੀ ਹੀ ਰਹੀ ਹੈ ਅਤੇ ਇਹ ਸਰਕਾਰ ਹਰ ਮੁੱਦੇ ਉਪਰ ਹੀ ਫੇਲ੍ਹ ਲੱਗ ਰਹੀ ਹੈ| ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਪਵਿੱਤਰ ਗੁਰਬਾਣੀ ਦਾ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ ਕਿ ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉੁਹ ਸਿਰਫ ਚਾਰ ਹਫਤਿਆਂ ਵਿੱਚ ਹੀ ਪੰਜਾਬ ਵਿੱਚ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦੇਣਗੇ, ਪਰ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਾਹਿਬ ਨੂੰਸ਼ਾਇਦ ਆਪਣੀ ਇਹ ਸਹੁੰ ਹੀ ਭੁੱਲ ਗਈ ਹੈ| ਹਾਲਾਤ ਇਹ ਹਨ ਕਿ ਪੰਜਾਬ ਵਿੱਚ ਬਾਦਲ ਸਰਕਾਰ ਦੇ ਰਾਜ ਨਾਲੋਂ ਹੁਣ ਕੈਪਟਨ ਸਰਕਾਰ ਦੇ ਰਾਜ ਵਿੱਚ ਨਸ਼ਾ ਵਧੇਰੇ ਵਿਕ ਰਿਹਾ ਹੈ| ਇਸ ਸੰਬੰਧੀ ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਇਲਜਾਮ ਲਗਾਉਣ (ਕਿ ਪੁਲੀਸ ਦੇ ਇੱਕ ਡੀ ਐਸ ਪੀ ਵਲੋਂ ਇੱਕ ਲੜਕੀ ਨੂੰ ਨਸ਼ਾ ਕਰਨ ਦੀ ਲੱਤ ਲਗਾਉਣ ਦੀ ਉਹਨਾਂ ਵਲੋਂ ਕੀਤੀ ਗਈ ਸ਼ਿਕਾਇਤ ਉਪਰ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੋਂ ਬਾਅਦ ਭਾਵੇਂ ਮੁੱਖ ਮੰਤਰੀ ਵਲੋਂ ਉਕਤ ਡੀ ਐਸ ਨੂੰ ਮੁਅੱਤਲ ਕਰ ਦਿੱਤਾ ਹੈ ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕਾਂਗਰਸ ਦੇ ਸੀਨੀਅਰ ਵਿਧਾਇਕ ਦੀ ਹੀ ਸੁਣਵਾਈ ਨਹੀਂ ਹੁੰਦੀ ਅਤੇ ਉਸਨੂੰ ਜਨਤਕ ਤੌਰ ਤੇ ਆਪਣੀ ਨਿਰਾਸ਼ਾ ਜਾਰੀ ਕਰਨੀ ਪੈਂਦੀ ਹੈ ਤਾਂ ਆਮ ਲੋਕਾਂ ਦੀ ਗੱਲ ਕਿਸਨੇ ਸੁਣਨੀ ਹੈ| ਲੋਕਾਂ ਵਿੱਚ ਇਸ ਗਲ ਦੀ ਚਰਚਾ ਆਮ ਹੈ ਕਿ ਕੈਪਟਨ ਸਰਕਾਰ ਨਸ਼ਾ ਬੰਦ ਕਰਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ| ਇਹ ਵੀ ਹਕੀਕਤ ਹੈ ਕਿ ਕਈ ਕਾਂਗਰਸੀ ਆਗੂਆਂ ਦੇ ਕੋਲ ਹੀ ਸਰਾਬ ਦੇ ਠੇਕੇ ਹਨ ਅਤੇ ਹੁਣ ਤਾਂ ਕਾਂਗਰਸੀ ਆਗੂਆਂ ਉਪਰ ਵੀ ਨਸ਼ੇ ਦਾ ਧੰਦਾ ਕਰਨ ਦੇ ਇਲਜਾਮ ਲੱਗਣ ਲੱਗ ਗਏ ਹਨ|
ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਵੇਲੇ ਕੀਤਾ ਗਿਆ ਹਰ ਘਰ ਰੁਜਗਾਰ ਦੇਣ ਦਾ ਵਾਇਦਾ ਵੀ ਖੋਖਲਾ ਸਾਬਿਤ ਹੋਇਆ ਹੈ| ਪੰਜਾਬ ਵਿੱਚ ਲੱਖਾਂ ਬੇਰੁਜਗਾਰ ਨੌਜਵਾਨ ਵਿਹਲੇ ਫਿਰਦੇ ਹਨ ਜੋ ਕਿ ਵਿਹਲੇ ਰਹਿਣ ਕਰਕੇ ਕੁਰਾਹੇ ਪੈ ਰਹੇ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਨੌਜਵਾਨ ਤਾਂ ਨਸ਼ਾ, ਚੋਰੀਆਂ ਆਦਿ ਕਰਨ ਲੱਗੇ ਪਏ ਹਨ| ਕੈਪਟਨ ਸਰਕਾਰ ਨੇ ਬੇਰੁਜਗਾਰਾਂ ਨੂੰ ਰੁਜਗਾਰ ਤਾਂ ਕੀ ਦੇਣਾ ਸੀ ਉਲਟਾ 10 ਸਾਲ ਪਹਿਲਾਂ ਠੇਕੇ ਉਪਰ ਭਰਤੀ ਕੀਤੇ ਗਏ ਮੁਲਾਜਮਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਇਹਨਾਂ ਕਰਮਚਾਰੀਆਂ ਵਿੱਚ ਰੋਸ ਵੱਧ ਰਿਹਾ ਹੈ| ਹਰ ਘਰ ਰੁਜਗਾਰ ਦੇਣ ਦਾ ਕਾਂਗਰਸ ਦਾ ਵਾਇਦਾ ਵੀ ਠੁੱਸ ਹੋ ਗਿਆ ਹੈ|
ਪੰਜਾਬ ਵਿੱਚ ਰੇਤਾ ਬਜਰੀ ਦੀ ਕਾਲਾਬਾਜਾਰੀ ਰੋਕਣ ਵਿੱਚ ਵੀ ਇਹ ਸਰਕਾਰ ਨਾਕਾਮ ਸਾਬਿਤ ਹੋਈ ਹੈ ਅਤੇ ਹਾਲਤ ਇਹ ਹੈ ਕਿ ਹੁਣ ਸੂਬੇ ਵਿੱਚ ਰੇਤਾ ਪਹਿਲਾਂ ਦੇ ਮੁਕਾਬਲੇ ਬਹੁਤ ਜਿਆਦਾ ਮਹਿੰਗਾ ਵਿਕ ਰਿਹਾ ਹੈ| ਪੰਜਾਬ ਵਿੱਚ ਗੈਰਕਾਨੂੰਨੀ ਮਾਈਨਿੰਗ ਵੀ ਬਹੁਤ ਵੱਡੇ ਪੱਧਰ ਉਪਰ ਹੋ ਰਹੀ ਹੈ, ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ| ਇਸ ਗੈਰਕਾਨੂੰਨੀ ਮਾਈਨਿੰਗ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੰਤਰੀਆਂ ਦਾ ਨਾਮ ਵੀ ਬੋਲਦਾ ਹੈ| ਹੁਣ ਤਾਂ ਮਾਈਨਿੰਗ ਮਾਫੀਆ ਦਾ ਹੌਂਸਲਾ ਇੰਨਾ ਜਿਆਦਾ ਵੱਧ ਗਿਆ ਹੈ ਕਿ ਉਸਨੇ ਵਿਧਾਇਕਾਂ ਉਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਇਹਨਾਂ ਦੇ ਡਰ ਕਾਰਨ ਕੋਈ ਵੀ ਵਿਅਕਤੀ ਮਾਈਨਿੰਗ ਮਾਫੀਆ ਬਾਰੇ ਬੋਲਣ ਤੋਂ ਝਿਝਕਦਾ ਹੈ| ਮੁੱਖ ਮੰਤਰੀ ਵੱਲੋਂ ਚੋਣਾਂ ਵੇਲੇ ਨੌਜਵਾਨਾਂ ਨੂੰ ਮੋਬਾਇਲ ਦੇਣ ਦਾ ਵਾਇਦਾ ਵੀ ਕੀਤਾ ਗਿਆ ਸੀ ਪਰ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਨ ਤੋਂ ਬਾਅਦ ਆਪਣਾ ਇਹ ਵਾਇਦਾ ਵੀ ਪੂਰੀ ਤਰ੍ਹਾ ਵਿਸਾਰ ਚੁੱਕੀ ਹੈ| ਕੈਪਟਨ ਸਰਕਾਰ ਵਲੋ ਲੋਕਾਂ ਨੂੰ ਅਸਲੀ ਮੋਬਾਇਲ ਦੇਣ ਦੀ ਥਾਂ ਲਾਰੇ ਲਗਾ ਕੇ ਹੀ ਭਰਮਾਇਆ ਜਾ ਰਿਹਾ ਹੈ|
ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਪੰਜਾਬੀਆਂ ਨੂੰ ਟੋਲ ਟੈਕਸਾਂ ਤੋਂ ਰਾਹਤ ਦਿਵਾਉਣ ਦਾ ਐਲਾਨ ਵੀ ਕੀਤਾ ਸੀ ਪਰ ਪੰਜਾਬ ਵਿੱਚ ਹੁਣ ਟੋਲ ਟੈਕਸਾਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ| ਅਸਲ ਵਿਚ ਕੈਪਟਨ ਸਰਕਾਰ ਨੇ ਹੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਟੋਲ ਪਲਾਜਿਆਂ ਦੀ ਸ਼ੁਰੂਆਤ ਕੀਤੀ ਸੀ ਜਿਹਨਾਂ ਦੀ ਗਿਣਤੀ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਹੋਰ ਵੀ ਵੱਧ ਗਈ ਹੈ| ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਚੰਡੀਗੜ੍ਹ ਤੋਂ ਬਠਿੰਡਾ ਤਕ ਕੋਈ ਵੀ ਟੋਲ ਟੈਕਸ ਬੈਰੀਅਰ ਨਹੀਂ ਸੀ ਪਰ ਹੁਣ ਕੈਪਟਨ ਦੇ ਰਾਜ ਵਿੱਚ ਚੰਡੀਗੜ੍ਹ ਤੋਂ ਬਠਿੰਡਾ ਤਕ ਦੇ ਰਸਤੇ ਵਿੱਚ ਪੰਜ ਟੋਲ ਟੈਕਸ ਬੈਰੀਅਰ ਕੰਮ ਕਰ ਰਹੇ ਹਨ, ਜਿਥੇ ਕਿ ਲੋਕਾਂ ਨੂੰ ਆਪਣੀ ਜੇਬ ਹਲਕੀ ਕਰਕੇ ਹੀ ਅੱਗੇ ਲੰਘਣਾ ਪੈਂਦਾ ਹੈ|
ਚਾਹੀਦਾ ਤਾਂ ਇਹ ਹੈ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਗਏ ਆਪਣੇ ਸਾਰੇ ਵਾਅਦੇ ਪੂਰੇ ਕਰੇ ਤਾਂ ਲੋਕ ਕਾਂਗਰਸ ਸਰਕਾਰ ਤੋਂ ਨਿਰਾਸ਼ ਨਾ ਹੋਣ ਵਰਨਾ ਲੋਕਾਂ ਵਿੱਚ ਲਗਾਤਾਰ ਵੱਧਦੀ ਇਹ ਹਤਾਸ਼ਾ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦਾ ਵੱਡਾ ਸਿਆਸੀ ਨੁਕਸਾਨ ਕਰ ਸਕਦੀ ਹੈ ਅਤੇ ਕਾਂਗਰਸੀ ਆਗੂਆਂ ਨੂੰ ਇਹ ਗੱਲ ਜਿੰਨੀ ਛੇਤੀ ਸਮਝ ਆ ਜਾਵੇ ਬਿਹਤਰ ਹੈ|

Leave a Reply

Your email address will not be published. Required fields are marked *