ਲੋਕਾਂ ਨਾਲ ਠੱਗੀਆਂ ਮਾਰਦੇ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰੇ ਪ੍ਰਸ਼ਾਸ਼ਨ

ਸਾਡੀ ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾ ਕੇ ਵਸਣ ਦੀ ਚਾਹਤ ਬਹੁਤ ਪੁਰਾਣੀ ਹੈ ਅਤੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਵਾਲੇ ਜਿਆਦਾਤਰ ਮੁੰਡੇ ਕੁੜੀਆਂ ਦਾ ਇਹੀ ਸੁਫਨਾ ਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਵਿਦੇਸ਼ ਵਿੱਚ ਜਾ ਕੇ ਵਸਣ ਦੇ ਸਮਰਥ ਹੋ ਜਾਣ| ਸ਼ਾਇਦ ਇਹੀ ਕਾਰਨ ਹੈ ਕਿ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਟ੍ਰੈਵਲ ਏਜੰਟਾਂ ਦਾ ਧੰਧਾ ਸਭ ਤੋਂ ਵੱਧ ਚਲਦਾ ਹੈ ਅਤੇ ਸੂਬੇ ਦੇ ਹਰੇਕ ਸ਼ਹਿਰ-ਕਸਬੇ ਵਿੱਚ ਅਜਿਹੇ ਟ੍ਰੈਵਲ ਏਜੰਟਾ ਦੇ ਦਫਤਰ ਆਮ ਨਜਰ ਆ ਜਾਂਦੇ ਹਨ ਜਿਹਨਾਂ ਵਲੋਂ ਆਮ ਲੋਕਾਂ ਨੂੰ ਨਾ ਸਿਰਫ ਵਿਦੇਸ਼ ਭੇਜਣ ਦਾ ਦਾਅਵਾ ਕੀਤਾ ਜਾਂਦਾ ਹੈ ਬਲਕਿ ਇਹ ਟ੍ਰੈਵਲ ਏਜੰਟ ਲੋਕਾਂ ਨੂੰ ਵਿਦੇਸ਼ ਪਹੁੰਚਾ ਕੇ ਕੰਮ ਦਿਵਾਉਣ ਦਾ ਵਾਇਦਾ ਵੀ ਕਰਦੇ ਹਨ|
ਕਾਨੂੰਨ ਅਨੁਸਾਰ ਲੋਕਾਂ ਨੂੰ ਵਿਦੇਸ਼ ਭੇਜਣ ਦੀ ਕਾਰਵਾਈ ਨਾਲ ਜੁੜਿਆ ਕੋਈ ਵੀ ਕੰਮ ਕਰਨ ਵਾਲੇ ਸਾਰੇ ਟ੍ਰੈਵਲ ਏਜੰਟਾਂ, ਵੀਜਾ ਸਲਾਹਕਾਰਾਂ, ਵਿਦੇਸ਼ਾਂ ਵਿੱਚ ਦਾਖਲੇ ਲਈ ਆਈਲੈਟਸ ਦੀ ਕੋਚਿੰਗ ਕਰਵਾਉਣ ਵਾਲੇ ਅਦਾਰਿਆਂ ਅਤੇ ਇੱਥੋਂ ਤਕ ਕਿ ਟਿਕਟਿੰਗ ਏਜੰਸੀਆਂ ਤਕ ਲਈ ਇਹ ਜਰੂਰੀ ਹੈ ਕਿ ਉਹ ਅਜਿਹਾ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਅਧੀਨ ਆਪਣੀ ਰਜਿਸਟਨ੍ਰੇਸ਼ਨ ਕਰਵਾਉਣ ਅਤੇ ਇਸ ਐਕਟ ਦੀਆਂ ਹੱਦਾਂ ਵਿੱਚ ਰਹਿ ਕੇ ਹੀ ਆਪਣਾ ਕਾਰੋਬਾਰ ਕਰਨ| ਇਸ ਸੰਬੰਧੀ ਟ੍ਰੈਵਲ ਏਜੰਟਾਂ ਵਲੋਂ ਇਸ ਸੰਬੰਧੀ ਬਾਕਾਇਦਾ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਅਜਿਹੇ ਵੱਡੀ ਗਿਣਤੀ ਲੋਕ ਵੀ ਇਸ ਕਾਰੋਬਾਰ ਵਿੱਚ ਹਨ ਜਿਹਨਾਂ ਵਲੋਂ ਸਰਕਾਰ ਕੋਲੋਂ ਲੜੀਂਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਂਦੀ ਅਤੇ ਇਹ ਲੋਕ ਵੀ ਧੜ੍ਹਲੇ ਨਾਲ ਆਪਣਾ ਕਾਰੋਬਾਰ ਚਲਾਉਂਦੇ ਹਨ|
ਸਾਡੇ ਸ਼ਹਿਰ ਦੀ ਹਰੇਕ ਮਾਰਕੀਟ ਵਿੱਚ ਅਜਿਹੇ ਟ੍ਰੈਵਲ ਏਜੰਟਾਂ ਦੇ ਵੱਡੀ ਗਿਣਤੀ ਬੋਰਡ ਦਿਖਦੇ ਹਨ ਜਿਹਨਾਂ ਵਲੋਂ ਬਾਕਾਇਦਾ ਇਸ਼ਤਿਹਾਰਬਾਜੀ ਕਰਕੇ ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਉੱਥੇ ਕੰਮ ਦਿਵਾਉਣ ਦਾ ਵਾਇਦਾ ਕੀਤਾ ਜਾਂਦਾ ਹੈ ਅਤੇ ਇਸ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਅਨੁਸਾਰ ਅਜਿਹੇ ਇੱਕ ਹਜਾਰ ਤੋਂ ਵੀ ਵੱਧ ਵਿਅਕਤੀ ਸ਼ਹਿਰ ਵਿੱਚ ਆਪਣਾ ਕਾਰੋਬਾਰ ਚਲਾ ਰਹੇ ਹਨ ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਅੰਕੜਿਆਂ ਵਿੱਚ ਪੂਰੇ ਜਿਲ੍ਹੇ ਵਿੱਚ ਸਿਰਫ 91 ਏਜੰਟ ਹੀ ਅਜਿਹੇ ਹਨ ਜਿਹਨਾਂ ਵਲੋਂ ਇਸ ਕੰਮ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਅਤੇ ਜਾਹਿਰ ਤੌਰ ਤੇ ਬਾਕੀ ਦੇ ਸਾਰੇ ਵਿਅਕਤੀ ਅਣਅਧਿਕਾਰਤ ਢੰਗ ਨਾਲ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ|
ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਇਹ ਕੰਮ ਕਰਨ ਵਾਲੇ ਸਾਰੇ ਹੀ ਵਿਅਕਤੀ ਧੋਖਾਧੜੀ ਨਾਲ ਹੀ ਆਪਣਾ ਕੰਮ ਚਲਾਉਂਦੇ ਹਨ| ਸ਼ਹਿਰ ਵਿੱਚ ਅਜਿਹੇ ਟ੍ਰੈਵਲ ਏਜੰਟ ਵੀ ਮੌਜੂਦ ਹਨ ਜਿਹੜੇ ਪੂਰੀ ਤਰ੍ਹਾਂ ਨਿਯਮ ਕਾਇਦੇ ਅਧੀਨ ਕੰਮ ਕਰਦੇ ਹਨ, ਪਰੰਤੂ ਇਹ ਇੱਕ ਕੌੜੀ ਹਕੀਕਤ ਹੈ ਕਿ ਇਹਨਾਂ ਵਿੱਚੋਂ ਜਿਆਦਾਤਰ ਦਾ ਕੰਮਕਾਜ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਫਸਿਆ ਨਜਰ ਆਉਂਦਾ ਹੈ| ਸਮੇਂ ਸਮੇਂ ਤੇ ਅਜਿਹੇ ਮਾਮਲੇ ਵੀ ਸਾਮ੍ਹਣੇ ਆਉਂਦੇ ਰਹਿੰਦੇ ਹਨ ਜਿਹਨਾਂ ਵਿੱਚ ਟ੍ਰੈਵਲ ਏਜੰਟਾ ਵਲੋਂ ਵਿਦੇਸ਼ ਜਾ ਕੇ ਵਸਣ ਪੰਜਾਬੀ ਮੁੰਡੇ ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਨਾ ਸਿਰਫ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾਂਦਾ ਹੈ ਬਲਕਿ ਉਹਨਾਂ ਨੂੰ ਬੰਧੂਆ ਮਜਦੂਰੀ ਲਈ ਵੀ ਮਜਬੂਰ ਕੀਤਾ ਜਾਂਦਾ ਹੈ| ਪਰੰਤੂ ਇਸਦੇ ਬਾਵਜੂਦ ਇਹਨਾਂ ਟ੍ਰੈਵਲ ਏਜੰਟਾ ਦੇ ਖਿਲਾਫ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਉਹਨਾਂ ਦੀਆਂ ਕਾਰਵਾਈਆਂ ਵਿੱਚ ਕੋਈ ਕਮੀ ਨਹੀਂ ਆਉਂਦੀ ਬਲਕਿ ਸਾਲ ਦਰ ਸਾਲ ਅਜਿਹੇ ਮਾਮਲਿਆਂ ਵਿੱਚ ਹੋਰ ਵਾਧਾ ਹੀ ਹੁੰਦਾ ਹੈ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਜਿਹੀ ਕਿਸੇ ਵੀ ਕੰਪਨੀ ਜਾਂ ਵਿਅਕਤੀ, ਜਿਸ ਵਲੋਂ ਬਿਨਾ ਰਜਿਸਟ੍ਰੇਸ਼ਨ ਦੇ ਇਹ ਕਾਰੋਬਾਰ ਚਲਾਇਆ ਜਾ ਰਿਹਾ ਹੈ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅਜਿਹਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆਂਦਾ ਜਾਵੇ| ਇਸਦੇ ਨਾਲ ਨਾਲ ਇਹ ਵੀ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਇਹ ਕੰਮ ਕਰਨ ਵਾਲੀਆਂ ਕੰਪਨੀਆਂ ਅਤੇ ਲੋਕਾਂ ਦੇ ਕੰਮ ਕਾਜ ਤੇ ਨਿਗਰਾਨੀ ਰੱਖੀ ਜਾਵੇ ਅਤੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਇਹਨਾਂ ਤੋਂ ਉਹਨਾਂ ਦੇ ਕੰਮ ਕਾਜ ਦੀ ਰਿਪੋਰਟ ਹਾਸਿਲ ਕੀਤੀ ਜਾਵੇ|
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦੇ ਹਲ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਸ ਤਰੀਕੇ ਨਾਲ ਪੰਜਾਬੀ ਨੌਜਵਾਨਾਂ ਦੇ ਸ਼ੋਸ਼ਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਇਸ ਲਈ ਜਰੂਰੀ ਹੈ ਕਿ ਜਿਲ੍ਹਾ ਪੱਧਰ ਤੇ ਅਜਿਹਾ ਤੰਤਰ ਵਿਕਸਿਤ ਕੀਤਾ ਜਾਵੇ ਜਿਹੜਾ ਅਜਿਹੀਆਂ ਤਮਾਮ ਕੰਪਨੀਆਂ ਦੇ ਕੰਮ ਕਾਜ ਤੇ ਨਿਗਰਾਨੀ ਕਰੇ ਅਤੇ ਇਸ ਤਰੀਕੇ ਨਾਲ ਆਮ ਲੋਕਾਂ ਨਾਲ ਠੱਗੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਏਜੰਟਾ ਦੀ ਲੁੱਟ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *