ਲੋਕਾਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੱਦਾ

ਐਸ.ਏ.ਐਸ ਨਗਰ, 6 ਨਵੰਬਰ (ਸ.ਬ.) ਯੁਵਕ ਸੇਵਾਵਾ ਵਿਭਾਗ, ਐਸ.ਏ.ਐਸ ਨਗਰ ਵਲੋਂ ਵਿਦਿਆਰਥੀਆਂ, ਨੌਜਵਾਨਾਂ ਅਤੇ ਲੋਕਾਂ ਨੂੰ ਇਸ ਸਾਲ ਪ੍ਰਦੂਸ਼ਣ ਮੁਕਤ ਗਰੀਨ ਦਿਵਾਲੀ ਮਨਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਭਾਗ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਤੋਂ ਬਾਅਦ ਹੁਣ ਐਨ.ਐਸ.ਐਸ. ਵਲੰਟੀਅਰਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਿਲ੍ਹੇ ਵਿੱਚ ਗਰੀਨ ਦਿਵਾਲੀ ਮਨਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੈਲੀਆਂ ਅਤੇ ਸਕੂਲਾਂ ਵਿੱਚ ਸੈਮੀਨਾਰ ਕੀਤੇ ਜਾ ਰਹੇ ਹਨ| ਜਿਸ ਦੌਰਾਨ ਲੋਕਾਂ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਫੈਲਾਣ ਵਾਲੇ ਪਟਾਖੇ ਨਾ ਚਲਾਉਣ ਅਤੇ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਇਸ ਮੁਹਿੰਮ ਅਧੀਨ ਨੌਜਵਾਨਾਂ ਵਲੋਂ ਪੌਦੇ ਲਗਾਏ ਜਾ ਰਹੇ ਹਨ ਅਤੇ ਮੁਹਾਲੀ, ਖਰੜ, ਗੀਗੇਮਾਜਰਾ, ਗੋਬਿੰਦਗੜ੍ਹ, ਸਮਗੋਲੀ, ਘੜੂੰਆਂ, ਤਿਊੜ, ਮੁੱਲਾਂਪੁਰ, ਲਾਲੜੂ, ਰਤਵਾੜਾ ਸਾਹਿਬ, ਕੁਰਾਲੀ ਵਿਖੇ ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਦੀ ਅਗਵਾਈ ਵਿੱਚ ਪੋਸਟਰ, ਸਲੋਗਨ ਬਣਾ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗਰੀਨ ਦਿਵਾਲੀ ਮਨਾਉਣ ਸਬੰਧੀ ਸਹੁੰ ਚੁੱਕਾਈ ਜਾ ਰਹੀ ਹੈ, ਤਾਂ ਕਿ ਪਟਾਖਿਆਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਅਤੇ ਫਜ਼ੂਲ ਖਰਚੀ ਨੂੰ ਬੰਦ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਤੰਦਰੁਸਤ ਅਤੇ ਨਰੋਆ ਵਾਤਾਵਰਨ ਮਿਲ ਸਕੇ|
ਇਸੇ ਦੌਰਾਨ ਮਾਰਕੀਟ ਵੈਲਫੇਅਰ ਐਸੋ. ਫੇਜ਼ 3ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਮੁਹਾਲੀ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਮਨਾਂਉਣ| ਉਹਨਾਂ ਕਿਹਾ ਕਿ ਦਿਵਾਲੀ ਦਾ ਤਿਉਹਾਰ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਇਸ ਮੌਕੇ ਪਟਾਕੇ ਚਲਾ ਕੇ ਪ੍ਰਦੂਸ਼ਣ ਨਹੀਂ ਫੈਲਾਉਣਾ ਚਾਹੀਦਾ| ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦਿਵਾਲੀ ਦਾ ਤਿਉਹਾਰ ਗਰੀਨ ਦਿਵਾਲੀ ਵਜੋਂ ਮਨਾਇਆ ਜਾਵੇ ਅਤੇ ਪਟਾਕੇ ਚਲਾਉਣ ਦੀ ਥਾਂ ਇਸ ਦਿਨ ਵੱਧ ਤੋਂ ਵਧ ਪੌਦੇ ਲਗਾਏ ਜਾਣ|

Leave a Reply

Your email address will not be published. Required fields are marked *