ਲੋਕਾਂ ਨੂੰ ਠੱਗਦੇ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰੇ ਪ੍ਰਸ਼ਾਸ਼ਨ

ਸਾਡੀ ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾ ਕੇ ਵਸਣ ਦੀ ਚਾਹਤ ਬਹੁਤ ਪੁਰਾਣੀ ਹੈ ਅਤੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਵਾਲੇ ਜਿਆਦਾਤਰ ਮੁੰਡੇ ਕੁੜੀਆਂ ਦਾ ਇਹੀ ਸੁਫਨਾ ਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਵਿਦੇਸ਼ ਵਿੱਚ ਜਾ ਕੇ ਵਸਣ ਦੇ ਸਮਰਥ ਹੋ ਜਾਣ| ਸ਼ਾਇਦ ਇਹੀ ਕਾਰਨ ਹੈ ਕਿ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਟ੍ਰੈਵਲ ਏਜੰਟਾਂ ਦਾ ਧੰਧਾ ਸਭ ਤੋਂ ਵੱਧ ਚਲਦਾ ਹੈ ਅਤੇ ਸੂਬੇ ਦੇ ਹਰੇਕ ਸ਼ਹਿਰ-ਕਸਬੇ ਵਿੱਚ ਅਜਿਹੇ ਟ੍ਰੈਵਲ ਏਜੰਟਾਂ ਦੇ ਦਫਤਰ ਆਮ ਨਜਰ ਆ ਜਾਂਦੇ ਹਨ| ਸਾਡੇ ਸ਼ਹਿਰ ਵਿੱਚ ਵੀ ਅਜਿਹੇ ਵੱਡੀ ਗਿਣਤੀ ਟ੍ਰੈਵਲ ਏਜੰਟਾਂ ਦੇ ਦਫਤਰ ਮੌਜੂਦ ਹਨ ਜਿਹਨਾਂ ਵਲੋਂ ਵਿਦੇਸ਼ ਜਾਣ ਦੇ ਚਾਹਵਾਨਾਂ ਤੋਂ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਲੈ ਲਏ ਜਾਂਦੇ ਹਨ ਪਰੰਤੂ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗਿਆ ਜਾਂਦਾ ਹੈ| ਬਾਅਦ ਵਿੱਚ ਇਹਨਾਂ ਟ੍ਰੈਵਲ ਏਜੰਟਾਂ ਕੋਲ ਪੈਸੇ ਜਮ੍ਹਾਂ ਕਰਵਾਉਣ ਵਾਲੇ ਲੋਕ ਇਹਨਾਂ ਏਜੰਟਾਂ ਦੇ ਦਫਤਰਾਂ ਦੇ ਚੱਕਰ ਮਾਰ ਮਾਰ ਕੇ ਤੰਗ ਹੁੰਦੇ ਰਹਿੰਦੇ ਹਨ| ਬੀਤੇ ਦਿਨੀ ਸੈਕਟਰ 70 ਵਿੱਚ ਕੰਮ ਕਰਦੇ ਅਜਿਹੇ ਹੀ ਇੱਕ ਏਜੰਟ ਦੇ ਦਫਤਰ ਦੇ ਬਾਹਰ ਉੱਥੇ ਵਿਦੇਸ਼ ਜਾਣ ਵਾਸਤੇ ਵੱਡੀਆਂ ਰਕਮਾਂ ਦੇਣ ਵਾਲੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਧਰਨਾ ਦੇਣ ਅਤੇ ਸਥਾਨਕ ਪੁਲੀਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਭਾਵੇਂ ਉਕਤ ਏਜੰਟ ਨੇ ਇਹਨਾਂ ਲੋਕਾਂ ਦੇ ਪੈਸੇ ਵਾਪਸ ਕਰ ਦਿੱਤੇ ਸਨ ਪਰੰਤੂ ਅਜਿਹੇ ਵੱਡੀ ਗਿਣਤੀ ਏਜੰਟ ਸ਼ਹਿਰ ਵਿਚ ਮੌਜੂਦ ਹਨ ਜਿਹਨਾਂ ਵਲੋਂ ਇਸ ਤਰੀਕੇ ਨਾਲ ਠੱਗੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਕਾਨੂੰਨ ਅਨੁਸਾਰ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਉੱਥੇ ਭੇਜਣ ਦੀ ਕਾਰਵਾਈ ਨਾਲ ਜੁੜਿਆ ਕੋਈ ਵੀ ਕੰਮ ਕਰਨ ਵਾਲੇ ਸਾਰੇ ਟ੍ਰੈਵਲ ਏਜੰਟਾਂ, ਸਲਾਹਕਾਰਾਂ, ਵਿਦੇਸ਼ਾਂ ਵਿੱਚ ਦਾਖਲੇ ਲਈ ਆਈਲੈਟਸ ਦੀ ਕੋਚਿੰਗ ਕਰਵਾਉਣ ਵਾਲੇ ਅਦਾਰਿਆਂ ਅਤੇ ਇੱਥੋਂ ਤਕ ਕਿ ਟਿਕਟਿੰਗ ਏਜੰਸੀਆਂ ਤਕ ਲਈ ਇਹ ਜਰੂਰੀ ਹੈ ਕਿ ਉਹ ਅਜਿਹਾ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਅਧੀਨ ਆਪਣੀ ਰਜਿਸਟਨ੍ਰੇਸ਼ਨ ਕਰਵਾਉਣ ਅਤੇ ਇਸ ਐਕਟ ਦੀਆਂ ਹੱਦਾਂ ਵਿੱਚ ਰਹਿ ਕੇ ਹੀ ਆਪਣਾ ਕਾਰੋਬਾਰ ਕਰਨ| ਅਜਿਹੀਆਂ ਜਿਆਦਾਤਰ ਕੰਪਨੀਆਂ ਜਿਹੜੀਆਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀਆਂ ਹਨ, ਇਸ ਸੰਬੰਧੀ ਬਾਕਾਇਦਾ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਉਂਦੀਆਂ ਹਨ ਪਰੰਤੂ ਇਸਦੇ ਬਾਵਜੂਦ ਏਜੰਟਾਂ ਵਲੋਂ ਆਮ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੇ ਰਹਿੰਦੇ ਹਨ|
ਅਜਿਹਾ ਵੀ ਨਹੀਂ ਹੈ ਕਿ ਇਹ ਕੰਮ ਕਰਨ ਵਾਲੀਆਂ ਸਾਰੀਆਂ ਹੀ ਕੰਪਨੀਆਂ ਧੋਖਾਧੜੀ ਨਾਲ ਹੀ ਆਪਣਾ ਕੰਮ ਚਲਾਉਂਦੀਆਂ ਹਨ| ਅਜਿਹੀਆਂ ਕੰਪਨੀਆਂ ਵੀ ਮੌਜੂਦ ਹਨ ਜਿਹੜੀਆਂ ਪੂਰੀ ਤਰ੍ਹਾਂ ਨਿਯਮ ਕਾਇਦੇ ਅਧੀਨ ਕੰਮ ਕਰਦੀਆਂ ਹਨ, ਪਰੰਤੂ ਇਹ ਇੱਕ ਕੌੜੀ ਹਕੀਕਤ ਹੈ ਕਿ ਇਹਨਾਂ ਵਿੱਚੋਂ ਜਿਆਦਾਤਰ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਫਸੀਆਂ ਨਜਰ ਆਉਂਦੀਆਂ ਹਨ| ਇਸ ਤਰੀਕੇ ਨਾਲ ਆਪਣੇ ਠੱਗੀ ਦੇ ਦਫਤਰ ਖੋਲ੍ਹ ਕੇ ਬੈਠੇ ਇਹਨਾਂ ਏਜੰਟਾਂ ਵਲੋਂ ਵਿਦੇਸ਼ ਜਾ ਕੇ ਵਸਣ ਵਾਲੇ ਪੰਜਾਬੀ ਮੁੰਡੇ ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾਂਦਾ ਹੈ| ਅਜਿਹੇ ਵੀ ਮਾਮਲੇ ਸਾਮ੍ਹਣੇ ਆਉਂਦੇ ਹਨ ਜਿਹਨਾਂ ਵਿੱਚ ਏਜੰਟਾਂ ਵਲੋਂ ਮੁੰਡੇ ਕੁੜੀਆਂ ਨੂੰ ਅਰਬ ਦੇਸ਼ਾਂ ਵਿੱਚ ਭੇਜ ਕੇ ਉੱਥੇ ਬੰਧੂਆ ਮਜਦੂਰੀ ਲਈ ਮਜਬੂਰ ਵੀ ਕੀਤਾ ਜਾਂਦਾ ਹੈ| ਪਰੰਤੂ ਇਸਦੇ ਬਾਵਜੂਦ ਸਰਕਾਰ ਵਲੋਂ ਇਹਨਾਂ ਟ੍ਰੈਵਲ ਏਜੰਟਾਂ ਦੇ ਖਿਲਾਫ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਅਜਿਹੇ ਮਾਮਲਿਆਂ ਵਿੱਚ ਸਾਲ ਦਰ ਸਾਲ ਹੋਰ ਵਾਧਾ ਹੁੰਦਾ ਰਹਿੰਦਾ ਹੈ| ਪ੍ਰਸ਼ਾਸ਼ਨ ਵਲੋਂ ਇਹ ਕੰਮ ਕਰਨ ਵਾਲੀਆਂ ਅਜਿਹੀਆਂ ਤਮਾਮ ਕੰਪਨੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਤਾਂ ਕੀਤਾ ਜਾਂਦਾ ਹੈ ਪਰੰਤੂ ਇਸਦੇ ਨਾਲ ਨਾਲ ਇਹ ਵੀ ਜਰੂਰੀ ਹੈ ਕਿ ਉਸ ਵਲੋਂ ਇਹਨਾਂ ਕੰਪਨੀਆਂ ਦੇ ਕੰਮ ਕਾਜ ਤੇ ਨਿਗਰਾਨੀ ਰੱਖੀ ਜਾਵੇ ਅਤੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਇਹਨਾਂ ਕੰਪਨੀਆਂ ਤੋਂ ਉਹਨਾਂ ਦੇ ਕੰਮ ਕਾਜ ਦੀ ਰਿਪੋਰਟ ਹਾਸਿਲ ਕੀਤੀ ਜਾਵੇ|
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦੇ ਹਲ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਸ ਤਰੀਕੇ ਨਾਲ ਪੰਜਾਬੀ ਨੌਜਵਾਨਾਂ ਦੇ ਸ਼ੋਸ਼ਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਇਸ ਲਈ ਜਰੂਰੀ ਹੈ ਕਿ ਜਿਲ੍ਹਾ ਪੱਧਰ ਤੇ ਅਜਿਹਾ ਤੰਤਰ ਵਿਕਸਿਤ ਕੀਤਾ ਜਾਵੇ ਜਿਹੜਾ ਅਜਿਹੀਆਂ ਤਮਾਮ ਕੰਪਨੀਆਂ ਦੇ ਕੰਮ ਕਾਜ ਤੇ ਨਿਗਰਾਨੀ ਕਰੇ ਅਤੇ ਇਸ ਤਰੀਕੇ ਨਾਲ ਆਮ ਲੋਕਾਂ ਨਾਲ ਠੱਗੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਕੰਪਨੀਆਂ ਦੀ ਲੁੱਟ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *