ਲੋਕਾਂ ਨੂੰ ਬਿਮਾਰੀਆਂ ਦਾ ਗੁਲਾਮ ਬਣਾ ਰਹੇ ਨੇ ਮਰਦਾਨਾ ਤਾਕਤ ਦੇ ਬਾਦਸ਼ਾਹ


ਐਸ ਏ ਐਸ ਨਗਰ, 10 ਅਕਤੂਬਰ (ਆਰ ਪੀ ਵਾਲੀਆ) ਆਪਣੇ ਆਪ ਨੂੰ ਮਰਦਾਨਾ ਤਾਕਤ ਦੇ ਬਾਦਸ਼ਾਹ ਕਹਾਉਣ ਵਾਲੇ ਅਖੌਤੀ ਨੀਮ ਹਕੀਮ ਆਮ ਲੋਕਾਂ ਨੂੰ ਉਲਟਾ ਬਿਮਾਰੀਆਂ ਦਾ ਗੁਲਾਮ ਬਣਾ ਰਹੇ ਹਨ ਅਤੇ ਇਹਨਾਂ ਵਲੋਂ ਭੋਲੇ ਭਾਲੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ| 
ਮਰਦਾਨਾਂ ਤਾਕਤ ਦੇਨਾਮ ਤੇ ਲੋਕਾਂ ਨੂੰ ਠੱਗਣ ਵਾਲੇ ਇਹਨਾਂ ਲੋਕਾਂ ਵਲੋਂ ਬਾਕਾਇਦਾ ਸੜਕ ਕਿਨਾਰੇ ਤੰਬੂ ਲਗਾ ਕੇ ਆਪਣੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ ਅਤੇ ਅਜਿਹੇ ਇੱਕ ਵਿਅਕਤੀ  ਵਲੋਂ ਪਿੰਡ ਮੁਹਾਲੀ ਨੇੜੇ ਸੜਕ ਤੇ ਆਪਣਾਂ ਤੰਬੂ ਲਗਾਇਆ ਹੋਇਆ ਹੈ ਜਿਥੇ ਕਿ ਉਸ ਵਲੋਂ ਜੜੀ ਬੂਟੀਆਂ ਨਾਲ ਆਮ ਲੋਕਾਂ ਦੀਆਂ ਅਨੇਕਾਂ ਬਿਮਾਰੀਆਂ ਅਤੇ ਗੰਭੀਰ ਗੁਪਤ ਰੋਗਾਂ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ| 
ਅਜਿਹੇ ਕਈ ਹੋਰ ਵਿਅਕਤੀ ਵੀ ਵੱਖ ਵੱਖ ਥਾਵਾਂ ਤੇ ਆਪਣੇ ਤੰਬੂ ਲਗਾ ਕੇ ਬੈਠੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਹਨ| ਲੋਕ ਅਕਸਰ ਇਹਨਾਂ ਅਖੌਤੀ ਨੀਮ ਹਕੀਮਾਂ ਦੇ ਝਾਂਸੇ ਵਿਚ ਆ ਜਾਂਦੇ ਹਨ ਅਤੇ ਇਹਨਾਂ ਦੀਆਂ ਮਹਿੰਗੀਆਂ ਜੜੀ ਬੂਟੀਆਂ ਲੈ ਕੇ ਜਿਥੇ ਆਪਣਾ ਪੈਸਾ ਬਰਬਾਦ ਕਰਦੇ ਹਨ, ਉਥੇ  ਉਹਨਾਂ ਦੀ ਸਿਹਤ ਵਿਚ ਸੁਧਾਰ ਹੋਣ ਦੀ ਥਾਂ ਉਲਟਾ ਵਿਗਾੜ ਪੈਦਾ ਹੋ ਜਾਂਦਾ ਹੈ ਅਤੇ ਇਹਨਾਂ ਨੀਮ ਹਕੀਮਾਂ ਵਲੋਂ ਦਿਤੀਆਂ ਅਖੌਤੀ ਜੜੀ ਬੂਟੀਆਂ ਅਕਸਰ ਆਮ ਲੋਕਾਂ ਦੀ ਸਿਹਤ ਦਾ ਨੁਕਸਾਨ ਕਰ ਦਿਤੀਆਂ ਹਨ| 
ਹੈਰਾਨੀ ਤਾਂ ਇਸ ਗਲ ਦੀ ਹੈ ਕਿ ਬਿਨਾਂ ਕਿਸੇ ਮੈਡੀਕਲ ਡਿਗਰੀ ਅਤੇ ਬਿਨਾਂ ਕਿਸੇ ਲਾਈਸੈਂਸ ਦੇ ਇਹ ਅਖੌਤੀ ਨੀਮ ਹਕੀਮ ਧੱੜਲੇ ਨਾਲ ਆਪਣਾ ਕੰਮ ਧੰਦਾ ਚਲਾ ਰਹੇ ਹਨ| ਇਹਨਾਂ ਨੀਮ ਹਕੀਮਾਂ ਵਲੋਂ ਆਪਣੇ ਤੰਬੂਆਂ ਵਿੱਚ ਪਹਿਲਵਾਨਾਂ ਦੀਆਂ ਫੋਟੋਆਂ ਵੀ ਟੰਗੀਆਂ ਜਾਂਦੀਆਂ ਹਨ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਪਹਿਲਵਾਨ ਵੀ ਜੜੀਬੂਟੀਆਂ ਨਾਲ ਬਣੀਆਂ ਇਹ ਦਵਾਈਆਂ ਖਾਂਦੇ ਹਨ| ਆਮ ਲੋਕ ਇਹਨਾਂ ਨੀਮ ਹਕੀਮਾਂ ਦੇ ਝਾਂਸੇ ਵਿਚ ਆ ਜਾਂਦੇ ਹਨ ਅਤੇ ਆਪਣਾ ਕਾਫੀ ਵਿੱਤੀ ਨੁਕਸਾਨ ਕਰਵਾ ਲੈਂਦੇ ਹਨ|  
ਸਮਾਜਸੇਵੀ ਆਗੂ ਅਤੇ ਮਨੋਵਿਗਿਆਨੀ ਡਾ. ਹਰਜਿੰਦਰ ਸਿੰਘ ਹੈਰੀ ਨੇ ਕਿਹਾ ਕਿ ਇਹ ਨੀਮ ਹਕੀਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਭਸਮਾਂ             ਵੇਚਦੇ ਹਨ| ਇਹਨਾਂ ਵਲੋਂ ਆਮ ਲੋਕਾਂ ਨੂੰ ਸੋਨੇ ਦੀ ਭਸਮ ਦੱਸ ਕੇ ਸਵਾਹ ਵੇਚ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੇ ਝਾਂਸੇ ਵਿਚ ਫਸੇ ਲੋਕਆਪਣੇ ਰੋਗਾਂ ਤੋਂ ਛੁਟਕਾਰਾ ਪਾਉਣ ਦੀ ਆਸ ਵਿੱਚ ਮਹਿੰਗੇ ਭਾਅ ਵੇਚੀਆਂ ਜਾਂਦੀਆਂ ਜੜੀ ਬੂਟੀਆਂ ਖਰੀਦ ਲੈਂਦੇ ਹਨ| ਉਹਨਾਂ ਮੰਗ ਕੀਤੀ ਕਿ ਬਿਨਾਂ ਕਿਸੇ ਡਿਗਰੀ ਅਤੇ ਲਾਈਸੰਸ ਦੇ ਆਪਣਾ ਕੰਮ ਧੰਦਾਂ ਚਲਾ ਰਹੇ ਇਹਨਾਂ ਅਖੌਤੀ ਨੀਮ ਹਕੀਮਾਂ ਤੋਂ ਆਮ ਲੋਕਾਂ ਨੂੰ ਬਚਾਇਆ ਜਾਵੇ|

Leave a Reply

Your email address will not be published. Required fields are marked *