ਲੋਕਾਂ ਵਿੱਚ ਘੱਟ ਰਹੀ ਸਹਿਨਸ਼ੀਲਤਾ ਚਿੰਤਾ ਦਾ ਵਿਸ਼ਾ

ਲੋਕਾਂ ਵਿੱਚ ਘੱਟ ਰਹੀ ਸਹਿਨਸ਼ੀਲਤਾ ਚਿੰਤਾ ਦਾ ਵਿਸ਼ਾ
ਭਾਰਤੀ ਲੋਕਾਂ ਨੂੰ ਪੁਰਾਣੇ ਸਮੇਂ ਵਿੱਚ ਬਹੁਤ ਹੀ ਸਹਿਣਸ਼ੀਲ ਸਮਝਿਆ ਜਾਂਦਾ ਸੀ| ਮਹਾਤਮਾ ਗਾਂਧੀ ਤਾਂ ਇਹ ਕਹਿੰਦੇ  ਸੀ ਕਿ ਜੇ ਕੋਈ ਤੁਹਾਡੇ ਇੱਕ ਗੱਲ ਤੇ ਚਪੇੜ ਮਾਰਦਾ ਹੈ ਤਾਂ ਆਪਣੀ ਦੂਜੀ ਗੱਲ ਵੀ ਉਸਦੇ ਅੱਗੇ ਕਰ ਦਿਓ| ਵਾਕਈ ਉਸ ਸਮੇਂ ਭਾਰਤੀ ਬਹੁਤ ਸਹਿਣਸ਼ੀਲ ਹੁੰਦੇ ਸਨ ਪਰ ਅੱਜ ਕਲ ਦੇ ਸਮੇਂ ਦੌਰਾਨ ਲੋਕਾਂ ਵਿੱਚ ਸਹਿਣਸ਼ੀਲਤਾ ਜਿਵੇਂ ਬਿਲਕੁਲ ਹੀ ਖਤਮ ਹੋ ਗਈ ਹੈ| ਨਿੱਕੀ-ਨਿੱਕੀ ਗੱਲ ਉਪਰ ਲੋਕ ਆਪਸ ਵਿੱਚ ਗਾਲੀ ਗਲੌਚ ਕਰਨ ਤੋਂ ਬਾਅਦ ਕੁਟਮਾਰ ਕਰਨ ਤੱਕ ਪਹੁੰਚ ਜਾਂਦੇ ਹਨ| ਇਸ ਤੋਂ ਇਲਾਵਾ ਕਈ ਵਾਰ ਨਿੱਕੀ ਨਿੱਕੀ ਗੱਲ ਉਪਰ ਕਤਲ ਤੱਕ ਹੋ ਜਾਂਦੇ ਹਨ| ਪਿੰਡਾਂ ਵਿੱਚ ਅਕਸਰ ਖੇਤਾਂ ਨੂੰ ਪਾਣੀ ਲਾਉਣ ਦੀ ਵਾਰੀ ਨੂੰ ਲੈ ਕੇ ਹੀ ਲੋਕ ਆਪਸ ਵਿੱਚ ਉਲਝ ਜਾਂਦੇ ਹਨ ਅਤੇ ਉਹਨਾਂ ਵਿਚਕਾਰ ਡਾਗਾਂ ਤੋਂ ਲੈ ਕੇ ਕਿਰਪਾਨਾਂ ਤੱਕ ਚਲ ਪੈਂਦੀਆਂ ਹਨ| ਇਸੇ ਤਰ੍ਹਾਂ ਰਾਹ ਚਲਦਿਆਂ ਇੱਕ ਦੂਜੇ ਨੂੰ ਰਸਤਾ ਦੇਣ ਵੇਲੇ ਵੀ ਲੋਕਾਂ ਵਲੋਂ ਅਕਸਰ ਇੱਕ ਦੂਜੇ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਤਕ ਕੀਤੀ ਜਾਂਦੀ ਹੈ|
ਪੰਜ ਦਿਨ ਪਹਿਲਾਂ ਇੱਕ ਪਿੰਡ ਵਿੱਚ ਰਸਤੇ ਵਿੱਚ ਖੜ੍ਹੇ ਪੁਲੀਸ ਦੇ ਇੱਕ ਵਾਹਨ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਪਿੰਡ ਦੇ  ਸਰਪੰਚ ਦੇ ਪੁੱਤਰ ਅਤੇ ਉਸਦੇ ਸੀਰੀ ਵਲੋਂ ਨਾ ਸਿਰਫ ਇੱਕ ਪੁਲੀਸ ਮੁਲਾਜ਼ਮ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਬਲਕਿ ਇਸਤੋਂ ਬਾਅਦ ਉਸ ਨੂੰ ਨੰਗਾ ਕਰਕੇ ਪਿੰਡ ਵਿੱਚ ਘੁੰਮਾਇਆ ਗਿਆ, ਜਿਸ ਕਾਰਨ ਪੁਲੀਸ ਮੁਲਾਜ਼ਮਾਂ ਵਿੱਚ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ| ਭਾਵੇਂ ਕਿ ਇਸ ਸਰਪੰਚ (ਜੋ ਪੰਜਾਬ ਦੀ ਸੱਤਾ ਦਾ ਸੁਖ ਮਾਣ ਰਹੇ ਅਕਾਲੀ ਦਲ ਦਾ ਆਗੂ ਹੈ) ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸਦਾ  ਮੁੰਡਾ ਅਤੇ ਸੀਰੀ ਹੁਣੇ ਫਰਾਰ ਹਨ|  ਇਸ ਤੋਂ ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਇੱਥ ਵਿਆਹ ਦੀ ਪਾਰਟੀ ਦੌਰਾਨ ਚਲੀ ਗੋਲੀ ਵੱਜਣ ਨਾਲ ਇਕ ਡਾਂਸਰ ਕੁੜੀ ਮੌਤ ਦਾ ਸ਼ਿਕਾਰ ਹੋ ਚੁੱਕੀ ਹੈ ਜਿਸ ਨਾਲ ਸਾਡੇ ਸਮਾਜ ਵਿੱਚ ਲਗਾਤਾਰ ਵੱਧਦੀ ਜਾ ਰਹੀ ਫੈਲੀ ਹਿੰਸਾ ਦੇ ਰੁਝਾਨ ਅਤੇ ਅਸਹਿਣਸ਼ੀਲਤਾ ਦਾ ਪਤਾ ਚਲਦਾ ਹੈ|
ਪੰਜਾਬ ਦੇ ਲਗਭਗ ਸਾਰੇ ਹੀ ਸ਼ਹਿਰਾਂ ਵਿੱਚ ਇਹ ਹਾਲ ਹੈ ਕਿ ਜਦੋਂ ਟ੍ਰੈਫਿਕ ਲਾਈਟਾਂ ਤੇ ਲਾਲ ਬੱਤੀ ਹੋਣ ਤੇ ਵਾਹਨ ਖੜੇ ਹੁੰਦੇ ਹਨ ਤਾਂ ਕਈ ਵਾਹਨ ਚਾਲਕ ਆਪਣਾ ਵਾਹਨ ਲਾਲ ਬੱਤੀ ਵਿੱਚ ਹੀ ਕੱਢ ਕੇ ਲਿਜਾਉਣ ਦੀ ਕੋਸ਼ਿਸ਼ ਕਰਦੇ ਦਿਖਦੇ ਹਨ ਜਿਵੇਂ ਇੱਕ ਦੋ ਮਿਨਟ ਲੇਟ ਹੋਣ ਤੇ ਉਹਨਾਂ ਦਾ ਕੋਈ ਵੱਡਾ ਨੁਕਸਾਨ ਹੋਣ ਵਾਲਾ ਹੋਵੇ| ਇਸੇ ਤਰ੍ਹਾਂ  ਕਈ ਵਾਹਨ ਚਾਲਕ ਅਜਿਹੇ ਵੀ ਹੁੰਦੇ ਹਨ ਜਿਹੜੇ ਲਾਲ ਬੱਤੀ ਹੋਣ ਦੇ ਬਾਵਜੂਦ ਪਿੱਛੇ ਖੜ੍ਹੇ ਖੜ੍ਹੇ ਹਾਰਨ ਵਜਾਉਂਦੇ ਰਹਿੰਦੇ ਹਨ| ਇਸ ਤੋਂ ਇਲਾਵਾ ਜੇ ਕੋਈ ਵਾਹਨ ਮਾੜਾ ਜਿਹਾ ਵੀ ਕਿਸੇ ਹੋਰ ਵਾਹਨ ਨਾਲ ਖਹਿ ਜਾਵੇ ਤਾਂ ਦੋਵੇਂ ਵਾਹਨ ਚਾਲਕ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਹਨ ਅਤੇ ਨੌਬਤ ਕੁਟਮਾਰ ਤੱਕ ਪਹੁੰਚ ਜਾਂਦੀ ਹੈ| ਅਜਿਹੇ ਮੌਕਿਆਂ ਤੇ ਕਈ ਵਾਰ  ਫਾਇਰ ਵੀ ਕਰ ਦਿੱਤੇ ਜਾਂਦੇ ਹਨ ਅਤੇ ਇਸ ਤਰੀਕੇ ਨਾਲ ਹੁੰਦੀਆਂ ਲੜਾਈਆਂ ਅਕਸਰ ਹਿੰਸਕ ਹੋ ਜਾਂਦੀਆਂ ਹਨ|
ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਮੁੰਡਿਆਂ ਵਿੱਚ ਆਏ ਦਿਨ ਹਿੰਸਕ ਝੜਪਾਂ ਹੁੰਦੀਆਂ ਹਨ| ਵੱਖ-ਵੱਖ ਗਰੁੱਪਾਂ ਵਿੱਚ ਵੰਡੇ ਹੋਏ ਨੌਜਵਾਨ ਮੁੰਡਿਆਂ ਦੇ ਟੋਲੇ ਆਪਸ ਵਿੱਚ ਨਿੱਕੀ ਜਿਹੀ ਗੱਲ ਉਪਰ ਹੀ ਲੜ ਪੈਂਦੇ ਹਨ| ਕਈ ਵਾਰ ਇਹ ਲੜਾਈ ਚੌਧਰ ਹਾਸਿਲ ਕਰਨ ਲਈ ਵੀ ਹੁੰਦੀ ਹੈ| ਜਿਆਦਾਤਰ ਪੇਂਡੂ ਕਾਲਜਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਜੇਕਰ ਉਥੇ ਵਿਦਿਆਰਥੀਆਂ ਦੇ ਆਪੂੰ ਬਣੇ ਪ੍ਰਧਾਨ ਨੂੰ ਕੋਈ ਹੋਰ ਮੁੰਡਾ ਕੁੱਟ ਦਿੰਦਾ ਹੈ ਤਾਂ ਉਹ ਖੁਦ ਪ੍ਰਧਾਨ ਬਣ ਜਾਂਦਾ ਹੈ| ਇਸ ਨਵੇਂ ਬਣੇ ਪ੍ਰਧਾਨ ਨੂੰ ਜੇਕਰ ਕੋਈ ਤੀਸਰਾ ਮੁੰਡਾ ਕੁੱਟ ਦਿੰਦਾ ਹੈ ਤਾਂ ਫਿਰ ਉਹ ਮੁੰਡਾ ਪ੍ਰਧਾਨ ਬਣ ਜਾਂਦਾ ਹੈ| ਮੁੰਡਿਆਂ ਦੀਆਂ ਲੜਾਈਆਂ ਦੀ ਗੱਲ ਛੱਡੇ ਕਈ ਵਾਰ ਤਾਂ ਅਧਿਆਪਕਾਂ ਦੀ ਕੁਟਮਾਰ ਕਰਨ ਤਕ ਦੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ| ਇਸੇ ਤਰ੍ਹਾਂ ਕੁੱਝ ਅਧਿਆਪਕ ਵੀ ਆਪੇ ਤੋਂ ਬਾਹਰ ਹੋ ਕੇ ਵਿਦਿਆਰਥੀਆਂ ਦੀ ਕੁਟਮਾਰ ਕਰਦੇ ਹਨ| ਹੋਰ ਤਾਂ ਹੋਰ ਗਲੀ ਮੁਹੱਲਿਆਂ ਵਿੱਚ ਹੋਣ ਵਾਲੀਆਂ ਬੱਚਿਆਂ ਦੀ ਲੜਾਈਆਂ ਵਿੱਚ ਅਕਸਰ ਵੱਡੇ ਵੀ ਸ਼ਾਮਲ ਹੋ ਜਾਂਦੇ ਹਨ ਅਤੇ ਬੱਚਿਆਂ ਦੀ ਨਿੱਕੀ- ਜਿਹੀ ਲੜਾਈ ਹਿੰਸਕ ਰੂਪ ਧਾਰਨ ਕਰ ਜਾਂਦੀ ਹੈ| ਕਹਿਣ ਦਾ ਭਾਵ ਇਹ ਹੈ ਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਵਿੱਚ ਹੁਣ ਸਹਿਣਸ਼ੀਲਤਾ ਦੀ ਘਾਟ ਹੋ ਚੁੱਕੀ ਹੈ ਅਤੇ ਹਰ ਕੋਈ ਹੀ ਲੜਣ ਲਈ ਤਿਆਰ ਦਿਖਦਾ ਹੈ|
ਹੋਣਾ ਤਾਂ ਇਹ ਚਾਹੀਦਾ ਹੈ ਕਿ ਅਸੀਂ ਸਾਰੇ ਆਪਣੇ ਅੰਦਰ ਸਹਿਣਸ਼ੀਲਤਾ ਪੈਦਾ ਕਰੀਏ ਅਤੇ ਹਰ ਛੋਟੀ ਛੋਟੀ ਗੱਲ ਉਪਰ ਭੜਕਣ ਦੀ ਥਾਂ ਆਰਾਮ ਨਾਲ ਹਰ ਮਸਲੇ ਦਾ ਹਲ ਲੱਭੀਏ| ਇਸ ਤਰੀਕੇ ਨਾਲ ਇੱਕ ਦੂਜੇ ਨਾਲ ਹਿੰਸਕ ਟਕਰਾਓ ਕਰਕੇ ਅਸੀਂ ਖੁਦ ਦਾ ਨੁਕਸਾਨ ਤਾਂ ਕਰਦੇ ਹੀ ਹਾਂ ਆਪਣੀ ਅਗਲੀ ਪੀੜ੍ਹੀ ਨੂੰ ਹੀ ਅਸਹਿਣਸ਼ੀਲ ਬਣਾਉਂਦੇ ਹਾਂ| ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਸ ਸੰਬੰਧੀ ਲੋੜੀਂਦੇ ਉਪਰਾਲੇ ਕਰੇ ਅਤੇ ਤਾਂ ਜੋ ਲੋਕਾਂ ਵਿੱਚ ਵੱਧਦੀ ਅਸਹਿਣਸ਼ੀਲਤਾ ਤੇ ਰੋਕ ਲੱਗ ਸਕੇ|

Leave a Reply

Your email address will not be published. Required fields are marked *