ਲੋਕਾਂ ਵਿੱਚ ਵੱਧ ਰਹੀ ਅਸਹਿਣਸ਼ੀਲਤਾ

ਭਾਰਤ ਇੱਕ ਧਰਮ ਨਿਰਪੱਖ ਰਾਸ਼ਟਰ ਹੈ, ਪਰ ਇਹ ਵੀ ਅਸਲੀਅਤ ਹੈ ਕਿ ਭਾਰਤ ਦੇ ਲਗਭਗ ਹਰ ਸੂਬੇ ਵਿੱਚ ਸਮ ਸਮੇਂ ਤੇ ਧਰਮ ਤੇ ਜਾਤੀ ਆਧਾਰਿਤ ਦੰਗੇ ਫਸਾਦ ਹੁੰਦੇ ਹਨ| ਸ਼ਾਂਤੀ ਪਸੰਦ ਮੰਨੇ ਜਾਂਦੇ ਸਾਡੇ ਦੇਸ਼ ਦੇ ਹਰ ਰਾਜ ਵਿੱਚ ਅਸ਼ਾਂਤੀ ਅਤੇ ਅਫਰਾਤਫਰੀ ਦਾ ਮਾਹੌਲ ਹੈ| ਸ਼ਾਇਦ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਦੇਸ਼ ਦੇ ਹਰ ਰਾਜ ਦੇ ਵਸਨੀਕਾਂ ਵਿੱਚ ਅਸਹਿਣਸ਼ੀਲਤਾ ਬਹੁਤ ਵੱਧ ਗਈ ਹੈ|
ਹਾਲਾਤ ਇਹ ਹੋ ਗਏ ਹਨ ਕਿ ਕੋਈ ਵੀ ਕਿਸੇ ਦੀ ਗੱਲ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ ਅਤੇ ਅਕਸਰ ਕਿਸੇ ਮਾਮੂਲੀ ਜਿਹੀ ਗੱਲ ਤੇ ਲੋਕਾਂ ਵਿੱਚ ਹੋਣ ਵਾਲਾ ਝਗੜਾ ਇੰਨਾ ਜਿਆਦਾ ਵੱਧ ਜਾਂਦਾ ਹੈ ਕਿ ਦੋ ਧਿਰਾਂ ਵਿੱਚ ਦੰਗੇ ਤਕ ਭੜਕ ਜਾਂਦੇ ਹਨ| ਲੋਕਾਂ ਵਿੱਚ ਅਸਹਿਣਸ਼ੀਲਤਾ ਇੰਨੀ ਜਿਆਦਾ ਵੱਧ ਗਈ ਹੈ ਕਿ ਨਾ ਤਾਂ ਉਹ ਸਾਮ੍ਹਣੇ ਵਾਲੇ ਦੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ ਅਤੇ ਨਾ ਹੀ ਕੋਈ ਵੀ (ਛੋਟੀ ਤੋਂ ਛੋਟੀ) ਗੱਲ ਬਰਦਾਸ਼ਤ ਕਰਦੇ ਹਨ| ਕਿਸੇ ਪੜੌਸੀ ਦੇ ਘਰ ਦੇ ਦਰਖਤ ਦੇ ਪੱਤੇ ਨਾਲ ਦੇ ਘਰ ਵਿੱਚ ਡਿੱਗ ਜਾਣ ਤਾਂ ਵੀ ਲੋਕਾਂ ਵਿੱਚ ਝਗੜਾ ਹੋ ਜਾਂਦਾ ਹੈ| ਤ੍ਰਾਸਦੀ ਇਹ ਵੀ ਹੈ ਕਿ ਅਜਿਹੇ ਤਮਾਮ ਮੌਕਿਆਂ ਤੇ ਲੋਕ ਲੜਾਈ ਖਤਮ ਕਰਵਾਉਣ ਦੀ ਥਾਂ ਉਲਟਾ ਬਲਦੀ ਵਿੱਚ ਥੋੜ੍ਹਾ ਹੋਰ ਤੇਲ ਪਾ ਕੇ ਖੁਸ਼ ਹੁੰਦੇ ਹਨ ਅਤੇ ਜੇਕਰ ਝਗੜਾ ਕਰਨ ਵਾਲੇ ਦੋ ਵਿਅਕਤੀਆਂ ਦਾ ਧਰਮ ਵੱਖੋ ਵੱਖਰਾ ਹੋਵੇ ਤਾਂ ਛੋਟੀ ਜਿਹੀ ਗੱਲ ਕਦੋਂ ਧਾਰਮਿਕ ਫਸਾਦ ਵਿੱਚ ਤਬਦੀਲ ਹੋ ਜਾਵੇਗੀ ਅਤੇ ਇਸਦਾ ਸਮਾਜ ਨੂੰ ਕਿੰਨਾ ਨੁਕਸਾਨ ਹੋਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ|
ਲੋਕਾਂ ਵਿੱਚ ਲਗਾਤਾਰ ਵੱਧਦੀ ਅਸਹਿਣਸ਼ੀਲਤਾ ਭਾਰੀ ਚਿੰਤਾ ਦਾ ਵਿਸ਼ਾ ਹੈ| ਅਸੀਂ ਵੇਖਦੇ ਹਾਂ ਕਿ ਸੜਕਾਂ ਉਪਰ ਜਾਂਦੇ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਹਨ ਅਤੇ ਕਈ ਵਾਰ ਵਾਹਨਾਂ ਦੀ ਇਸ ਦੌੜ ਵਿੱਚ ਉਹਨਾਂ ਦੇ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ ਜਾਂ ਫਿਰ ਕਿਸੇ ਕਾਰਨ ਕੋਈ ਵਾਹਨ ਦੂਜੇ ਵਾਹਨ ਨਾਲ ਥੋੜ੍ਹਾ ਜਿਹਾ ਖਹਿ ਜਾਂਦਾ ਹੈ| ਇਸ ਤੋਂ ਬਾਅਦ ਦੋਵਾਂ ਵਾਹਨ ਸਵਾਰਾਂ ਵਿੱਚ ਹੋਣ ਵਾਲੇ ਝਗੜੇ ਦੌਰਾਨ ਲੋਕ ਇੱਕ ਦੂਜੇ ਦਾ ਕਤਲ ਕਰਨ ਤੱਕ ਪਹੁੰਚ ਜਾਂਦੇ ਹਨ| ਅਜਿਹੇ ਮੌਕਿਆਂ ਤੇ ਦੋਵਾਂ ਧਿਰਾਂ ਵਿੱਚ ਆਪਸ ਵਿੱਚ ਗਾਲੀ ਗਲੋਚ ਅਤੇ ਹੱਥੋਪਾਈ ਤਾਂ ਆਮ ਹੈ ਅਤੇ ਆਏ ਦਿਨ ਅਜਿਹੀਆਂ ਘਟਨਾਵਾ ਵਿੱਚ ਵੱਡੀ ਗਿਣਤੀ ਲੋਕ ਜਖਮੀ ਹੁੰਦੇ ਹਨ|
ਅਕਸਰ ਅਸੀਂ ਬੱਚਿਆਂ ਪਿਛੇ ਵੱਡੇ ਲੋਕਾਂ ਨੂੰ ਵੀ ਆਪਸ ਵਿੱਚ ਲੜਦਿਆਂ ਵੇਖਦੇ ਹਾਂ ਅਤੇ ਕਈ ਵਾਰ ਨੌਬਤ ਥਾਣੇ ਕਚਹਿਰੀ ਤੱਕ ਜਾਣ ਦੀ ਵੀ ਆ ਜਾਂਦੀ ਹੈ| ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵੀ ਆਏ ਦਿਨ ਵਿਦਿਆਰਥੀਆਂ ਦੇ ਵੱਖ- ਵੱਖ ਧੜਿਆਂ ਵਿੱਚ ਘੁਸੰਨ ਮੁੱਕੀ ਹੁੰਦੀ ਰਹਿੰਦੀ ਹੈ| ਇਸ ਤਰ੍ਹਾਂ ਪਿੰਡਾਂ ਵਿੱਚ ਵੀ ਲੋਕਾਂ ਵਿਚਾਲੇ ਧੜੇਬੰਦੀ ਹੋਣ ਕਾਰਨ ਅਕਸਰ ਡਾਂਗ ਸੋਟਾ ਹੁੰਦਾ ਹੈ| ਕਈ ਵਾਰ ਲੋਕ ਧਾਰਮਿਕ ਸਥਾਨਾਂ ਦੇ ਮਾਮਲੇ ਵਿੱਚ ਹੀ ਇਕ ਦੂਜੇ ਨਾਲ ਘੁਸੰਨ ਮੁੱਕੀ ਹੋ ਜਾਂਦੇ ਹਨ| ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਹੁਣ ਲੋਕਾਂ ਵਿੱਚ ਸਹਿਣ-ਸ਼ਕਤੀ ਰਹੀ ਹੀ ਨਹੀਂ ਅਤੇ ਮਾੜੀ ਜਿਹੀ ਗੱਲ ਦਾ ਹੀ ਪਲੀਤਾ ਬਣ ਜਾਂਦਾ ਹੈ|
ਸਿਰਫ ਘਰ ਦੇ ਬਾਹਰ ਹੀ ਨਹੀਂ ਬਲਕਿ ਲੋਕਾਂ ਵਿੱਚ ਆਪਣੇ ਘਰ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਸਹਿਣਸ਼ੀਲਤਾ ਦੀ ਘਾਟ ਦਿਖਦੀ ਹੈ| ਅੱਜ ਕੱਲ ਪਤੀ ਪਤਨੀ ਵਿਚਾਲੇ ਤਲਾਕ ਦੇ ਮਾਮਲੇ ਬਹੁਤ ਜਿਆਦਾ ਵੱਧ ਗਏ ਹਨ ਅਤੇ ਜਮੀਨ ਜਾਇਦਾਦ ਪਿੱਛੇ ਭਰਾ ਵਲੋਂ ਹੀ ਭਰਾ ਦਾ ਕਤਲ ਕਰਨ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ| ਇਸ ਸਭ ਦੇ ਪਿੱਛੇ ਵੀ ਮੂਲ ਕਾਰਨ ਅਸਹਿਣਸ਼ੀਲਤਾ ਹੀ ਹੈ| ਸਕੂਲਾਂ ਕਾਲਜਾਂ ਵਿੱਚ ਵੱਖ ਵੱਖ ਤਰ੍ਹਾਂ ਦੀ ਪੜਾਈ ਤਾਂ ਕਰਵਾਈ ਜਾਂਦੀ ਹੈ, ਪਰ ਬੱਚਿਆਂ}ਨੂੰ ਨੈਤਿਕ ਸਿੱਖਿਆ ਦੇਣ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ, ਜਿਸ ਕਰਕੇ ਬੱਚਿਆਂ ਵਿੱਚ ਬਚਪਨ ਤੋਂ ਹੀ ਸਹਿਣਸ਼ੀਲਤਾ ਦੀ ਘਾਟ ਪੈਦਾ ਹੋ ਜਾਂਦੀ ਹੈ|
ਇਹ ਇੱਕ ਸਮਾਜਿਕ ਸਮੱਸਿਆ ਹੈ ਜਿਸਦਾ ਹੱਲ ਸਮਾਜ ਨੂੰ ਹੀ ਕੱਢਣਾ ਪੈਣਾ ਹੈ| ਇਸ ਲਈ ਜਿੱਥੇ ਲੋਕਾਂ ਵਿੱਚ ਕਾਨੂੰਨ ਦਾ ਡਰ ਹੋਣਾ ਬਹੁਤ ਜਰੂਰੀ ਹੈ ਉੱਥੇ ਇਹ ਵੀ ਜਰੂਰੀ ਹੈ ਕਿ ਇੱਕ ਦੂਜੇ ਦਾ ਹੱਕ ਮਾਰਨ ਦੀ ਪ੍ਰਵ੍ਰਿਤੀ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਸ਼ਾਸ਼ਨਿਕ ਕਦਮ ਚੁੱਕੇ ਜਾਣ| ਲੋਕਾਂ ਦੇ ਦਿਲਾਂ ਵਿੱਚ ਵੱਧਦੀ ਨਿਰਾਸ਼ਾ ਅਤੇ ਕੁੰਠਾ ਵੀ ਇਸ ਅਸਹਿਣਸ਼ੀਲਤਾ ਦਾ ਇੱਕ ਵੱਡਾ ਕਾਰਨ ਹੈ ਜਿਸਦਾ ਹਲ ਕੀਤਾ ਜਾਣਾ ਜਰੂਰੀ ਹੈ ਅਤੇ ਇਸ ਵਾਸਤੇ ਸਾਰਿਆਂ ਨੂੰ ਮਿਲ ਕੇ ਉਪਰਲੇ ਕਰਨੇ ਚਾਹੀਦੇ ਹਨ|

Leave a Reply

Your email address will not be published. Required fields are marked *