ਲੋਕ ਅਦਾਲਤ ਵਿੱਚ ਪਾਣੀ ਰੇਟਾਂ ਬਾਰੇ ਚੱਲ ਰਹੇ ਕੇਸ ਦੀ ਸੁਣਵਾਈ 4 ਜਨਵਰੀ ਤੱਕ ਟਲੀ
ਐਸ ਏ ਐਸ ਨਗਰ, 12 ਦਸੰਬਰ (ਸ.ਬ.) ਗਮਾਡਾ ਅਧੀਨ ਆਉਂਦੇ ਸੈਕਟਰਾਂ 66 ਤੋਂ 80 ਵਿੱਚ ਪਾਣੀ ਦੇ ਬੇਸ਼ੁਮਾਰ ਵਧੇ ਹੋਏ ਰੇਟਾਂ ਖਿਲਾਫ ਨਿਗਮ ਦੇ ਸਾਬਕਾ ਕੌਂਸਲਰਾਂ ਵੱਲੋਂ ਮੁਹਾਲੀ ਲੋਕ ਅਦਾਲਤ ਵਿੱਚ ਦਾਇਰ ਕੀਤੇ ਕੇਸ ਦੀ ਸੁਣਵਾਈ ਉਪਰੰਤ ਕੇਸ ਦੀ ਅਗਲੀ ਸੁਣਵਾਈ 4 ਜਨਵਰੀ 2021 ਤੇ ਪਾ ਦਿਤੀ ਗਈ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਮਾਮਲੇ ਦੇ ਪਟੀਸ਼ਨਕਰਤਾ ਅਤੇ ਸਾਬਕਾ ਕੌਂਸਲਰਾਂ ਰਜਿੰਦਰ ਕੌਰ ਕੁੰਬੜਾ, ਸ੍ਰੀ ਬੌਬੀ ਕੰਬੋਜ, ਸੁਰਿੰਦਰ ਰੋਡਾ, ਜਸਬੀਰ ਕੌਰ ਅਤਲੀ, ਸਤਬੀਰ ਸਿੰਘ ਧਨੋਆ, ਰਜਨੀ ਗੋਇਲ ਨੇ ਦੱਸਿਆ ਕਿ ਅਦਾਲਤ ਵਿੱਚ ਕੇਸ ਦੀ ਬਹਿਸ ਦੌਰਾਨ ਗਮਾਡਾ, ਨਗਰ ਨਿਗਮ ਮੁਹਾਲੀ ਅਤੇ ਡਾਇਰੈਕਟਰ ਲੋਕਲ ਬਾਡੀਜ਼ ਵਿਭਾਗ ਦਫਤਰ ਦੇ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਕਿ ਪਾਣੀ ਦੇ ਰੇਟ ਪੂਰੇ ਪੰਜਾਬ ਵਿੱਚ ਹੀ ਵਧਾਏ ਜਾਣੇ ਹਨ ਜਿਸ ਕਾਰਨ ਪਾਣੀ ਦੇ ਰੇਟਾਂ ਸਬੰਧੀ ਫਾਈਲ ਵਿਭਾਗ ਵੱਲੋਂ ਰੋਕੀ ਹੋਈ ਹੈ|
ਇਸ ਮੌਕੇ ਪਟੀਸ਼ਨਰਕਰਤਾਵਾਂ ਦੇ ਵਕੀਲ ਵਲੋਂ ਦਲੀਲ ਦਿੱਤੀ ਗਈ ਕਿ ਅਧਿਕਾਰੀਆਂ ਵਲੋਂ ਜਾਣ ਬੁਝ ਕੇ ਹੈਂਡ ਓਵਰ-ਟੇਕਓਵਰ ਦੀ ਫਾਈਲ ਤੇ ਦਸਤਖਤ ਕਰਨ ਦਾ ਕੰਮ ਲਮਕਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਸ਼ਹਿਰ ਦੇ ਇਕ ਹਿੱਸੇ ਵਿੱਚ ਪਾਣੀ ਦਾ ਰੇਟ 1.80 ਰੁਪਏ ਪ੍ਰਤੀ ਕਿਲੋ ਲੀਟਰ ਹੈ ਜਦੋਂਕਿ ਪ੍ਰਭਾਵਿਤ ਖੇਤਰ ਵਿੱਚ ਪਾਣੀ ਦਾ ਰੇਟ 11.50 ਰੁਪਏ ਪ੍ਰਤੀ ਲੀਟਰ ਵਸੂਲਿਆ ਜਾ ਰਿਹਾ ਹੈ|
ਮਾਨਯੋਗ ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ਦੀ ਅਗਲੀ ਤਾਰੀਖ 4 ਜਨਵਰੀ 2021 ਨਿਸ਼ਚਿਤ ਕਰ ਦਿੱਤੀ ਹੈ ਤੇ ਗਮਾਡਾ ਦੇ ਵਕੀਲ ਨੂੰ ਅਗਲੀ ਤਾਰੀਖ ਤੇ ਹਰ ਹਾਲ ਵਿੱਚ ਮੌਜੂਦ ਰਹਿਣ ਲਈ ਕਿਹਾ ਹੈ|