ਲੋਕ ਨੁਮਾਇੰਦਿਆਂ ਤੇ ਇਲਜਾਮਬਾਜੀ ਕਰਕੇ ਖੁਦ ਨੂੰ ਪਾਕ ਸਾਫ ਸਾਬਿਤ ਨਹੀਂ ਕਰ ਸਕਦੇ ਨਿਗਮ ਅਧਿਕਾਰੀ

ਬੀਤੇ ਕੱਲ ਹੋਈ ਨਗਰ ਨਿਗਮ ਦੀ ਮੀਟਿੰਗ ਦੌਰਾਨ ਜਿਸ ਤਰੀਕੇ ਨਾਲ ਸ਼ਹਿਰ ਵਿੱਚ ਲੱਗਦੀਆ ਰੇਹੜੀਆਂ ਫੜੀਆਂ ਅਤੇ ਮਾਰਕੀਟਾਂ ਵਿੱਚ ਹੋਏ ਨਾਜਾਇਜ ਕਬਜਿਆਂ ਦੇ ਮੁੱਦੇ ਤੇ ਜਿਸ ਤਰੀਕੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਤੇ ਡਿਪਟੀ ਮੇਅਰ ਵਿਚਕਾਰ ਹੋਈ ਬਹਿਸਬਾਜੀ, ਗਾਲੀ ਗਲੌਚ ਅਤੇ ਹੱਥੋਪਾਈ ਤਕ ਪਹੁੰਚ ਗਈ ਉਸ ਨਾਲ ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ| ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਵਿੱਚ ਆਪਣੇ ਅਮਲੇ ਫੈਲੇ ਦੀ ਨਾਕਾਮੀ ਦੀ ਜਿੰਮੇਵਾਰੀ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹੀ ਸਿਰ ਪਾਉਣ ਦੀ ਕੋਸ਼ਿਸ਼ ਵਿੱਚ ਬਾਕਾਇਦਾ ਇਹ ਇਲਜਾਮ ਲਗਾ ਦਿੱਤਾ ਗਿਆ ਕਿ ਹਲਕਾ ਵਿਧਾਇਕ, ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰਾਂ ਅਤੇ ਹੋਰਨਾਂ ਰਾਜਸੀ ਆਗੂਆਂ ਵਲੋਂ ਹੀ ਸ਼ਹਿਰ ਵਿੱਚ ਇਹ ਰੇਹੜੀਆਂ ਫੜੀਆਂ ਲਗਾਵਾਈਆਂ ਜਾਂਦੀਆਂ ਹਨ ਅਤੇ ਜੇਕਰ ਇਹਨਾਂ ਰੇਹੜੀਆਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਇਹਨਾਂ ਆਗੂਆਂ ਦੇ ਵਿਰੋਧ ਕਾਰਨ ਹੀ ਇਹ ਕਾਰਵਾਈ ਰੋਕਣੀ ਪੈਂਦੀ ਹੈ|
ਨਗਰ ਨਿਗਮ ਦੇ ਕਮਿਸ਼ਨਰ ਇੱਕ ਸੀਨੀਅਰ ਅਧਿਕਾਰੀ ਹਨ ਅਤੇ ਉਹਨਾ ਨੂੰ ਆਪਣੀ ਨੌਕਰੀ ਦੌਰਾਨ ਮਿਲੇ ਅਧਿਕਾਰਾਂ ਅਤੇ ਫਰਜਾਂ ਦੀ ਪੂਰੀ ਜਿੰਮੇਵਾਰੀ ਵੀ ਹੈ| ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਅਧੀਨ ਅਜਿਹਾ ਕੋਈ ਵੀ ਕੰਮ ਨਾ ਹੋਣ ਦੇਣ ਜਿਸ ਨਾਲ ਕਾਨੁੰਨ ਦੀ ਉਲੰਘਣਾ ਹੁੰਦੀ ਹੋਵੇ ਅਤੇ ਉਹਨਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਹੁੰਦੇ ਅਜਿਹੇ ਨਾਜਾਇਜ ਕਬਜਿਆਂ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜੇਕਰ ਉਹਨਾਂ ਉੱਪਰ ਕਿਸੇ ਕਿਸਮ ਦਾ ਰਾਜਨੀਤਿਕ ਜਾਂ ਪ੍ਰਸ਼ਾਸ਼ਨਿਕ ਦਬਾਓ ਹੋਵੇ ਤਾਂ ਵੀ ਉਹ ਆਪਣੀ ਕਾਰਵਾਈ ਵਿੱਚ ਰੁਕਾਵਟ ਨਾ ਆਊਣ ਦੇਣ ਅਤੇ ਆਪਣਾ ਕੰਮ ਜਾਰੀ ਰੱਖਣ ਪਰੰਤੂ ਇੱਥੇ ਤਾਂ ਨਾਜਾਇਜ ਕਬਜਿਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਉਲਟਾ ਨਿਗਮ ਦੇ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਉੱਪਰ ਹੀ ਇਲਜਾਮ ਬਾਜੀ ਆਰੰਭ ਕਰ ਦਿੱਤੀ ਗਈ ਹੈ|
ਹੈਰਾਨੀ ਦੀ ਗਲ ਇਹ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਉਹਨਾਂ ਕੌਂਸਲਰਾਂ (ਨਜਰ ਨਿਗਮ ਦੇ ਡਿਪਟੀ ਮੇਅਰ ਸਮੇਤ) ਤੇ ਹੀ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਲਗਵਾਉਣ ਅਤੇ ਨਾਜਾਇਜ ਕਬਜੇ ਕਰਵਾਉਣ ਦੇ ਇਲਜਾਮ ਲਗਾਏ ਗਏ ਹਨ ਜਿਹਨਾਂ ਵਲੋਂ ਬੀਤੇ ਕੁੱਝ ਸਮੇਂ ਤੋਂ ਸ਼ਹਿਰ ਵਿੱਚ ਲੱਗਦੀਆਂ ਇਹਨਾਂ ਰੇਹੜੀਆਂ ਫੜੀਆਂ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਸੀ| ਨਿਗਮ ਦੇ ਕਮਿਸ਼ਨਰ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਸ਼ਹਿਰ ਵਿੱਚ ਨਾਜ਼ਾਇਜ ਕਬਜਿਆਂ ਦੀ ਗਿਣਤੀ ਵਿੱਚ ਲਗਾਤਾਰ ਹੋਣ ਵਾਲੇ ਵਾਧੇ ਦੀ ਪੂਰੀ ਜਿੰਮੇਵਾਰੀ ਖੁਦ ਉਹਨਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੀ ਬਣਦੀ ਹੈ ਜਿਹਨਾਂ ਵਲੋਂ ਆਪਣੀ ਜਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ ਜਾਂਦੀ|
ਇਸ ਸੰਬੰਧੀ ਸ਼ਹਿਰਵਾਸੀਆਂ ਵਲੋਂ ਨਾਜ਼ਾਇਜ ਕਬਜ਼ੇ ਹਟਾਉਣ ਵਾਲੇ ਸਟਾਫ ਤੇ ਇਹ ਇਲਜਾਮ ਲਗਾਇਆ ਜਾਂਦਾ ਰਿਹਾ ਹੈ ਕਿ ਇਹ ਕਰਮਚਾਰੀ ਸ਼ਹਿਰ ਵਿੱਚ ਨਾਜ਼ਾਇਜ ਕਬਜ਼ੇ ਕਰਕੇ ਆਪਣਾ ਕਾਰੋਬਾਰ ਕਰਨ ਕਰਨ ਵਾਲੇ ਲੋਕਾਂ ਤੋਂ ਹਰ ਮਹੀਨੇ ਇੱਕ ਬੱਝਵੀ ਰਕਮ ਵਸੂਲਦੇ ਹਨ ਜਿਸਦੇ ਬਦਲੇ ਇਹ ਕਰਮਚਾਰੀ ਅਜਿਹੇ ਦੁਕਾਨਦਾਰਾਂ ਨੂੰ ਮਨਮਰਜੀ ਨਾਲ ਨਾਜ਼ਾਇਜ ਕਬਜ਼ੇ ਕਰਨ ਦੀ ਖੁੱਲ ਦੇ ਦਿੰਦੇ ਹਨ| ਇਸ ਸੰਬੰਧੀ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਵੀ ਸਮੇਂ ਸਮੇਂ ਤੇ ਸਰਕਾਰੀ ਕਰਮਚਾਰੀਆਂ ਉੱਪਰ ਰੇਹੜੀਆਂ ਵਾਲਿਆਂ ਤੋਂ ਪੈਸੇ ਲਣ ਅਤੇ ਨਾਜ਼ਾਇਜ ਕਬਜ਼ੇ ਕਰਵਾਉਣ ਦੇ ਇਲਜਾਮ ਲਗਾਏ ਜਾਂਦੇ ਰਹੇ ਹਨ| ਪਰੰਤੂ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਉਲਟਾ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਤੇ ਹੀ ਕਿੰਤੂ ਕੀਤਾ ਜਾ ਰਿਹਾ ਹੈ|
ਸ਼ਹਿਰਵਾਸੀਆਂ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਸ਼ਹਿਰ ਦੇ ਵੱਖ ਵੱਖ ਭਾਗਾਂ ਵਿੱਚ ਨਾਜ਼ਾਇਜ ਕਬਜਿਆਂ ਤੇ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਜਿਹੜੇ ਕਰਮਚਾਰੀ ਇਹਨਾਂ ਨਾਜ਼ਾਇਜ ਕਬਜਿਆਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਆਪਣੇ ਨਿੱਜੀ ਹਿੱਤਾਂ ਦਾ ਵਧੇਰੇ ਧਿਆਨ ਰੱਖਦੇ ਹਨ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ| ਇਹ ਕਰਮਚਾਰੀ ਅਤੇ ਅਧਿਕਾਰੀ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਬਾਰੇ ਭਾਵੇਂ ਕੁੱਝ ਵੀ ਕਹਿਣ ਪਰੰਤੂ ਅਜਿਹਾ ਕਰਕੇ ਇਹ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਇਹਨਾਂ ਨਾਜਾਇਜ ਕਬਜਿਆਂ ਦੀ ਸਮੱਸਿਆ ਦੇ ਹਲ ਲਈ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਸ਼ਹਿਰ ਵਿੱਚ ਹੋਏ ਨਾਜ਼ਾਇਜ ਕਬਜ਼ਿਆਂ ਨੂੰ ਇੱਕ ਸਿਰੇ ਤੋਂ ਖਤਮ ਕਰਵਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *