ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਹੋਣਗੇ ਦਿਲਚਸਪ ਮੁਕਾਬਲੇ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਅਗਾਮੀ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਮੈਦਾਨ ਭਖ ਗਿਆ ਹੈ, ਇਸਦੇ ਨਾਲ ਲੋਕ ਸਭਾ ਦੀਆਂ ਪੰਜਾਬ ਦੀਆਂ ਸਾਰੀਆਂ ਸੀਟਾਂ ਉਪਰ ਇਸ ਵਾਰੀ ਦਿਲਚਸਪ ਮੁਕਾਬਲੇ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ| ਇਸ ਦਾ ਕਾਰਨ ਇਹ ਹੈ ਕਿ ਇਕ ਪਾਸੇ ਲੋਕ ਸਭਾ ਚੋਣਾਂ ਵਿੱਚ ਰਵਾਇਤੀ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਨਾਲ ਨਾਲ ਆਮ ਆਦਮੀ ਪਾਰਟੀ ਧੂਮ ਧੜਕੇ ਨਾਲ ਲੋਕਸਭਾ ਚੋਣਾਂ ਲੜਨ ਦਾ ਐਲਾਨ ਕਰ ਚੁਕੀਆਂ ਹਨ| ਦੂਜੇ ਪਾਸੇ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ, ਬਂੈਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ, ਐਮ ਪੀ ਡਾ. ਗਾਂਧੀ ਵਲੋਂ ਬਣਾਏ ਪੰਜਾਬ ਬਚਾਓ ਮੰਚ, ਅਤੇ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂਆਂ ਵਲੋਂ ਬਣਾਏ ਗਏ ਅਕਾਲੀ ਦਲ ਟਕਸਾਲੀ ਵਲੋਂ ਵੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿਤਾ ਗਿਆ ਹੈ|
ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਜਿਥੇ ਮੌਜੂਦਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਮੁੜ ਅਕਾਲੀ ਦਲ ਵਲੋਂ ਚੋਣ ਲੜਨ ਦੀ ਸੰਭਾਵਨਾ ਹੈ, ਉਥੇ ਕਾਂਗਰਸ ਵਲੋਂ ਅਜੇ ਇਸ ਹਲਕੇ ਲਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ| ਆਮ ਆਦਮੀ ਪਾਰਟੀ ਵਲੋਂ ਪਹਿਲਾਂ ਹੀ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ ਆਪਣਾ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ ਅਤੇ ਆਨੰਦਪੁਰ ਸਾਹਿਬ ਹਲਕੇ ਵਿੱਚ ਇਸ ਵਾਰੀ ਲੋਕ ਸਭਾ ਚੋਣਾਂ ਦੌਰਾਨ ਦਿਲਚਸਪ ਮੁਕਾਬਲੇ ਹੋਣ ਦੀ ਸੰਭਾਵਨਾ ਬਣ ਗਈ ਹੈ|
ਇਸੇ ਦੌਰਾਨ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਰਿਟਾ. ਜੇ. ਜੇ. ਸਿੰਘ ਨੇ ਵੀ ਬੀਤੇ ਦਿਨ ਡਾ. ਗਾਂਧੀ ਦੇ ਪੰਜਾਬ ਬਚਾਓ ਮੰਚ ਦਾ ਪੱਲਾ ਫੜਦਿਆਂ ਅਗਾਮੀ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ| ਅਕਾਲੀ ਦਲ ਮਾਨ ਮੁੜ ਲੋਕ ਸਭਾ ਚੋਣਾਂ ਦੌਰਾਨ ਆਪਣੀ ਕਾਰਗੁਜਾਰੀ ਦਿਖਾਉਣ ਲਈ ਮੁੜ ਸਰਗਰਮ ਹੋ ਗਿਆ ਹੈ|
ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਐਮ ਪੀ ਭਗਵੰਤ ਮਾਨ ਲੋਕ ਸਭਾ ਚੋਣ ਲੜਨ ਵਾਲੇ ਹਨ| ਅਕਾਲੀ ਦਲ ਮਾਨ ਦੇ ਮੁਖੀ ਸ੍ਰ. ਸਿਮਰਨਜੀਤ ਸਿੰਘ ਮਾਨ ਵੀ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਨਿਤਰਣ ਦਾ ਐਲਾਨ ਕਰ ਚੁਕੇ ਹਨ| ਸਾਬਕਾ ਐਮ ਪੀ ਸ੍ਰ. ਰਾਜਦੇਵ ਸਿੰਘ ਖਾਲਸਾ ਅਕਾਲੀ ਦਲ ਟਕਸਾਲੀ ਦੀ ਬੇੜੀ ਵਿੱਚ ਸਵਾਰ ਹੋ ਗਏ ਹਨ ਅਤੇ ਉਹਨਾਂ ਵਲੋਂ ਅਕਾਲੀ ਦਲ ਟਕਸਾਲੀ ਦੀ ਟਿਕਟ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ| ਰਾਜ ਸਭਾ ਮੇਂੈਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਦੀ ਨੂੰਹ ਗਗਨਜੀਤ ਕੌਰ ਢੀਂਡਸਾ ਬਾਰੇ ਵੀ ਚਰਚਾ ਹੈ ਕਿ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਬਣ ਸਕਦੇ ਹਨ ਪਰ ਸ੍ਰ. ਢੀਂਡਸਾ ਵਲੋਂ ਅਕਾਲੀ ਦਲ ਦੇ ਅਹਦਿਆਂ ਤੋਂ ਦਿਤੇ ਗਏ ਅਸਤੀਫਿਆਂ ਕਾਰਨ ਹੁਣ ਅਕਾਲੀ ਦਲ ਬਾਦਲ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਾਰੇ ਅਜੇ ਸਥਿਤੀ ਸਪਸ਼ਟ ਨਹੀਂ ਹੈ| ਕਾਂਗਰਸ ਦੇ ਉਮੀਦਵਾਰ ਬਾਰੇ ਵੀ ਸਥਿਤੀ ਅਜੇ ਸਪਸ਼ਟ ਨਹੀਂ ਹੈ|
ਕੁਝ ਅਜਿਹਾ ਹੀ ਹਾਲ ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਦਾ ਹੈ, ਹਰ ਲੋਕ ਸਭਾ ਸੀਟ ਉਪਰ ਇਸ ਵਾਰੀ ਅਨੇਕਾਂ ਪਾਰਟੀਆਂ ਦੇ ਉਮੀਦਵਾਰਾਂ ਕਾਰਨ ਦਿਲਚਸਪ ਮੁਕਾਬਲੇ ਹੋਣ ਦੀ ਸੰਭਾਵਨਾ ਬਣ ਗਈ ਹੈ| ਪੰਜਾਬ ਵਿੱਚ ਅਚਾਨਕ ਖੁੰਭਾਂ ਵਾਂਗ ਉਗ ਆਈਆਂ ਨਵੀਆਂ ਰਾਜਸੀ ਪਾਰਟੀਆਂ ਭਾਵੇਂ ਲੋਕ ਸਭਾ ਚੋਣਾਂ ਦੌਰਾਨ ਵੱਡੀ ਪ੍ਰਾਪਤੀ ਤਾਂ ਨਾ ਕਰ ਸਕਣ ਪਰ ਪੰਜਾਬ ਦੇ ਹਰ ਲੋਕ ਸਭਾ ਹਲਕੇ ਦੇ ਚੋਣ ਨਤੀਜੇ ਉਪਰ ਇਹਨਾਂ ਪਾਰਟੀਆਂ ਦੀਆਂ ਸਰਗਰਮੀਆਂ ਦਾ ਕੁੱਝ ਹੱਦ ਤਕ ਪ੍ਰਭਾਵ ਜਰੂਰ ਪਵੇਗਾ| !

Leave a Reply

Your email address will not be published. Required fields are marked *