ਲੋਕ ਸਭਾ ਚੋਣਾਂ ਨੂੰ ਦੇਖਦਿਆਂ ਜਥੇਬੰਦਕ ਢਾਂਚਾ ਮਜਬੂਤ ਕਰਨ ਲੱਗੀਆਂ ਰਾਜਸੀ ਪਾਰਟੀਆਂ

ਐਸ ਏ ਐਸ ਨਗਰ, 12 ਜਨਵਰੀ (ਸ.ਬ.) ਲੋਕ ਸਭਾ ਚੋਣਾਂ ਵਿੱਚ ਕੁਝ ਕੁ ਮਹੀਨੇ ਹੀ ਬਾਕੀ ਰਹਿ ਗਏ ਹਨ ਅਤੇ ਚੋਣਾਂ ਨੂੰ ਮੁੱਖ ਰੱਖਦਿਆਂ ਭਾਜਪਾ ਅਤੇ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਨੇ ਵੀ ਆਪੋ ਆਪਣੇ ਜਥੇਬੰਦਕ ਢਾਂਚੇ ਮਜਬੂਤ ਕਰਨੇ ਸ਼ੁਰੂ ਕਰ ਦਿੱਤੇ ਹਨ| ਇਸ ਸਬੰਧੀ ਵੱਖ- ਵੱਖ ਪਾਰਟੀਆਂ ਵਲੋਂ ਜਿਥੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ, ਉਥੇ ਪਾਰਟੀ ਵਿੱਚ ਪਹਿਲਾਂ ਤੋਂ ਵਿਚਰ ਰਹੇ ਆਗੂਆਂ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ| ਤਕਰੀਬਨ ਸਾਰੀਆਂ ਮੁੱਖ ਪਾਰਟੀਆਂ ਵਲੋਂ ਆਪਣੀਆਂ ਪਾਰਟੀਆਂ ਨੂੰ ਹੇਠਾਂ ਤਕ ਮਜਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਇਸ ਕਾਰਨ ਵੱਖ ਵੱਖ ਸ਼ਹਿਰਾਂ ਪਿੰਡਾਂ ਵਿੱਚ ਸ਼ਹਿਰੀ ਤੇ ਪੇਂਡੂ ਦਿਹਾਤੀ ਇਕਾਈਆਂ ਦੇ ਨਾਲ- ਨਾਲ ਮੁੱਹਲਾ ਇਕਾਈਆਂ ਦਾ ਗਠਨ ਵੀ ਕੀਤਾ ਜਾ ਰਿਹਾ ਹੈ| ਇਸ ਤਰ੍ਹਾਂ ਕਰਕੇ ਰਾਜਸੀ ਪਾਰਟੀਆਂ ਹਰ ਗਲੀ ਮੁਹੱਲੇ ਵਿੱਚ ਆਪਣੇ ਸਮਰਥਕਾਂ ਦੀ ਗਿਣਤੀ ਵਧਾ ਰਹੀਆਂ ਹਨ|
ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਰਾਜਸੀ ਪਾਰਟੀਆਂ ਵਲੋਂ ਆਪਣੇ ਸਾਰੇ ਆਗੂਆਂ ਦੀਆਂ ਹੁਣੇ ਤੋਂ ਵਿਸ਼ੇਸ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਇਸ ਸਬੰਧੀ ਇਹਨਾਂ ਆਗੂਆਂ ਨੂੰ ਇਲਾਕਿਆਂ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਆਪਣੀਆਂ ਸਰਗਰਮੀਆਂ ਤੇਜ ਕਰਨ ਅਤੇ ਇਹਨਾਂ ਸਰਗਰਮੀਆਂ ਦੀ ਰਿਪੋਰਟ ਪਾਰਟੀ ਹਾਈਕਮਾਂਡ ਕੋਲ ਕਰਨ ਲਈ ਕਿਹਾ ਗਿਆ ਹੈ|
ਜਿਹੜੇ ਆਗੂ ਪਹਿਲਾਂ ਆਮ ਲੋਕਾਂ ਨੂੰ ਲੱਭਿਆਂ ਨਹੀਂ ਲੱਭਦੇ ਸੀ, ਉਹ ਹੁਣ ਖੁਦ ਆਮ ਲੋਕਾਂ ਦੇ ਦੁੱਖ- ਸੁੱਖ ਵਿੱਚ ਸ਼ਾਮਲ ਹੋਣ ਪਹੁੰਚਣ ਲੱਗ ਪਏ ਹਨ ਅਤੇ ਇਹਨਾਂ ਰਾਜਸੀ ਆਗੂਆਂ ਵਲੋਂ ਆਪੋ ਆਪਣੇ ਇਲਾਕੇ ਵਿੱਚ ਤੋਰਾ ਫੇਰਾ ਵਧਾ ਦਿੱਤਾ ਗਿਆ ਹੈ| ਇਸਦੇ ਨਾਲ ਇਹਨਾਂ ਰਾਜਸੀ ਆਗੂਆਂ ਨੂੰ ਹੁਣ ਆਪੋ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਵੀ ਦਿਖਾਈ ਦੇਣ ਲੱਗ ਪਈਆਂ ਹਨ, ਜਿਹਨਾਂ ਦੇ ਹੱਲ ਲਈ ਇਹਨਾਂ ਵਲੋਂ ਯਤਨ ਕਰਨ ਦਾ ਦਿਖਾਵਾ ਕੀਤਾ ਜਾ ਰਿਹਾ ਹੈ|
ਤਕਰੀਬਨ ਹਰ ਪਾਰਟੀ ਦੀ ਹਾਈਕਮਾਂਡ ਵਲੋਂ ਆਪਣੀ ਪਾਰਟੀ ਨੂੰ ਜਮੀਨੀ ਪੱਧਰ ਤਕ ਮਜਬੂਤ ਕਰਨ ਲਈ ਬੂਥ ਪੱਧਰ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ| ਲੋਕ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਕਰੀਬ ਸਾਰੀਆਂ ਮੁੱਖ ਪਾਰਟੀਆਂ ਵਲੋਂ ਜੋਰ ਸ਼ੋਰ ਨਾਲ ਤਿਆਰੀ ਕੀਤੀ ਜਾ ਰਹੀ ਹੈ| ਇਹਨਾਂ ਪਾਰਟੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ, ਕਿ ਜਿਹੜੀ ਪਾਰਟੀ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਮਜਬੂਤ ਹੋਵੇਗਾ, ਉਸ ਪਾਰਟੀ ਦੀ ਜਿੱਤ ਦੇ ਆਸਾਰ ਵੱਧ ਜਾਂਦੇ ਹਨ|

Leave a Reply

Your email address will not be published. Required fields are marked *