ਲੋਕ ਸਭਾ ਚੋਣਾਂ ਨੂੰ ਵੇਖਦਿਆਂ ਰਾਜਸੀ ਪਾਰਟੀਆਂ ਵੱਲੋਂ ਰੁੱਸੇ ਆਗੂਆਂ ਨੂੰ ਮਨਾਉਣ ਦੀ ਕਵਾਇਦ ਤੇਜ

ਐਸ ਏ ਐਸ ਨਗਰ, 16 ਜੂਨ (ਜਗਮੋਹਨ ਸਿੰਘ ਲੱਕੀ) ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਉਵੇਂ ਹੀ ਇਹ ਚੋਣਾਂ ਲੜਨ ਵਾਲੀਆਂ ਸਾਰੀਆਂ ਹੀ ਪਾਰਟੀਆਂ ਤਿਆਰੀ ਕਰ ਰਹੀਆਂ ਹਨ| ਲੋਕ ਸਭਾ ਚੋਣਾਂ ਲੜਨ ਲਈ ਵੱਖ ਵੱਖ ਪਾਰਟੀਆਂ ਨੇ ਜਮੀਨੀ ਪੱਧਰ ਤੋਂ ਆਪਣੀ ਤਿਆਰੀ ਕਰਨੀ ਸ਼ੁਰੂ ਕੀਤੀ ਹੋਈ ਹੈ| ਇਹਨਾਂ ਚੋਣਾਂ ਵਿੱਚ ਆਪੋ ਆਪਣੀ ਪਾਰਟੀ ਨੂੰ ਮਜਬੂਤੀ ਦੇਣ ਲਈ ਅਤੇ ਜਿੱਤ ਪੱਕੀ ਕਰਨ ਲਈ ਵੱਖ ਵੱਖ ਪਾਰਟੀਆਂ ਦੇ ਆਗੂਆਂ ਵਲੋਂ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਚੋਗਾ ਪਾਇਆ ਜਾ ਰਿਹਾ ਹੈ, ਉਥੇ ਮੁੱਖ ਪਾਰਟੀਆਂ ਵਲੋਂ ਆਪਣੀ ਹੀ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੀ ਮੁਹਿੰਮ ਵੀ ਤੇਜ ਕਰ ਗਈ ਹੈ|
ਪੰਜਾਬ ਦੇ ਰਾਜਸੀ ਦ੍ਰਿਸ ਵਿੱਚ ਇਸ ਸਮੇਂ ਅਕਾਲੀ ਦਲ ਅਤੇ ਕਾਂਗਰਸ ਹੀ ਮੁੱਖ ਪਾਰਟੀਆਂ ਨਜਰ ਆ ਰਹੀਆਂ ਹਨ, ਜਦੋਂਕਿ ਪੰਜਾਬ ਵਿੱਚ ਤੀਜੇ ਬਦਲ ਦੇਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਹੋਂਦ ਹੀ ਖਤਰੇ ਵਿੱਚ ਦਿਖ ਰਹੀ ਹੈ, ਜਿਸਦਾ ਸਬੂਤ ਸ਼ਾਹਕੋਟ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਨੂੰ ਪਈਆਂ ਵੋਟਾਂ ਤੋਂ ਹੀ ਮਿਲ ਚੁੱਕਿਆ ਹੈ|
ਇਹੀ ਕਾਰਨ ਹੈ ਕਿ ਹੁਣ ਹੋਰਨਾਂ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ| ਇਸੇ ਦੌਰਾਨ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਆਪ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਦੀ ਗੱਲ ਆਖੀ ਹੈ| ਇਸ ਗੱਲ ਦਾ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕੀਤਾ ਹੈ ਪਰ ਇੱਕ ਗੱਲ ਪੱਕੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਹੋਰਨਾਂ ਪਾਰਟੀਆਂ ਵਲੋਂ ਚੋਗਾ ਪਾਇਆ ਜਾ ਰਿਹਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਈ ਆਗੂ ਵੀ ਹੋਰਨਾਂ ਪਾਰਟੀਆਂ ਦੇ ਸੰਪਰਕ ਵਿੱਚ ਦੱਸੇ ਜਾ ਰਹੇ ਹਨ ਤਾਂ ਕਿ ਮੌਕਾ ਆਉਣ ਤੇ ਉਹ ਆਪਣੇ ਭਵਿੱਖ ਦਾ ਫੈਸਲਾ ਕਰ ਸਕਣ|
ਇਸਦੇ ਨਾਲ ਹੀ ਕਾਂਗਰਸ ਪਾਰਟੀ ਵਲੋਂ ਪਾਰਟੀ ਨਾਲ ਕੁੱਝ ਕਾਰਨਾਂ ਕਰਕੇ ਰੁੱਸੇ ਬੈਠੇ ਆਗੂਆਂ ਅਤੇ ਵਰਕਰਾਂ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ| ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਟਕਸਾਲੀ ਵਰਕਰਾਂ ਨੂੰ ਉਚਿਤ ਮਾਣ ਸਨਮਾਣ ਦਿੱਤਾ ਜਾਵੇ ਤਾਂ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਕੀਤੀ ਜਾ ਸਕੇ| ਰਾਜਾ ਵੜਿੰਗ ਦਾ ਇਹ ਵੀ ਕਹਿਣਾ ਹੈ ਕਿ ਨਾਰਾਜ ਹੋਏ ਕਾਂਗਰਸੀ ਆਗੂਆਂ ਨੂੰ ਵੱਖ ਵੱਖ ਚੇਅਰਮੈਨੀਆਂ ਦੇ ਕੇ ਪਾਰਟੀ ਹਿੱਤਾਂ ਲਈ ਮੁੜ ਸਰਗਰਮ ਕੀਤਾ ਜਾ ਸਕਦਾ ਹੈ|
ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਨੇ ਵੀ ਟਕਸਾਲੀ ਅਕਾਲੀ ਵਰਕਰਾਂ ਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ ਹੈ| ਪਿਛਲੇ ਸਮੇਂ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਲਾਏ ਗਏ ਧਰਨਿਆਂ ਵਿੱਚ ਸ੍ਰ. ਸੁਖਬੀਰ ਸਿੰਘ ਬਾਦਲ ਖੁਦ ਸ਼ਾਮਲ ਹੁੰਦੇ ਰਹੇ ਹਨ ਅਤੇ ਵਰਕਰਾਂ ਨੂੰ ਉਤਸ਼ਾਹਿਤ ਕਰਦੇ ਰਹੇ ਹਨ| ਅਜਿਹਾ ਕਰਕੇ ਸ੍ਰ. ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਦਾ ਯਤਨ ਕੀਤਾ ਹੈ| ਅਕਾਲੀ ਦਲ ਹਾਈਕਮਾਂਡ ਵਲੋਂ ਵੀ ਪਾਰਟੀ ਤੋਂ ਨਾਰਾਜ ਹੋਏ ਟਕਸਾਲੀ ਆਗੂਆਂ ਅਤੇ ਹੋਰ ਨਾਰਾਜ ਆਗੂਆਂ ਨੂੰ ਮਨਾਉਣ ਤੇ ਪਾਰਟੀ ਲਈ ਮੁੜ ਸਰਗਰਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ| ਮਕਸਦ ਸਭ ਦਾ ਇਕੋ ਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪੋ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕੇ|

Leave a Reply

Your email address will not be published. Required fields are marked *