ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਭਾਜਪਾ ਨੂੰ ਜਾਗਿਆ ਪੰਜਾਬੀਆਂ ਨਾਲ ਮੋਹ

ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਭਾਜਪਾ ਨੂੰ ਜਾਗਿਆ ਪੰਜਾਬੀਆਂ ਨਾਲ ਮੋਹ
ਵੋਟਾਂ ਪੱਕੀਆਂ ਕਰਨ ਲਈ ਭਾਜਪਾ ਵਲੋਂ ਕੀਤੀ ਜਾ ਰਹੀ ਹੈ ਤਿਕੜਮਬਾਜੀ
ਐਸ ਏ ਐਸ ਨਗਰ, 4 ਜਨਵਰੀ (ਸ.ਬ.) ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਭਾਜਪਾ ਵਲੋਂ ਵੱਖ ਵੱਖ ਸੂਬਿਆਂ ਵਿੱਚ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਤਿਕੜਮਬਾਜੀ ਕੀਤੀ ਜਾ ਰਹੀ ਹੈ| ਇਸੇ ਤਿਕੜਮਬਾਜੀ ਤਹਿਤ ਭਾਜਪਾ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਗੁਰਦਾਸਪੁਰ ਵਿਖੇ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਤਾਂ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਸਕਣ|
ਭਾਜਪਾ ਦਾ ਮੁੱਖ ਏਜੰਡਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਭਾਰਤ ਵਿੱਚ ਮੁੜ ਸਰਕਾਰ ਬਣਾਉਣਾ ਹੈ| ਇਸੇ ਲਈ ਭਾਜਪਾ ਵਲੋਂ ਹਰ ਵਰਗ ਨੂੰ ਪ੍ਰਭਾਵਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ| ਪ੍ਰਧਾਨ ਮੰਤਰੀ ਮੋਦੀ ਭਾਵੇਂ ਬੀਤੇ ਦਿਨੀਂ ਇਹ ਕਹਿ ਚੁਕੇ ਹਨ ਕਿ ਅਯੁੱਧਿਆ ਵਿਖੇ ਰਾਮ ਮੰਦਰ ਸਬੰਧੀ ਅਦਾਲਤ ਦਾ ਫੈਸਲਾ ਜੋ ਵੀ ਹੋਵੇਗਾ, ਭਾਜਪਾ ਉਸ ਫੈਸਲੇ ਦਾ ਸਨਮਾਨ ਕਰੇਗੀ ਪਰੰਤੂ ਦੂਜੇ ਪਾਸੇ ਭਾਜਪਾ ਦੀ ਸਹਿਯੋਗੀ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਦੀਆਂ ਹੋਰ ਸਹਿਯੋਗੀ ਜਥੇਬੰਦੀਆਂ ਵਲੋਂ ਸਪਸ਼ਟ ਕਿਹਾ ਜਾ ਰਿਹਾ ਹੈ ਕਿ ਉਹ ਰਾਮ ਮੰਦਰ ਲਈ ਅਦਾਲਤ ਦੇ ਫੈਸਲੇ ਦਾ ਇੰਤਜਾਰ ਨਹੀਂ ਕਰ ਸਕਦੀਆਂ|
ਅਸਲ ਵਿੱਚ ਭਾਜਪਾ ਇਸ ਵਾਰ ਰਾਮ ਮੰਦਰ ਦਾ ਮੁੱਦਾ ਉਭਾਰ ਕੇ ਮੁੜ ਸੱਤਾ ਵਿੱਚ ਆਉਣਾ ਚਾਹੁੰਦੀ ਹੈ| ਇਸਦੇ ਨਾਲ ਭਾਜਪਾ ਵਲੋਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਭਾਜਪਾ ਨਾਲ ਜੋੜਨ ਤਹਿਤ ਵੀ ਨਵੀਂ ਰਣਨੀਤੀ ਬਣਾਈ ਗਈ ਹੈ| ਕੇਂਦਰ ਦੀ ਮੋਦੀ ਸਰਕਾਰ ਵਲੋਂ ਪਹਿਲਾਂ ਚੰਡੀਗੜ੍ਹ ਵਿੱਚ ਸਿੱਖ ਔਰਤਾਂ ਨੂੰ ਹੈਲਮਟ ਤੋਂ ਛੋਟ ਦੇਣ ਵਾਲਾ ਆਰਡੀਨੈਸ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਾਰੀ ਕਰਵਾਉਣਾ ਅਤੇ ਫਿਰ ਅਚਾਨਕ ਕੈਬਿਨਟ ਦੀ ਮੀਟਿੰਗ ਕਰਕੇ ਮੋਦੀ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਬਣਾਉਣ ਦਾ ਐਲਾਨ ਅਤੇ ਇਸ ਲਾਂਘੇ ਨੂੰ ਬਣਾਉਣ ਲਈ ਨੀਂਹ ਪੱਥਰ ਵੀ ਰਖ ਦੇਣ ਨੂੰ ਇਸੇ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ| ਕੇਂਦਰ ਸਰਕਾਰ ਵਲਂੋਂ ਕਰਤਾਰਪੁਰ ਲਾਂਘਾ ਬਣਾਉਣ ਲਈ ਨੀਂਹ ਪੱਥਰ ਤਾਂ ਰੱਖ ਦਿਤਾ ਗਿਆ ਹੈ ਪਰ ਅਜੇ ਇਹ ਲਾਂਘਾ ਬਣਾਉਣ ਲਈ ਭਾਰਤ ਸਰਕਾਰ ਵਲੋਂ ਇਕ ਇੱਟ ਵੀ ਨਹੀਂ ਲਗਾਈ ਗਈ, ਜਿਸ ਕਰਕੇ ਇਸ ਲਾਂਘੇ ਨੂੰ ਬਣਾਉਣ ਦਾ ਅਸਲ ਮਕਸਦ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਤਕ ਹੀ ਸੀਮਿਤ ਲੱਗਦਾ ਹੈ|
ਹੁਣ ਪ੍ਰਧਾਨ ਮੰਤਰੀ ਮੋਦੀ ਵਲੋਂ ਪੰਜਾਬ ਦੇ ਗੁਰਦਾਸਪੁਰ ਵਿਖੇ ਵੱਡੀ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਇਆ ਗਿਆ ਹੈ, ਇਸ ਦਾ ਵੀ ਇਕੋ ਇਕ ਮਕਸਦ ਪੰਜਾਬੀਆਂ ਦੀਆਂ ਵੋਟਾਂ ਭਾਜਪਾ ਲਈ ਪੱਕੀਆਂ ਕਰਨਾ ਹੈ| ਇਸ ਸਮੇਂ ਪੰਜਾਬ ਵਿੱਚ ਜਿਥੇ ਭਾਜਪਾ ਦੀ ਸਥਿਤੀ ਨਿਰਾਸ਼ਾਜਨਕ ਹੈ, ਉਥੇ ਭਾਜਪਾ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਬਾਦਲ ਦੇ ਵੀ ਪੰਜਾਬ ਵਿਚੋਂ ਇਕ ਤਰ੍ਹਾਂ ਪੈਰ ਉਖੜ ਚੁੱਕੇ ਹਨ| ਇਸੇ ਕਾਰਨ ਹੁਣ ਪੰਜਾਬ ਵਿਚਲੀਆਂ ਲੋਕ ਸਭਾ ਸੀਟਾਂ ਉਪਰ ਭਾਜਪਾ ਤੇ ਅਕਾਲੀ ਉਮੀਦਵਾਰਾਂ ਦੀਆਂ ਜਿੱਤਾਂ ਪੱਕੀਆਂ ਕਰਨ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਮੈਦਾਨ ਵਿੱਚ ਆ ਗਈ ਹੈ|
ਭਾਜਪਾ ਵਲੋਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਪ੍ਰਭਾਵਿਤ ਕਰਕੇ ਵੋਟਾਂ ਪੱਕੀਆਂ ਕਰਨ ਦੀ ਨੀਤੀ ਦਾ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਕਿੰਨਾ ਕੁ ਲਾਭ ਮਿਲਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ|

Leave a Reply

Your email address will not be published. Required fields are marked *