ਲੋਕ ਸਭਾ ਵਿੱਚ ਨਹੀਂ ਚੁੱਕਿਆ ਜਾ ਸਕਦਾ ਰਾਜਪਾਲ ਦਾ ਮਾਮਲਾ : ਮਹਾਜਨ

ਨਵੀਂ ਦਿੱਲੀ, 9 ਫਰਵਰੀ (ਸ.ਬ.) ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਅੰਨਾ ਡੀ ਐਮ ਕੇ ਦੇ ਮੈਂਬਰਾਂ ਨੂੰ ਤਾਮਿਲਨਾਡੂ ਵਿੱਚ ਪੈਦਾ ਹੋਏ ਸਿਆਸੀ ਸੰਕਟ ਦੇ ਸੰਦਰਭ ਵਿੱਚ ਰਾਜਪਾਲ ਵਿਦਿਆਸਾਗਰ ਰਾਵ ਦਾ ਮਾਮਲਾ ਅੱਜ ਸਦਨ ਵਿੱਚ ਚੁੱਕੇ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ| ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੌਰਾਨ ਵੀ ਅੰਨਾਦਰਮੁਕ ਦੇ ਮੈਂਬਰਾਂ ਨੇ ਤਾਮਿਲਨਾਡੂ ਵਿੱਚ ਜਲਦ ਸਰਕਾਰ ਬਹਾਲੀ ਅਤੇ ਰਾਜਪਾਲ ਵਿਦਿਆਸਾਗਰ ਰਾਵ ਦੀ ਭੂਮਿਕਾ ਨੂੰ ਲੈ ਕੇ ਸਦਨ ਵਿੱਚ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਸਦਨ ਦੀ ਕਾਰਵਾਈ 11.30 ਵਜੇ ਤੱਕ ਮੁਲਤਵੀ ਕਰਨੀ ਪਈ ਸੀ| ਇਸ ਤੋਂ ਬਾਅਦ ਜ਼ੀਰੋ ਕਾਲ ਦੌਰਾਨ ਮੈਂਬਰਾਂ ਨੇ ਦੁਬਾਰਾ ਇਹ ਮਾਮਲਾ ਚੁੱਕਣਾ ਚਾਹਿਆ ਪਰ ਸ਼੍ਰੀਮਤੀ ਮਹਾਜਨ ਨੇ ਇਹ ਕਹਿੰਦੇ ਹੋਏ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਕਿ ਸੰਵਿਧਾਨਕ ਅਹੁਦੇ ਤੇ ਬੈਠੇ ਹੋਏ ਕਿਸੇ ਵਿਅਕਤੀ ਨਾਲ ਜੁੜੇ ਮਾਮਲੇ ਨੂੰ ਲੋਕ ਸਭਾ ਵਿੱਚ ਨਹੀਂ ਚੁਕਿਆ ਜਾ ਸਕਦਾ|
ਸ਼੍ਰੀਮਤੀ ਮਹਾਜਨ ਨੇ ਇਸ ਸੰਬੰਧ ਵਿੱਚ ਅੰਨਾ ਡੀ ਐਮ ਕੇ ਮੈਂਬਰ ਪੀ.               ਵੇਨੂੰਗੋਪਾਲ ਵੱਲੋਂ ਪੇਸ਼ ਕਾਰਜ ਮੁਲਤਵੀ ਪ੍ਰਸਤਾਵ ਦੇ ਨੋਟਿਸ ਤੇ ਇਹ ਵਿਵਸਥਾ ਕੀਤੀ| ਪਾਰਟੀ ਦੇ ਕਥਿਤ ਦਬਾਅ ਵਿੱਚ ਆ ਕੇ 7 ਫਰਵਰੀ ਨੂੰ ਅਹੁਦੇ ਤੋਂ ਤਿਆਗ ਪੱਤਰ ਦੇ ਚੁਕੇ ਤਾਮਿਲਨਾਡੂ ਦੇ ਕਾਰਜਕਾਰੀ ਮੁੱਖ ਮੰਤਰੀ ਓ. ਪੰਨੀਰਸੇਲਵਮ ਦੇ ਪਾਰਟੀ ਜਨਰਲ ਸਕੱਤਰ ਸ਼ਸ਼ੀਕਲਾ ਦੇ ਖਿਲਾਫ ਖੁੱਲ੍ਹੀ ਬਗਾਵਤ ਤੇ ਉਤਰ ਜਾਣ ਦੇ ਬਾਅਦ ਤੋਂ ਰਾਜ ਵਿੱਚ ਸਿਆਸੀ ਸੰਕਟ ਡੂੰਘਾ ਹੋ ਗਿਆ ਹੈ| ਰਾਜਪਾਲ ਵਿਦਿਆਸਾਗਰ ਰਾਵ ਵੀ ਰਾਜ ਵਿੱਚ ਮੌਜੂਦ ਨਹੀਂ ਹਨ, ਅਜਿਹੇ ਵਿੱਚ ਅੰਨਾ ਡੀ ਐਮ ਕੇ ਦੇ ਨਾਲ ਹੀ ਰਾਜ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਵੀ ਭਾਰੀ ਬੇਨਿਯਮਤਾ ਦੀ ਸਥਿਤੀ ਪੈਦਾ ਹੋ ਗਈ ਹੈ| ਅੰਨਾ ਡੀ ਐਮ ਕੇ ਸੰਸਦ ਮੈਂਬਰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਸ ਸੰਬੰਧ ਵਿੱਚ ਆਪਣੀਆਂ ਚਿੰਤਾਵਾਂ ਤੋਂ ਜਾਣੂੰ ਕਰਵਾਉਣ ਲਈ ਦਿੱਲੀ ਪੁੱਜੇ ਹਨ| ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ|

Leave a Reply

Your email address will not be published. Required fields are marked *