ਲੋਹੀਆਂ ਖ਼ਾਸ ਵਿੱਚ ਮਾਂ-ਪੁੱਤ ਦਾ ਬੇਰਰਿਮੀ ਨਾਲ ਕਤਲ


ਲੋਹੀਆਂ ਖ਼ਾਸ, 6 ਜਨਵਰੀ (ਸ.ਬ.) ਲੋਹੀਆਂ ਦੇ ਪਿੰਡ ਅਲੀਵਾਲ ਵਿਖੇ ਦਲਿਤ ਪਰਿਵਾਰ ਦੇ ਘਰ ਲੁੱਟਖੋਹ ਦੀ ਵਾਰਦਾਤ ਕਰਨ ਆਏ ਲੁਟੇਰਿਆਂ ਵੱਲੋਂ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਮੌਕੇ ਤੇ ਪਹੁੰਚੇ ਡੀ.ਐਸ.ਪੀ. ਵਰਿੰਦਰ ਸਿੰਘ ਐਸ.ਐਚ.ਓ. ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪਿੰਡ ਅਲੀਵਾਲ ਵਿਖੇ ਮਾਂ-ਪੁੱਤ ਦਾ ਕਤਲ ਹੋ ਗਿਆ ਹੈ, ਜਿਸ ਦੀ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਗਈ।
ਮਿ੍ਰਤਕਾਂ ਦੀ ਪਛਾਣ ਕਰਤਾਰੀ ਅਤੇ ਮੰਗਤ ਰਾਮ ਵਜੋਂ ਹੋਈ ਹੈ। ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੂੰ ਪਿੰਡ ਵਾਲਿਆਂ ਨੂੰ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਉਕਤ ਮਾਂ-ਪੁੱਤ ਦੇ ਘਰ ਬੀਤੀ ਰਾਤ ਲੁੱਟਖੋਹ ਹੋਈ ਹੈ ਜਦੋਂ ਅਸੀਂ ਉਨ੍ਹਾਂ ਦੇ ਘਰ ਆ ਕੇ ਵੇਖਿਆ ਤਾਂ ਘਰ ਵਿੱਚ ਪਿਆ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਮੰਜੇ ਤੇ ਕਰਤਾਰੀ ਦੀ ਲਾਸ਼ ਪਈ ਸੀ, ਜਿਸ ਤੋਂ ਬਾਅਦ ਅਸੀਂ ਉਸ ਦਾ ਪੁੱਤ ਮੰਗਤ ਰਾਮ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਬਾਹਰ ਖੇਤਾਂ ਵਿੱਚ ਉਸ ਦੀ ਲਾਸ਼ ਮਿਲੀ।
ਪਿੰਡ ਵਾਲਿਆਂ ਨੇ ਦੱਸਿਆ ਕਿ ਮਿ੍ਰਤਕ ਮੰਗਤ ਰਾਮ ਪਿੰਡ ਦੇ ਹੀ ਇਕ ਵਿਅਕਤੀ ਦੀਆਂ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ ਜਦ ਕਿ ਕਰਤਾਰੀ ਪਿੰਡ ਅਤੇ ਨੇੜਲੇ ਇਲਾਕੇ ਵਿੱਚੋਂ ਮੰਗ ਕੇ ਗੁਜ਼ਾਰਾ ਕਰਦੇ ਸਨ। ਹੁਣ ਵੀ ਉਹ ਲੋਹੜੀ ਮੰਗ ਕੇ ਆਈ ਸੀ ਜਿਸ ਤੇ ਲੁਟੇਰਿਆਂ ਨੇ ਕੁਝ ਕੁ ਪੈਸਿਆਂ ਦੇ ਲਾਲਚ ਕਰਕੇ ਮਾਂ-ਪੁੱਤ ਦਾ ਕਤਲ ਕਰ ਦਿੱਤਾ।
ਪਿੰਡ ਵਾਲਿਆਂ ਨੇ ਪੁਲੀਸ ਨੂੰ ਦੱਸਿਆ ਕਿ ਉਕਤ ਘਰ ਵਿੱਚ ਪਹਿਲਾਂ ਵੀ ਦੋ-ਤਿੰਨ ਵਾਰ ਲੁੱਟਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦੇ ਦੋਸ਼ੀਆਂ ਨੂੰ ਕੁਝ ਜ਼ੁਰਮਾਨਾ ਕਰਕੇ ਪਿੰਡ ਦੇ ਪਤਵੰਤੇ ਲੋਕਾਂ ਵੱਲੋਂ ਛੱਡ ਦਿੱਤਾ ਜਾਂਦਾ ਸੀ। ਇਸ ਵਾਰ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ। ਦੂਜੇ ਪਾਸੇ ਤਫ਼ਤੀਸ਼ ਕਰਨ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਦੋਸ਼ੀ ਪੁਲੀਸ ਹਿਰਾਸਤ ਵਿੱਚ ਹੋਣਗੇ।

Leave a Reply

Your email address will not be published. Required fields are marked *