ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਐਸ.ਏ.ਐਸ ਨਗਰ, 2 ਜੂਨ (ਸ.ਬ.) ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਕੀਤੇ ਲਾਕ ਡਾਊਨ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਸੁੱਕਾ ਰਾਸ਼ਨ ਮੁਹੱਈਆਂ ਕਰਵਾਉਣ ਲਈ ਹੋਂਦ ਵਿੱਚ ਆਈ ਸਮਾਜ ਸੇਵੀ ਸੰਸਥਾ ਫੂਡ ਫਾਰ ਨੀਡੀ ਐਂਡ ਪੂਅਰ ਵਲੋਂ ਅੱਜ ਉਦਯੋਗਿਕ ਖੇਤਰ ਵਿੱਚ ਸਥਿਤ ਜਲ ਘਰ ਵਿਖੇ ਸੀਵਰੇਜ ਦੇ ਗਟਰਾਂ ਦੀ ਸਫਾਈ ਕਰਨ ਵਾਲੇ ਮਜਦੂਰਾਂ ਅਤੇ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੂੰ ਸੁੱਕਾ ਰਾਸ਼ਨ ਵੰਡ ਕੇ ਆਪਣੀ ਇਸ ਮੁਹਿੰਮ ਦੀ ਸਮਾਪਤੀ ਕੀਤੀ ਗਈ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸ੍ਰੀ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 28 ਮਾਰਚ ਨੂੰ ਕੁਝ ਹਮਖਿਆਲ ਵਿਅਕਤੀਆਂ ਵਲੋਂ ਇਹ ਸੰਸਥਾ ਬਣਾਈ ਗਈ ਸੀ ਤਾਂ ਜੋ ਕੋਰੋਨਾ ਕਾਰਨ ਹੋਏ ਲਾਕ ਡਾਊਨ ਦੌਰਾਨ ਲੋੜਵੰਦਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸੁੱਕਾ ਰਾਸ਼ਨ ਪਹੁੰਚਾਇਆ ਜਾ ਸਕੇ| ਉਹਨਾਂ ਕਿਹਾ ਕਿ ਸੰਸਥਾ ਵਲੋਂ ਬੀਤੀ 28 ਮਾਰਚ ਤੋਂ ਲੈ ਕੇ ਹੁਣ ਤੱਕ ਲੱਗਭਗ 8700 ਰਾਸ਼ਨ ਦੇ ਪੈਕਟ (ਜਿਨ੍ਹਾਂ ਵਿੱਚ ਆਟਾ, ਦਾਲ, ਚਾਵਲ, ਸਰੋਂ ਦਾ ਤੇਲ, ਚੀਨੀ, ਚਾਹ ਪੱਤੀ ਅਤੇ ਮਸਾਲੇ ਆਦਿ ਸਮਾਨ ਪਾਇਆ ਗਿਆ) ਵੰਡੇ ਜਾ ਚੁੱਕੇ ਹਨ| ਉਹਨਾਂ ਦੱਸਿਆ ਕਿ ਸੰਸਥਾ ਵਲੋਂ ਫੇਜ਼ 7 ਦੇ ਕਮਿਊਨਿਟੀ ਸੈਂਟਰ ਵਿੱਚ ਆਪਣਾ ਹੈੱਡ ਕੁਆਰਟਰ ਬਣਾਇਆ ਗਿਆ ਸੀ ਜਿੱਥੇ ਰਾਸ਼ਨ ਇੱਕਠਾ ਕਰਕੇ ਵੱਖ-ਵੱਖ ਪੈਕਟਾਂ ਵਿੱਚ ਪੈਕ ਕਰਕੇ ਗੱਡੀਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਸੀ| 
ਉਹਨਾਂ ਕਿਹਾ ਕਿ ਅੱਜ ਸੀਵਰੇਜ ਵਿਭਾਗ ਦੇ ਠੇਕੇ ਤੇ ਕੰਮ ਕਰਦੇ 53 ਕਰਮਚਾਰੀਆਂ ਅਤੇ ਜਲ ਸਪਲਾਈ ਵਿਭਾਗ ਦੇ 60 ਕਰਮਚਾਰੀਆਂ ਨੂੰ ਇਹ ਪੈਕਟ ਦਿੱਤੇ ਗਏ ਹਨ ਅਤੇ ਇਸਦੇ ਨਾਲ ਹੀ ਇਮੀਊਨਿਟੀ ਵਧਾਉਣ ਵਾਲੀ ਹੋਮਿਓਪੈਥੀ ਦਵਾਈ ਆਰਸੈਨਿਕ ਆਲਬ-30 ਦੀ ਖੁਰਾਕ ਦੀਆਂ ਸ਼ੀਸ਼ੀਆਂ ਵੀ ਦਿੱਤੀਆਂ ਗਈਆਂ ਹਨ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਿੰਦਰ ਧਿਮਾਨ, ਕਮਲਪ੍ਰੀਤ ਸਿੰਘ, ਧਰਮਿੰਦਰ ਆਨੰਦ, ਸੁਰਿੰਦਰ ਸਿੰਘ ਚੁੱਗ ਤੋਂ ਇਲਾਵਾ ਐਸ.ਡੀ.ਓ. ਮਨਜੀਤ ਸਿੰਘ ਅਤੇ ਰਮਨਪ੍ਰੀਤ ਸਿੰਘ, ਸੰਦੀਪ ਸਿੰਘ, ਮਨਮੀਤ ਕੁਮਾਰ ਅਤੇ ਆਦਰਸ਼ ਪਾਲ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *