ਲੜਕੀਆਂ ਨੂੰ ਪੜ੍ਹਾ ਲਿਖਾ ਕੇ ਹੀ ਕੀਤੀ ਜਾ ਸਕਦੀ ਹੈ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ: ਸਪਰਾ

ਐਸ ਏ ਐਸ ਨਗਰ, 9 ਸਤੰਬਰ (ਸ.ਬ.) ਲੜਕੀਆਂ ਨੂੰ ਪੜ੍ਹਾ ਲਿਖਾ ਕੇ ਹੀ ਚੰਗੇ ਅਤੇ ਨਰੋਏ ਸਮਾਜਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਅਜੋਕੇ ਯੁੱਗ ਵਿਚ  ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ, ਸਗੋਂ ਬਹੁਤ ਸਾਰੇ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ|  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ  ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 14 ਅਕਤੂਬਰ ਤੱਕ  ਜ਼ਿਲ੍ਹੇ ਵਿਚ ‘ਬੇਟੀ ਬਚਾਓ ਬੇਟੀ ਪੜਾਓ’ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਦਿਆਂ ਆਪਣੇ ਸੰਬੋਧਨ ਵਿੱਚ ਕੀਤਾ|
ਸ੍ਰੀਮਤੀ ਸਪਰਾ ਨੇ ਇਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੇਟੀ ਬਚਾਓ ਬੇਟੀ ਪੜਾਓ ਸੰਹੁ  ਚੁਕਵਾਈ ਜਿਸ ਵਿਚ  ਕਿਹਾ ਗਿਆ ਹੈ ਕਿ ‘ਮੈਂ ਨਾ ਤਾਂ ਕੰਨਿਆਂ ਭਰੂਣ ਹੱਤਿਆ ਕਰਾਂਗਾ/ਕਰਾਂਗੀ ਅਤੇ ਜੇਕਰ ਸਮਾਜ ਵਿਚ ਅਜਿਹਾ ਵਾਪਰਨ ਦੀ ਸੂਚਨਾ ਮਿਲੇਗੀ ਤਾਂ ਇਸ ਸਬੰਧੀ ਸਮਰਥਕ ਅਧਿਕਾਰੀ ਕੋਲ ਸ਼ਿਕਾਇਤ ਕਰਾਂਗਾ/ਕਰਾਂਗੀ ਅਤੇ ਬੇਟੀਆਂ ਨੂੰ              ਬੇਟਿਆਂ ਦੇ ਬਰਾਬਰ ਦਾ ਅਧਿਕਾਰ ਦੇਣ, ਬੇਟੀਆਂ ਨੂੰ ਪੜਾਈ ਲਈ ਬੇਟਿਆਂ ਦੇ ਬਰਾਬਰ ਮੌਕੇ ਦੇਣ, ਦਹੇਜ਼ ਪ੍ਰਥਾ ਦਾ ਡਟ ਕੇ ਵਿਰੋਧ ਕਰਨ, ਬਾਲ ਵਿਆਹ ਦਾ ਵਿਰੋਧ ਅਤੇ ਬੇਟੀ ਬਚਾਓ ਬੇਟੀ ਪੜਾਓ ਦਾ ਹੋਕਾ ਘਰ -ਪਹੁੰਚਾਉਣ ਲਈ ਕੰਮ ਕਰਾਂਗਾ/ਕਰਾਂਗੀ|  ਉਨ੍ਹਾਂ ਇਸ ਮੌਕੇ ਭਰੂਣ ਹੱਤਿਆ ਦੇ ਖਾਤਮੇ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਭਰੂਣ ਹੱਤਿਆ ਪ੍ਰਤੀ ਲੋਕਾਂ ਨੂੰ ਜਾਗਰੂਕ           ਕਰੀਏ|  ਡਿਪਟੀ ਕਮਿਸ਼ਨਰ ਸ੍ਰੀਮਤੀ ਸਪਰਾ ਨੇ ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਪ੍ਰਤੀ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ|
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰ: ਅਮਰਜੀਤ ਸਿੰਘ ਕੌਰੇ ਨੇ ਦੱਸਿਆ ਕਿ  ਜਾਗਰੂਕਤਾ ਮੁਹਿੰਮ ਪਿੰਡ ਪੱਧਰ ਤੇ  ਲੋਕਾਂ ਨੂੰ ਭਰੂਣ ਹੱਤਿਆ ਦੇ ਨਾਲ ਨਾਲ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਜਾਗਰੂਕ ਕਰੇਗੀ|
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ , ਵਧੀਕ ਡਿਪਟੀ (ਵਿਕਾਸ) ਸ੍ਰੀ ਸੰਜੀਵ ਕੁਮਾਰ ਗਰਗ, ਸਿਵਲ ਸਰਜਨ ਡਾ: ਰੀਟਾ ਭਾਰਦਵਾਜ, ਐਸ.ਡੀ.ਐਮ. ਆਰ.ਪੀ. ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਅੰਮ੍ਰਿਤ ਬਾਲਾ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨਿਰਮਲ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਵਪ੍ਰੀਤ ਕੌਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *